

ਇੱਕ ਰੁੱਖ ਪਿੱਛ, ਬਿਨਾਂ ਸਾਵਧਾਨੀ ਵਰਤੋ, ਹੈਰਾਨੀ ਵਿੱਚ ਅੱਖਾਂ ਟੱਡੀ ਇੱਕ ਕਸਾਕ ਅੱਗੇ ਨਿਕਲ ਆਇਆ। ਹੂ-ਬ-ਹੂ ਉਸੇ ਵਰਗਾ, ਸਿਪਾਹੀਆਂ ਦੀ ਕਤਾਰ ਵਿੱਚੋਂ ਵੀ ਇੱਕ ਅੱਗੇ ਨੂੰ ਹੋ ਟੁਰਿਆ।
“ਓਏ, ਇਹ ਤੂੰ ਏਂ ਵਾਂਕਾ!" ਸਿਪਾਹੀ ਕੂਕਿਆ।
ਉਹ ਦੋਵੇਂ ਇੱਕ ਪਿੰਡ ਤੇ ਗਲੀ ਦੇ ਸਨ। ਦੁਹਾਂ ਦੀਆਂ ਝੁੱਗੀਆਂ, ਬੈਂਤ ਦੇ ਝਾੜਾਂ ਹੇਠ ਕੋਲ ਕੋਲ ਹੀ ਸਨ। ਸਵੇਰ ਸਾਰ ਜਦ ਚਰਾਂਦ ਵਿੱਚ ਗਾਵਾਂ ਨੂੰ ਲੈ ਕੇ ਜਾਂਦੇ, ਤਾਂ ਵਾੜ ਲਾਗੇ ਖਲ੍ਹ ਕੇ ਉਹਨਾਂ ਦੀਆਂ ਮਾਵਾਂ, ਕਿੰਨਾ ਕਿੰਨਾ ਚਿਰ ਗੱਲੀਂ ਲੱਗੀਆਂ ਰਹਿੰਦੀਆਂ। ਹਾਲਾਂ ਕਲ੍ਹ ਦੀ ਗੱਲ ਸੀ, ਉਹ ਨਿੱਕੇ ਨਿੱਕੇ ਹੁੰਦੇ ਸਨ । ਹੱਥ ਵਿੱਚ ਸੋਟੀਆਂ ਤੇ ਕੁੰਡੀਆਂ ਫੜੀ ਪਿੰਡ ਦੇ ਬਾਹਰ ਛੱਪੜ ਵਿੱਚ ਮੱਛੀਆਂ ਫੜਨ ਜਾਂਦੇ ਸਨ ਤੇ ਕਿੰਨਾ ਕਿੰਨਾ ਚਿਰ ਦੋਵੇਂ ਛਾਲਾਂ ਮਾਰ ਮਾਰ ਕੇ ਨਹਾਉਂਦੇ ਰਹਿੰਦੇ ਸਨ। ਕੁੜੀਆਂ ਨਾਲ ਰਲ ਕੇ ਯੂਕਰੇਨੀਆਂ ਦੇ ਗੀਤ ਗਾਉਂਦੇ ਰਹਿੰਦੇ ਸਨ। ਫਿਰ ਉਹ ਫੌਜ ਵਿੱਚ ਭਰਤੀ ਹੋ ਗਏ ਸਨ ਤੇ ਵਰ੍ਹਦੇ ਗੋਲਿਆਂ ਹੇਠ ਇਕੱਠੇ ਤੁਰਕਾਂ ਨਾਲ ਲੜੇ ਸਨ।
ਤੇ ਅੱਜ...?
ਉਹਨਾਂ ਵਿੱਚੋਂ ਇੱਕ ਚੀਖਿਆ:
“ਓਏ ਉੱਥੇ ਕੀ ਕਰਨ ਡੇਹਿਆ ਏਂ, ਸੂਰਾ ? ਖੋਤੇ ਦੇ ਪੁੱਤਾ, ਬਾਲਸ਼ਵਿਕਾਂ ਡਾਕੂਆਂ ਵਿੱਚ ਕਾਹਨੂੰ ਜਾ ਰਲਿਆ ਏਂ ?"
