

ਆਖ ਰਹੀ ਸੀ।
ਕਸਾਕਾਂ ਨੇ ਬੜਾ ਜ਼ੋਰਦਾਰ ਹਮਲਾ ਕੀਤਾ।
ਫਿਰ ਇੱਕ ਹਰਕਾਰੇ ਨੇ ਸਾਹੋ ਸਾਹ ਹੁੰਦੇ ਨੇ ਆ ਕੇ ਪਿੱਛੇ ਦੀ ਰਿਪੋਰਟ ਦਿੱਤੀ
"ਪੁਲ ਉੱਤੇ ਲੜਾਈ ਹੋ ਰਹੀ ਹੈ। ਸਾਮਾਨ ਵਾਲੀ ਗੱਡੀ ਤੇ ਰੀਫੂਜੀ ਲੜ ਮਰ ਰਹੇ ਨੇ।"
ਕੋਜ਼ੂਖ ਦਾ ਸਾਂਵਲਾ ਚਿਹਰਾ ਨਿੰਬੂ ਵਾਂਗ ਪੀਲਾ ਪੈ ਗਿਆ। ਉਹ ਝੱਟ ਉੱਥੇ ਪਹੁੰਚਿਆ। ਭਗਦੜ ਮੱਚੀ ਵੇਖੀ । ਪਾਗਲਾਂ ਵਾਂਗ ਲੋਕ ਪੁੱਲ ਦੇ ਲਾਗੇ ਕੁਲ੍ਹਾੜੀਆਂ ਨਾਲ ਇੱਕ ਦੂਜੇ ਦੇ ਛਕੜਿਆਂ ਦੇ ਪਹੀਏ ਟੁਕੀ ਵੱਢੀ ਜਾ ਰਹੇ ਸਨ । ਜੋ ਜਿਸ ਦੇ ਹੱਥ ਵਿੱਚ ਸੀ, ਬਾਂਸ, ਕੁਲ੍ਹਾੜੀ, ਡਾਂਗ ਚੁੱਕੀ ਇੱਕ ਦੂਜੇ ਦਾ ਸਿਰ ਪਾੜੀ ਜਾ ਰਿਹਾ ਸੀ। ਭੂਤਾਂ ਦੀ ਜਿਉਂ ਲੜਾਈ ਹੋ ਰਹੀ ਹੋਵੇ ਤੇ ਚੀਖ਼ਾਂ ਵੱਜ ਰਹੀਆਂ ਹੋਣ। ਤੀਵੀਆਂ ਮਰਦ ਸਿਰ ਦੇ ਖੁੱਲ੍ਹੇ ਵਾਲ, ਇੱਕ ਦੂਜੇ ਨਾਲ ਗੁੱਥਮ-ਗੁੱਥਾ ਹੋਏ ਪਏ ਸਨ। ਛੱਕੜੇ ਛੱਕੜਿਆਂ ਵਿੱਚ ਫਸੇ ਪਏ ਸਨ ਤੇ ਘੋੜਿਆਂ ਦੀਆਂ ਟੰਗਾਂ ਇੱਕ ਦੂਜੇ ਵਿੱਚ ਫਸੀਆਂ ਪਈਆਂ ਸਨ। ਬੱਚੇ ਬੁੱਢੇ ਚੀਖੀ ਜਾ ਰਹੇ ਸਨ। ਨਾ ਅੱਗੇ ਸਰਕਨ ਨੂੰ ਥਾਂ ਸੀ, ਨਾ ਪਿੱਛੇ ਹੋਣ ਨੂੰ ਤੇ ਬਗੀਚਿਆਂ ਦੇ ਪਿਛਵਾੜਿਉਂ ਰਟ.. ਟਟ.. ਟਟ... ਦੀ ਲਗਾਤਾਰ ਆਵਾਜ਼ ਆਈ ਜਾ ਰਹੀ ਸੀ।
"ਹਟੇ ਹਟੋ..!" ਜੂਖ ਦੀ ਫ਼ੌਲਾਦੀ ਆਵਾਜ਼ ਕੜਕੀ । ਪਰ ਉਸ ਨੂੰ ਆਪਣੀ ਆਵਾਜ਼ ਵੀ ਨਾ ਸੁਣੀ। ਉਸ ਸਭ ਤੋਂ ਲਾਗਲੇ ਘੋੜੇ ਦੇ ਕੰਨ ਉੱਤੇ ਗੋਲੀ ਮਾਰੀ । ਸਾਰੇ ਕਿਰਸਾਨ ਸੋਟੇ ਚੁੱਕੀ ਵਹਿਸ਼ੀਆਂ ਵਾਂਗ ਉਸ ਵੱਲ ਕੁੱਦ ਪਏ।
