ਸਰਦਾਰ ਨੇ, ਉਦੋਂ ਹੀ, ਜਦੋਂ ਉਹ ਬਚਪਨ ਵਿਚ ਸੀ। ਹੁਣ ਸੁਣੇ ਜ਼ਮੀਨ ਦੇਣ ਦੀ ਗੱਲ। ਰਾਇ ਬੁਲਾਰ ਖਾਨ ਪੰਦਰਾਂ ਸੌ ਮੁਰੱਬਿਆਂ ਦਾ ਤਕੜਾ ਰਈਸ ਅਤੇ ਖੁੱਦਦਾਰ ਇਨਸਾਨ ਸੀ, ਪਰ ਸੀ ਨੇਕੀ ਦਾ ਮੁਜਸਮਾ। ਬਾਬਾ ਜੀ ਦਾ ਕਦਰਦਾਨ ਸੀ ਪੂਰਾ। ਉਸ ਦੀ ਉਮਰ ਚਾਲੀਆਂ ਤੋਂ ਟੱਪ ਚਲੀ ਪਰ ਔਲਾਦ ਨਹੀਂ ਸੀ। ਦੱਸਦੇ ਨੇ ਪਈ ਘੋੜੇ ਤੇ ਸਵਾਰ ਹੋ ਕੇ ਮੁਰੱਬਿਆਂ ਦਾ ਦੌਰਾ ਕਰਨ ਗਿਆ। ਗੁਰੂ ਬਾਬੇ ਦੀ ਉਮਰ 12-13 ਸਾਲ ਹੋਏਗੀ। ਬਾਬਾ ਮੱਝਾਂ ਚਾਰ ਰਿਹਾ ਸੀ। ਰਾਇ ਸਾਹਿਬ ਘੋੜੇ ਤੋਂ ਉਤਰੇ। ਜੋੜੇ ਉਤਾਰੇ। ਬਾਬਾ ਜੀ ਦੇ ਨਜ਼ਦੀਕ ਹੱਥ ਜੋੜ ਕੇ ਖਲੋ ਗਏ ਤੇ ਕਿਹਾ- ਬਾਬਾ ਮੇਰੀ ਮੁਰਾਦ ਪੂਰੀ ਕਰ।
ਲਉ ਜੀ ਮੇਰੀਆ ਅੱਖਾਂ ਸਾਹਮਣੇ ਜਨਮ ਸਾਖੀ ਦਾ ਇਹ ਦ੍ਰਿਸ਼ ਪੂਰਾ ਘੁੰਮ ਗਿਆ। ਮੈਂ ਜਾਣਦਾ ਸਾਂ ਕਿ ਇਹ ਘਟਨਾ ਵਾਪਰੀ ਸੀ। ਠੇਕੇਦਾਰ ਨੇ ਅੱਗੇ ਦੱਸਿਆ- ਜੀ ਕਦੀ ਬਾਲ ਘਰ ਵਿਚ ਖੇਡੇ, ਇਹ ਮੁਰਾਦ ਮਨ ਵਿਚ ਲੇ ਕੇ ਅਰਜ਼ ਗੁਜ਼ਾਰਨ ਗਏ ਸਨ। ਬਾਬਾ ਜੀ ਨੇ ਅਸੀਸਾਂ ਦਿੱਤੀਆਂ ਅਤੇ ਕਿਹਾ- ਰਾਇ ਤੁਸਾਂ ਦੀ ਮੁਰਾਦ ਪੂਰੀ ਹੋਈ, ਸ਼ੱਕ ਨਾਂ ਕਰਨਾ।
ਸਾਲ ਬਾਅਦ ਰਾਇ ਸਾਹਿਬ ਦੇ ਘਰ ਬੇਟੇ ਦਾ ਜਨਮ ਹੋਇਆ। ਸਰਦਾਰ ਏਨਾ ਖੁਸ਼ ਕਿ ਦਾਅਵਤ ਦਿੱਤੀ ਬੜੀ ਵੱਡੀ। ਜੀ ਨਵਾਬ ਸਾਹਿਬ ਖੁਦ ਆਏ ਸਨ ਦੌਲਤ ਖਾਨ ਸਾਹਿਬ, ਇਸ ਜਸ਼ਨ ਵਿਚ ਬਿਰਕਤ ਕਰਨ। ਪਿੰਡਾਂ ਦੇ ਪਿੰਡ ਆਣ ਉਤਰੇ ਸਨ। ਇਸ ਭਾਰੀ ਇਕੱਠ ਵਿਚ ਸ਼ੁਕਰਾਨਾ ਕਰਨ ਮਗਰੋਂ ਰਾਇ ਸਾਹਿਬ ਨੇ ਆਪਣੀ ਅੱਧੀ ਜ਼ਮੀਨ ਹਜ਼ਰਤ ਬਾਬਾ ਨਾਨਕ ਦੇ ਨਾਮ ਇੰਤਕਾਲ ਤਬਦੀਲ ਕਰ ਦੇਣ ਦਾ ਐਲਾਨ ਕੀਤਾ। ਸੋ ਉਦੋਂ ਸਾਢੇ ਸੱਤ ਸੋ ਮੁਰੱਬੇ ਬਾਬਾ ਜੀ ਦੇ ਨਾਮ ਹੋਏ ਜੋ ਹੁਣ ਤਕ ਤੁਰੇ ਆਵਦੇ ਹਨ। ਪੰਦਰਾਂ ਕੁ ਸਾਲ ਪਹਿਲਾਂ ਸਾਡੇ ਖਿਆਲ ਵਿਚ ਇਹ ਗੱਲ ਆਈ ਪਈ ਮਾਲਕ ਅਸੀਂ, ਕਾਬਜ਼ ਅਸੀਂ, ਕਾਸ਼ਤਕਾਰ ਅਸੀਂ ਪਰ ਨਾਮ ਸਾਡਾ ਮਾਲ ਰਿਕਾਰਡ ਵਿਚ ਬੋਲਦਾ ਨਹੀਂ। ਅਸੀਂ ਇਸ ਜ਼ਮੀਨ ਉਪਰ ਨਜ਼ਾਇਜ ਕਬਜੇ ਪੁਸ਼ਤਾਂ ਤੋਂ ਕੀਤੇ ਹੋਏ ਹਨ। ਦੋ ਕੁ ਸੋ ਕਿੱਲੇ ਜ਼ਮੀਨ ਬਚੀ ਹੋਈ ਹੈ ਗੁਰਦਵਾਰੇ ਦੇ ਕਬਜ਼ੇ ਵਿਚ। ਬਾਕੀ ਦੀ ਭੱਟੀ ਵਾਹੁੰਦੇ ਬੀਜਦੇ ਹਨ। ਅਸੀਂ ਸ਼ੇਖਪੁਰੇ ਅਦਾਲਤ ਵਿਚ ਮੁਕੱਦਮਾ ਦਾਇਰ ਕਰ ਦਿੱਤਾ ਕਿ ਪਿਛਲੀ ਉਮਰੇ ਸਾਡੇ ਬਜ਼ੁਰਗਾਂ ਦੇ ਬਜ਼ੁਰਗ ਰਾਇਬੁਲਾਰ ਸਾਹਿਬ ਦਾ ਦਿਮਾਗ ਹਿੱਲ ਗਿਆ ਸੀ। ਉਸ ਨੇ ਅੱਧੀ ਜ਼ਮੀਨ ਇਕ ਫਕੀਰ ਨਾਨਕ ਦੇ ਨਾਮ ਕਰਵਾ ਦਿੱਤੀ ਪਰ ਉਸ ਦੇ ਹੱਕਦਾਰ ਅਸੀਂ ਹਾਂ। ਕਾਬਜ਼ ਕਾਸ਼ਤਕਾਰ ਵੀ ਖੁਦ ਹਾਂ। ਸਾਡੇ ਨਾਮ ਇੰਤਕਾਲ ਤਬਦੀਲ ਹੋਵੇ। ਲਉ ਜੀ ਤਲਬੀਆਂ ਇਤਲਾਹਾਂ, ਰਿਕਾਰਡ, ਬਹਿਸਾਂ ਸਭ ਹੋ ਗਈਆਂ। ਚਾਰ ਸਾਲ ਮੁਕੱਦਮੇ ਦੀ ਕਾਰਵਾਈ ਚੱਲੀ। ਫੈਸਲੇ ਦੀ ਤਰੀਕ ਆਈ ਤਾਂ ਫ਼ੈਸਲਾ ਸਾਡੇ ਖਿਲਾਫ। ਇੰਤਕਾਲ ਤਬਦੀਲ ਨਹੀਂ ਹੋ ਸਕਦਾ। ਅਸੀਂ ਲਾਹੌਰ ਹਾਈਕੋਰਟ ਵਿਚ ਅਪੀਲ ਦਾਇਰ ਕਰ ਦਿੱਤੀ। ਤਿੰਨ ਚਾਰ ਸਾਲ ਉਥੇ ਸੁਣਵਾਈ ਹੁੰਦੀ ਰਹੀ। ਜੱਜਮੇਂਟ ਹੋਈ, ਇੰਤਕਾਲ ਤਬਦੀਲ ਨਹੀਂ ਹੋ ਸਕਦਾ। ਅਪੀਲ ਖਾਰਜ, ਦਾਖ਼ਲ ਦਫਤਰ।