ਵਿਚ ਲਿਖਿਆ ਹੋਇਆ ਸੀ- ਗੁਰੂ ਨਾਨਕ ਗੌਰਮਿੰਟ ਡਿਗਰੀ ਕਾਲਜ ਨਨਕਾਣਾ ਸਾਹਿਬ। ਅੰਦਰ ਲੰਘਿਆ। ਕੋਈ ਦਿੱਸਿਆ ਨਹੀਂ। ਚੌਕੀਦਾਰ ਨੇ ਸਲਾਮਾਲੇਕਮ ਆਖਿਆ ਤੇ ਕਿਹਾ- ਜੀ ਖਿਦਮਤ? ਮੈਂ ਕਿਹਾ, ਕੋਈ ਪ੍ਰੋਫੈਸਰ ਨਹੀਂ ? ਉਸ ਨੇ ਕਿਹਾ- ਹਨ। ਇਮਤਿਹਾਨ ਹੋ ਰਹੇ ਹਨ। ਡਿਊਟੀਆਂ ਤੇ ਹਨ। ਕੰਮ ਹੈ ਤਾਂ ਜਿਸ ਨੂੰ ਕਹੇ ਬੁਲਾ ਲਿਆਉਂਦਾ ਹਾਂ। ਮੈਂ ਕਿਹਾ- ਕੰਮ ਤਾਂ ਕੋਈ ਨਹੀਂ। ਘੰਟੇ ਨੂੰ ਫੇਰ ਆ ਜਾਵਾਂਗਾ ਪੰਜ ਵਜੇ। ਵਾਪਸ ਤੁਰ ਪਿਆ। ਇਕ ਸਾਢੇ ਛੇ ਫੁੱਟ ਲੰਮਾ 65-70 ਸਾਲ ਦਾ ਬਜੁਰਗ ਸਲਵਾਰ ਕਮੀਜ ਦਸਤਾਰ ਪਹਿਨੀ ਮੇਰੇ ਵਲ ਤੇਜ਼ੀ ਨਾਲ ਆਇਆ। ਸਰਦਾਰ ਜੀ ਸੱਤ ਸ੍ਰੀ ਅਕਾਲ। ਪਰਤ ਕਿਉਂ ਚਲੇ ? ਮੈਂ ਤੁਹਾਨੂੰ ਦੇਖਿਆ ਤਾਂ ਲੇਬਰ ਦੀ ਛੁੱਟੀ ਕਰ ਦਿੱਤੀ। ਮੈਂ ਠੇਕੇਦਾਰ ਹਾਂ। ਮੁੰਡਿਆਂ ਲਈ ਹੋਸਟਲ ਬਣਾ ਰਿਹਾ ਹਾਂ। ਆਉ ਇਧਰ ਬੈਠੀਏ। ਗੱਲਾਂ ਕਰਾਂਗੇ। ਦੋ-ਤਿੰਨ ਕੁਰਸੀਆਂ ਮੰਗਵਾ ਲਈਆਂ। ਕੋਈ ਮਜ਼ਦੂਰ ਛੁੱਟੀ ਕਰਕੇ ਘਰ ਨਹੀਂ ਗਿਆ, ਸਾਰੇ ਸਾਡੇ ਇਰਦ-ਗਿਰਦ ਜ਼ਮੀਨ ਉਪਰ ਬੈਠ ਗਏ। ਗੱਲਾਂ ਦੌਰਾਨ ਮੈਂ ਪੁੱਛਿਆ- ਗੁਰਦੁਆਰਾ ਸਾਹਿਬ ਦੇ ਨਾਮ ਕਿੰਨੀ ਜ਼ਮੀਨ ਹੈ ਇਥੇ ? ਉਸ ਨੇ ਕਿਹਾ- ਜੀ ਕਿਉਂ ਪੁੱਛੀ ਇਹ ਗੱਲ? ਰਹਿਣ-ਸਹਿਣ ਖਾਣ- ਪੀਣ ਵਿਚ ਕੋਈ ਦਿੱਕਤ ਆਈ? ਮੈਂ ਕਿਹਾ- ਨਹੀਂ। ਕੋਈ ਕਮੀ ਨਹੀਂ ਰਹੀ। ਇਹ ਮੇਰੇ ਬਾਬੇ ਦਾ ਜਨਮ ਸਥਾਨ ਹੈ ਨਾ। ਇਸ ਵਾਸਤੇ ਕੀ ਮੇਰਾ ਫਿਕਰਮੰਦ ਹੋਣ ਦਾ ਹੱਕ ਨਹੀਂ? ਉਸ ਨੇ ਕਿਹਾ- ਬਿਲਕੁਲ ਨਹੀਂ। ਫਿਕਰ ਕਰਨ ਦਾ ਹੱਕ ਵੱਡਿਆਂ ਦਾ ਹੈ। ਸਾਡਾ ਤੁਹਾਡਾ ਹੱਕ ਬੰਦਗੀ ਕਰਨ ਦਾ ਹੈ। ਹਜ਼ਰਤ ਬਾਬਾ ਨਾਨਕ ਅਲਹਿ ਸਲਾਮ ਸਾਡਾ ਫਿਕਰ ਕਰਦਾ ਹੈ।