"ਮੈਂ ਡਾਕੂ ਵਾਂ, ਹੈਂ ਨਾ, ਕਮੀਨਿਆ ? ਤੇਰਾ ਪਿਓ ਸੜ੍ਹਾਂਦਾਂ ਛੱਡਦਾ ਇੱਕ ਕੁਲਕ ਹੁੰਦਾ ਸੀ। ਜਿਉਂਦਿਆਂ ਦੀ ਖੱਲ ਲਾਹੁਣ ਵਾਲਾ, ਤੇ ਤੂੰ ਉਸ ਤੋਂ ਵੱਧ, ਲਹੂ ਪੀਣੀ ਜੋਕ ।"
"ਮੈਂ ਜੋਕ ਵਾਂ, ਹੈਂ ਨਾ, ਤੇ ਤੂੰ।"
ਆਪਣੀ ਰਫ਼ਲ ਭੁੰਜੇ ਸੁੱਟ ਕੇ, ਉਹ ਕੁੱਦ ਕੇ ਅੱਗੇ ਵੱਧਿਆ ਤੇ ਖਮਕਾ ਦੇ ਨੱਕ ਉੱਤੇ ਵੱਟ ਕੇ ਮੁੱਕਾ ਕੱਢ ਮਾਰਿਆ। ਖੋਮਕਾ ਨੇ ਗੁੱਸੇ ਵਿੱਚ ਆਪਣੀ ਬਾਂਹ ਉਲਾਰੀ ਤੇ ਵਾਂਕਾ ਦੀ ਇੱਕ ਅੱਖ ਵਿੱਚ ਤੁੰਨ ਦਿੱਤੀ।
"ਹੈਤ... ਕੁੱਤੀ ਦਾ ਪੁੱਤ! ਲੈ ਹੋ ਅਗਾਂਹ।"
ਹੁਣ ਰੋਹ ਭਰੇ, ਇੱਕ ਦੂਜੇ ਦੇ ਵੱਟ ਕੱਢਣ ਲੱਗ ਪਏ।
ਚਾਂਘਰਾਂ ਮਾਰਦੇ ਕਸਾਕ, ਵਹਿਸ਼ੀਆਂ ਵਾਂਗ ਅੱਖਾਂ ਕੱਢੀ, ਵੋਦਕਾ ਦੀ ਬ ਖਲਾਰਦੇ ਕੁੱਦ ਕੁੱਦ ਅੱਗੇ ਪੈਣ ਲੱਗ ਪਏ। ਸਿਪਾਹੀਆਂ ਨੂੰ ਵੀ ਜਿਉਂ ਮੁਸ਼ਕ ਚੜ੍ਹ ਗਈ। ਉਹਨਾਂ ਨੇ ਵੀ ਰਫ਼ਲਾਂ ਇੱਕ ਪਾਸੇ ਧਰੀਆਂ ਤੇ ਦੋਵੇਂ ਧਿਰਾਂ ਇਉਂ ਮੁੱਕ-ਮੁੱਕਾ ਹੋਣਾ ਲੱਗ ਪਈਆਂ, ਜਿਉਂ ਗੋਲਾ-ਬਰੂਦ ਕਿਸੇ ਵੇਖਿਆ ਹੀ ਨਾ ਹੋਵੇ।
ਕੋਈ ਲੜਾਈ ਵਰਗੀ ਲੜਾਈ ਸੀ ਇਹ! ਸੁੱਜੇ ਮੂੰਹ, ਫਿੱਸੇ ਹੋਏ ਨੱਕ, ਉੱਡੇ ਹੋਏ ਬੁਥਾੜੇ। ਮੁੱਕਿਆਂ ਦੀ ਮਾਰ ਨੇ ਜਬਾੜੇ, ਹੱਡੀਆਂ ਸਭ ਭੰਨ ਕੇ ਰੱਖ ਛੱਡੇ ਸਨ। ਗਾਲ੍ਹਾਂ ਤੇ ਲਾਨ੍ਹਤਾਂ ਦੀ ਬੁਛਾੜ ਨੇ ਸੰਘ ਖੁਸ਼ਕ ਕਰ ਛੱਡੇ ਸਨ ਜਿੰਨ੍ਹਾਂ-ਭੂਤਾਂ ਦੀ ਭੀੜ ਦੀ ਭੀੜ, ਦੰਦ ਕਰੀਰ ਕਰੀਚ ਇੱਕ ਦੂਜੇ ਨਾਲ ਗੁੱਥਮ-ਗੁੱਥਾ ਹੋਈ ਪਈ ਸੀ।