Back ArrowLogo
Info
Profile

ਉਹ ਪਿੱਛੇ ਹਟ ਗਏ ਤੇ ਬਗੀਚੀਆਂ ਦੇ ਪਿੱਛੋਂ ਲਗਾਤਾਰ ਰਾਟ... ਰਟ... ਰਟ ਗੋਲੀ ਚੱਲਣ ਦੀ ਆਵਾਜ਼ ਆਉਂਦੀ ਰਹੀ।

ਕੋਜੂਖ ਨੇ ਮਸ਼ੀਨਗੰਨ ਤੋਂ ਹੱਥ ਚੁੱਕੇ ਤੇ ਉੱਚੀ ਆਵਾਜ਼ ਨਾਲ ਕਿਰਸਾਨਾਂ ਉੱਤੇ ਲਾਨ੍ਹਤਾਂ ਪਾਣ ਲੱਗ ਪਿਆ। ਅਖੀਰ ਉਹ ਉਸ ਦੇ ਅਧਿਕਾਰ ਅੱਗੇ ਝੁੱਕ ਗਏ। ਪੁੱਲ ਉੱਤੇ ਕਈ ਛੱਕੜਿਆਂ ਦੇ ਪਹੀਏ ਇੱਕ ਦੂਜੇ ਵਿੱਚ ਫਸੇ ਪਏ ਸਨ । ਉਹ ਹੁਕਮ ਦਿੱਤਾ ਕਿ ਇਹਨਾਂ ਨੂੰ ਦਰਿਆ ਵਿੱਚ ਧੱਕ ਦਿਓ। ਉਸ ਦਾ ਹੁਕਮ ਮੰਨ ਲਿਆ ਗਿਆ। ਪੁੱਲ ਸਾਫ਼ ਕਰ ਦਿੱਤਾ ਗਿਆ। ਪੁੱਲ ਦੇ ਲਾਗੇ ਉਸ ਸਿਪਾਹੀਆਂ ਦੀ ਇੱਕ ਪਲਟਨ ਖੜ੍ਹੀ ਕਰ ਦਿੱਤੀ ਤੇ ਉਸ ਦੇ ਸਹਾਇਕ ਬੜੇ ਤਰੀਕੇ ਨਾਲ, ਛੱਕੜਿਆਂ ਨੂੰ ਇੱਕ ਇੱਕ ਕਰਕੇ ਲੰਘਾਣ ਲੱਗ ਪਏ।

ਤਿੰਨ ਤਿੰਨ ਦੀਆਂ ਕਤਾਰਾਂ ਵਿੱਚ, ਛੱਕੜੇ ਤੇ ਉਹਨਾਂ ਦੇ ਪਿੱਛੇ ਬੰਨ੍ਹੀਆਂ ਸਿਰ ਮਾਰਦੀਆਂ ਗਾਂਵਾਂ ਤੇ ਸੂਰਾਂ ਦਾ ਇੱਜੜ ਪੁੱਲ ਦੇ ਫੱਟਿਆਂ ਉੱਤੋਂ ਖੜ ਖੜ ਕਰਦਾ ਲੰਘਣ ਲੱਗ ਪਿਆ। ਕਈ ਥਾਵਾਂ ਉੱਤੋਂ ਫੱਟੇ ਉੱਖੜ ਗਏ ਤੇ ਇਹ ਸਾਰੀ ਅਫੜਾ-ਦਫੜੀ ਦਰਿਆ ਦੀਆਂ ਸੁਕਾਟਾਂ ਵਿੱਚ ਗੁਆਚ ਗਈ।

ਪੁੱਲ ਉੱਪਰ ਤੇ ਦਰਿਆ ਤੋਂ ਪਰੇ ਸਾਮਾਨ ਨਾਲ ਲੱਦੇ ਛਕੜੇ ਆਪਣੇ ਪਿੱਛੇ ਧੂੰ ਮਿੱਟੀ ਘੱਟੇ ਦੇ ਗੁਬਾਰ ਉਡਾਂਦੇ, ਭੱਜੀ ਜਾ ਰਹੇ ਸਨ। ਚੌਰਾਹੇ, ਸੜਕਾਂ ਤੇ ਗਲੀਆਂ ਹੌਲੀ ਹੌਲੀ ਸਭ ਸੱਖਣੀਆਂ ਹੋ ਗਈਆਂ ਤੇ ਇੰਝ ਲੱਗਦਾ ਸੀ ਕਿ ਭਰਿਆ ਪੂਰਿਆ ਪਿੰਡ ਪਲਾਂ ਵਿੱਚ ਉੱਜੜ ਗਿਆ ਹੋਵੇ।

ਕਸਾਕਾਂ ਨੇ, ਦਰਿਆ ਦੇ ਦੁਆਲੇ ਅੱਗਾਂ ਸਿਟਦੇ ਬੰਦੂਕਾਂ ਦੇ ਘੇਰੇ ਵਿੱਚ, ਸਾਰਾ ਪਿੰਡ ਵੱਲ ਲਿਆ। ਹੌਲੀ ਹੌਲੀ ਉਹ ਪਿੰਡ ਦੀਆਂ ਬਗੀਚੀਆਂ ਤੇ ਪੁਲ ਉੱਤੋਂ ਲੰਘਦੇ, ਸਾਮਾਨ ਨਾਲ ਲੱਦੇ ਛੱਕੜਿਆਂ ਉੱਤੇ ਆਪਣਾ ਘੇਰਾ ਤੰਗ ਕਰਦੇ ਗਏ । ਸਿਪਾਹੀ ਆਪਣੇ ਪਿੰਡ ਦੇ ਕੱਖਾਂ ਲਈ ਵੀ, ਮਾਵਾਂ-ਪਿਓਆਂ, ਤੀਵੀਂਆਂ ਤੇ ਬੱਚਿਆਂ ਦੀ ਰਖਵਾਲੀ ਕਰਦੇ ਲੜਦੇ ਰਹੇ। ਉਹ ਬੜੇ ਸਰਫ਼ੇ ਨਾਲ ਗੋਲੀ ਚਲਾ ਰਹੇ ਸਨ ਤੇ ਕੋਈ ਛਰ੍ਹਾ ਬਿਨਾਂ ਕਿਸੇ ਕਸਾਕ, ਜਾਂ ਉਸ ਦੇ ਬੱਚੇ ਦੀ ਲੋਥ ਭੁੰਜੇ ਸਿੱਟੇ ਅਜਾਈਂ ਨਹੀਂ ਸਨ ਜਾਣ ਦਿੰਦੇ।

ਕਸਾਕ ਵਹਿਸ਼ੀਆਂ ਵਾਂਗ, ਰੁੱਖਾਂ, ਵਾੜਾਂ ਤੇ ਝਾੜੀਆਂ ਵਿੱਚੋਂ ਨਿਕਲ ਨਿਕਲ ਕੇ ਬਗੀਚੀਆਂ ਵੱਲ ਵੱਧ ਰਹੇ ਸਨ।

ਦੋਵੇਂ ਧਿਰਾਂ ਇੱਕ ਦੂਜੇ ਕੋਲੋਂ, ਕੁਝ ਕਦਮਾਂ ਦੀ ਵਿੱਥ ਉੱਤੇ ਅੱਪੜ ਚੁੱਕੀਆਂ ਸਨ। ਸਿਪਾਹੀਆਂ ਨੇ ਆਪਣੇ ਕਾਰਤੂਸ ਬਚਾ ਕੇ ਰੱਖਣ ਹਿੱਤ ਗੋਲੀ ਚਲਾਣੀ ਰੋਕ ਦਿੱਤੀ। ਉਹ ਓਹਲਾ ਕਰ ਕੇ ਕਸਾਕਾਂ ਨੂੰ ਵੇਖਣ ਲੱਗ ਪਏ ਤੇ ਕਸਾਕ, ਇਹਨਾਂ ਨੂੰ। ਕਸਾਕਾਂ ਵੱਲੋਂ ਹਵਾ ਵਿੱਚ ਵੋਦਕੇ ਦੀ ਬੋ ਤਰਦੀ ਆ ਕੇ ਇਹਨਾਂ ਦੀਆਂ ਨਾਸਾਂ ਨਾਲ ਛੋਂਹਦੀ ਲੰਘ ਰਹੀ ਸੀ।

"ਕੁੱਤੇ ਨਸ਼ਈ ਹੋਏ ਪਏ ਨੇ ! ਕਾਸ਼ ਕਿ ਕੁਝ ਸਾਡੇ ਅੱਡੇ ਚੜ੍ਹ ਜਾਂਦੇ ।"

ਅਚਾਨਕ, ਕਸਾਕਾਂ ਵੱਲੋਂ ਚਾਂਭਲ ਤੇ ਠੱਠੇ ਭਰੀਆਂ ਆਵਾਜ਼ਾਂ ਇੱਧਰ ਪੁੱਜੀਆਂ-

“ਵੇਖ ਓਏ ਸਾਲਿਆ, ਔਹ ਖੋਮਕਾ ਖਲ੍ਹਤਾ ਹੋਇਆ ਈ।"

ਏਸੇ ਤਰ੍ਹਾਂ ਦੀਆਂ ਗੱਲਾਂ ਦੀ ਭਿਣਕ ਇੱਧਰ ਪਹੁੰਚ ਰਹੀ ਸੀ।

38 / 199
Previous
Next