ਇਸ ਪ੍ਰਸਿੱਧ ਨਾਵਲ ਤੋਂ ਛੁੱਟ ਵੀ ਸਰਾਫ਼ੀਮੋਵਿਚ ਨੇ ਕਿੰਨੀਆਂ ਹੀ ਕਹਾਣੀਆਂ ਲਿਖੀਆਂ।
ਮਿਖਾਈਲ ਸ਼ੋਲੋਖੋਵ ਦੇ ਵਿਚਾਰ ਸਨ ਕਿ ਸਰਾਫ਼ੀਮੋਵਿਚ "ਸਹੀ ਅਰਥਾਂ ਵਿੱਚ ਇੱਕ ਕਲਾਕਾਰ ਤੇ ਇੱਕ ਮਹਾਨ ਹਸਤੀ ਸੀ, ਜਿਸ ਦੀਆਂ ਕਿਰਤਾਂ ਸਾਡੇ ਬਹੁਤ ਨੇੜੇ ਦੀਆਂ ਤੇ ਜਾਣੀਆਂ ਪਛਾਣੀਆਂ ਹੋਈਆਂ ਹਨ। ਉਹ ਉਹਨਾਂ ਲੇਖਕਾਂ ਦੀ ਪੀੜ੍ਹੀ ਵਿੱਚੋਂ ਹੈ, ਜਿਨ੍ਹਾਂ ਕੋਲੋਂ ਅਸੀਂ ਨਵੇਂ ਉੱਭਰਦੇ ਲੇਖਕ, ਲਿਖਣਾ ਸਿੱਖਦੇ ਹਾਂ।"
ਸਰਾਫ਼ੀਮੋਵਿਚ ਦਾ ਨਾਵਲ ‘ਫ਼ੌਲਾਦੀ ਹੜ੍ਹ’, ਨਿਰੋਲ ਸੱਚੀਆਂ ਘਟਨਾਵਾਂ ਉੱਤੇ ਅਧਾਰਿਤ ਹੈ—ਕਿਵੇਂ ਤਮਾਨ ਸੈਨਾ, ਈ. ਆਈ. ਕੋਵਤਈ ਯੁਖ (ਕੋਜੂਖ) ਦੀ ਕਮਾਂਡ ਹੇਠ ਉੱਤਰੀ ਕਾਕੇਸ਼ ਵਿੱਚੋਂ ਹੁੰਦੀ ਹੋਈ ਮੁੱਖ ਲਾਲ ਸੈਨਾ ਦੀਆਂ ਫੌਜਾਂ ਨਾਲ (1918 ਦੇ ਹੁਨਾਲ ਵਿੱਚ) ਜਾ ਰਲੀ।
ਦਮਿਤ੍ਰੀ ਫ਼ਰਮਾਨੋਵ ਦੇ ਵਿਚਾਰ ਵਿੱਚ ਜੇ "ਕੁਝ ਘੰਟਿਆਂ ਲਈ ‘ਫ਼ੌਲਾਦੀ ਹੜ੍ਹ' ਦੇ ਵਰਕਿਆਂ ਵਿੱਚ ਗੋਤਾ ਮਾਰ ਜਾਓ ਤਾਂ ਇੰਝ ਲੱਗਦਾ ਹੈ, ਜਿਵੇਂ ਪੂਰਾ ਇਨਕਲਾਬ ਅੱਖਾਂ ਸਾਹਮਣੇ ਸਾਕਾਰ ਹੋ ਉੱਠਿਆ ਹੈ।"
ਹਿਟਲਰੀ ਜਰਮਨੀ ਦੇ ਵਿਰੁੱਧ ਸੋਵੀਅਤ ਸੰਘ ਦੀ ਮਹਾਨ ਦੇਸ਼-ਭਗਤੀਪੂਰਨ ਜੰਗ ਦੇ ਸਮੇਂ ਆਪਣੀ 80 ਸਾਲ ਦੀ ਉਮਰ ਦੇ ਬਾਵਜੂਦ ਸੇਰਾਫ਼ੀਮੋਵਿਚ ਜੰਗ ਦੇ ਮੋਰਚੇ 'ਤੇ ਗਏ ਅਤੇ ਇਸ ਜੰਗ ਵਿੱਚ ਰੂਸੀ ਯੋਧਿਆਂ ਦੀਆਂ ਜਿੱਤਾਂ ਤੇ ਪ੍ਰਾਪਤੀ ਬਾਰੇ ਕਹਾਣੀਆਂ ਤੇ ਲੇਖ ਲਿਖਦੇ ਰਹੇ।
ਸੇਰਾਫ਼ੀਮੋਵਿਚ ਦਾ ਸਾਹਿਤ ਪਾਠਕ ਨੂੰ ਉਹਨਾਂ ਦੇ ਨਿਹਚਾਪੂਰਨ ਤੇ ਹਮਦਰਦੀਪੂਰਨ ਲੇਖਣੀ ਦੀ ਪੂਰੀ ਜਾਣਕਾਰੀ ਦਿੰਦਾ ਹੈ। ਆਪਣੀਆਂ ਲਿਖਤਾਂ ਬਾਰੇ ਉਹ ਖ਼ੁਦ ਕਹਿੰਦੇ ਸਨ:
"... ਸਾਹਿਤ ਵਿੱਚ ਸੱਚ ਦੀ ਕਸੌਟੀ 'ਤੇ ਜੋ ਖਰਾ ਨਾ ਉੱਤਰੇ, ਉਸ ਤੋਂ ਮੈਨੂੰ ਸਦਾ ਨਫ਼ਰਤ ਰਹੀ ਹੈ।”
ਅਲੈਗਜ਼ਾਂਦਰ ਸੇਰਾਫ਼ੀਮੋਵਿਚ ਦੀ ਮੌਤ 1949 ਵਿੱਚ ਹੋਈ।