"ਤੇਰੇ ਹਰਾਮੀ ਦੀ ਐਸੀ ਤੈਸੀ, ਤੂੰ ਸਾਡੇ ਘੋੜਿਆਂ ਨੂੰ ਗੋਲੀ ਮਾਰੇਗਾ.. ਹੈਂ। ਫੜ ਲਓ ਏਹਨੂੰ... ਲਾਹ ਦਿਓ ਸਿਰ।"
ਕੋਜ਼ੂਖ, ਉਸ ਦਾ ਐਡਜੂਟੈਂਟ ਤੇ ਦੋ ਸਿਪਾਹੀ ਦਰਿਆ ਵਲ ਪਿੱਛੇ ਹਟ ਗਏ ... ਤੇ ਡਾਂਗਾਂ ਸੋਟੇ ਚੁੱਕੀ ਭੀੜ ਉਸ ਨੂੰ ਧੱਕੇ ਮਾਰਦੀ ਗਈ।
"ਇੱਕ ਮਸ਼ੀਨਗੰਨ ਲਿਆਓ ।" ਉਸ ਭਾਰੀ ਆਵਾਜ਼ ਵਿੱਚ ਆਖਿਆ।
ਉਸ ਦਾ ਸਹਾਇਕ ਮੱਛੀ ਵਾਂਗ ਗੱਡਿਆਂ ਤੇ ਘੋੜਿਆਂ ਹੇਠੋਂ ਤਿਲ੍ਹਕਦਾ, ਨਿਕਲ ਗਿਆ । ਝੱਟ ਪਟ ਇੱਕ ਮਸ਼ੀਨਗੰਨ ਤੇ ਸਿਪਾਹੀਆਂ ਦੀ ਪਲਟਨ ਦੌੜਦੀ ਉੱਥੇ ਪਹੁੰਚ ਗਈ।
ਕਿਰਸਾਨ ਭੂਤਰੇ ਸਾਨ੍ਹਾਂ ਵਾਂਗ ਬੇਕਣ ਲੱਗ ਪਏ।
"ਜਾਣ ਨਾ ਦੇਣਾ ਇੱਕ ਨੂੰ ਵੀ ।" ਉਹ ਚੀਖ਼ੇ ਤੇ ਬਾਂਸਾਂ ਸੋਟਿਆਂ ਨਾਲ, ਸਿਪਾਹੀਆਂ ਦੇ ਹੱਥਾਂ ਵਿੱਚ ਚੁੱਕੀਆਂ ਰਫ਼ਲਾਂ ਉੱਤੇ ਟੁਟ ਪਏ। ਸਿਪਾਹੀ, ਜੋ ਆਪਣੇ ਲੋਕਾਂ-ਪਿਉਆਂ, ਮਾਵਾਂ ਤੇ ਬੀਵੀਂਆਂ ਉੱਤੇ ਕਿਸੇ ਹਾਲ ਵੀ ਗੋਲੀ ਨਹੀਂ ਸਨ ਚਲਾ ਸਕਦੇ, ਰਫ਼ਲਾਂ ਪੁੱਠੀਆਂ ਕਰਕੇ ਬੱਟਾਂ ਨਾਲ ਮਾਰਨ ਲੱਗ ਪਏ।
ਕੋਜ਼ੂਖ ਬਿੱਲੀ ਦੀ ਫੁਰਤੀ ਨਾਲ ਛਾਲ ਮਾਰ ਕੇ ਅੱਗੇ ਵੱਧ ਗਿਆ ਤੇ ਮਸ਼ੀਨਗੰਨ ਨੂੰ ਹੱਥ ਪਾਂਦਿਆਂ ਹੀ ਭੀੜ ਉੱਤੇ ਕਈ ਰੌਂਦਾਂ ਦੀ ਉਸ ਵਾਛੜ ਸਿਟ ਦਿੱਤੀ । ਗਲੀਆਂ ਵਿੰਨ੍ਹਦੀਆਂ ਲੰਘ ਗਈਆਂ ਤੇ ਮੌਤ ਦੇ ਖੌਫ਼ ਨੇ ਕਿਰਸਾਨਾਂ ਦੇ ਲੂੰਅ ਖੜ੍ਹੇ ਕਰ ਦਿੱਤੇ।