ਮੈਂ ਕਿਹਾ- ਦਰੁਸਤ। ਅੱਛਾ ਇਹ ਦੱਸੋ ਕਿ ਜਾਣਨ ਦਾ ਹੱਕ ਤਾਂ ਹੈ? ਉਸ ਨੇ ਕਿਹਾ, ਹਾਂ। ਜਾਣਨ ਦਾ ਹੱਕ ਹੈ। ਸਾਢੇ ਸੱਤ ਸੌ ਮੁਰੱਬਾ ਜ਼ਮੀਨ ਗੁਰਦੁਆਰੇ ਦੇ ਨਾਮ ਹੈ। ਫਿਰ ਮੈਂ ਪੁੱਛਿਆ- ਕੀ ਮਹਾਰਾਜਾ ਰਣਜੀਤ ਸਿੰਘ ਨੇ ਲੁਆਈ ਸੀ ਇਹ ਜ਼ਮੀਨ ? ਠੇਕੇਦਾਰ ਨੇ ਕਿਹਾ- ਬਿਲਕੁਲ ਨਹੀਂ। ਇੰਨੀ ਜ਼ਮੀਨ ਕਿਸੇ ਗੁਰਦੁਆਰੇ ਦੇ ਨਾਮ ਮਹਾਰਾਜੇ ਨੇ ਨਹੀਂ ਲੁਆਈ। ਇਹ ਸਾਡੇ ਭੱਟੀਆਂ ਦੇ ਸਰਦਾਰ ਨੇ ਲੁਆਈ ਸੀ। ਮੈਂ ਫਿਰ ਪੁੱਛਿਆ- ਭੱਟੀਆਂ ਦਾ ਸਰਦਾਰ ਕੌਣ? ਉਸ ਨੇ ਕਿਹਾ ਭੱਟੀਆਂ ਦੇ ਸਰਦਾਰ ਨੂੰ ਨਹੀਂ ਜਾਣਦੇ? ਇਥੇ ਪੰਜਾਹ ਪਿੰਡਾਂ ਵਿਚ ਬੱਚੇ-ਬੱਚੇ ਨੂੰ ਉਸ ਦਾ ਤੇ ਬਾਬੇ ਦੇ ਨਾਮ ਦਾ ਪਤਾ ਹੈ। ਉਸ ਦਾ ਨਾਮ ਸੀ ਰਾਇ ਬੁਲਾਰ ਖ਼ਾਨ ਸਾਹਿਬ। ਇਥੇ ਬੜੇ ਪਿੰਡ ਹਨ ਜੀ ਭੱਟੀਆਂ ਦੇ। ਤੁਸਾਂ ਨਹੀਂ ਸਰਦਾਰ ਦਾ ਨਾਮ ਸੁਣਿਆ? ਮੈਂ ਕਿਹਾ- ਇਸ ਸਰਦਾਰ ਦਾ ਨਾਮ ਤਾਂ ਸਾਡੇ ਕਣ-ਕਣ ਵਿਚ ਰਸਿਆ ਹੋਇਆ ਹੈ ਭਰਾ, ਪਰ ਮੈਨੂੰ ਇਹ ਨਹੀਂ ਸੀ ਪਤਾ ਕਿ ਰਾਇ ਸਾਹਿਬ ਭੱਟੀ ਸਨ।
ਠੇਕੇਦਾਰ ਨੇ ਕਿਹਾ- ਜੀ ਅਸੀਂ ਭੱਟੀ, ਆਮ ਨਹੀਂ ਹਾਂ। ਮੈਂ ਵੀ ਭੱਟੀ ਆ। ਸਾਰਿਆਂ ਜਹਾਨਾਂ ਦੇ ਮਾਲਕ ਗੁਰੂ ਬਾਬੇ ਨੂੰ ਸਭ ਤੋਂ ਪਹਿਲਾਂ ਸਾਡੇ ਸਰਦਾਰ ਨੇ ਪਛਾਣਿਆ ਸੀ। ਇਕ ਕੋਹਿਨੂਰ ਦੀ ਸ਼ਨਾਖਤ ਕਰ ਲਈ ਸੀ ਭੱਟੀ