Back ArrowLogo
Info
Profile

ਭਾਈ ਮਰਦਾਨਾ ਜੀ

ਜਿਸ ਸੰਗੀਤਕਾਰ ਦੀ ਤੁਸੀਂ ਤਸਵੀਰ ਦੇਖ ਰਹੇ ਹੋ, ਇਹ ਭਾਈ ਮਰਦਾਨਾ ਜੀ ਦੀ ਨਹੀਂ ਹੈ। ਸਾਜਿੰਦੇ ਦੇ ਹੱਥਾਂ ਵਿਚ ਫੜਿਆ ਸਾਜ਼ ਰਬਾਬ ਨਹੀਂ ਸਾਰੰਗੀ ਹੈ। ਮੇਰਾ ਯਕੀਨ ਹੈ ਕਿ ਸਰ ਜੀ.ਐਸ. ਠਾਕਰ ਸਿੰਘ ਨੇ 1964 ਵਿਚ ਜਦੋਂ ਇਹ ਪੇਂਟਿੰਗ ਤਿਆਰ ਕੀਤੀ ਸੀ, ਤਦ ਬੁਰਸ਼ ਚਲਾਉਂਦਿਆਂ ਉਨ੍ਹਾਂ ਨੂੰ ਭਾਈ ਮਰਦਾਨਾ ਜੀ ਦੀ ਰਬਾਬ ਦੀਆਂ ਕੁਝ ਮਹੀਨ ਧੁਨਾਂ ਇਨਾਮ ਵਜੋਂ ਸੁਣਨ ਨੂੰ ਮਿਲੀਆਂ। ਪਾਠਕ ਜਦੋਂ ਅਸਲ ਪੇਂਟਿੰਗ (20 28") ਦੇਖਣਗੇ ਤਦ ਉਹ ਮੇਰੇ ਨਾਲ ਸਹਿਮਤ ਹੋ ਜਾਣਗੇ। ਪੇਂਟਿੰਗ ਹੇਠਾਂ ਲਿਖਿਆ ਹੈ- "ਇਲਾਹੀ ਧੁਨ"। ਅੱਗੇ ਲਿਖਿਆ ਹੈ "ਜੋ ਭੀੜਾਂ ਲਈ ਨਹੀਂ, ਆਪਣੇ ਆਪ ਲਈ ਗਾਉਂਦਾ ਹੈ।" ਦੂਰ ਪਿੱਛੇ ਇਕ ਗੁੰਬਦ ਹੈ। ਜਿਸ ਜ਼ਮੀਨ ਉਪਰ ਸਾਰੰਗੀ ਵਾਦਕ ਖਲੋਤਾ ਹੈ, ਪਥਰੀਲੀ ਹੈ। ਪਰ ਚੱਟਾਨਾਂ ਹਨ ਕਿ ਪੰਘਰ ਕੇ ਪਾਣੀ ਹੋ ਰਹੀਆਂ ਦਿਸਦੀਆਂ ਹਨ। ਦਰਜਾ ਅਤੇ ਦਰਾੜਾ ਲਹਿਰਾਂ ਵਿਚ ਵਟ ਰਹੀਆਂ ਹਨ।

ਸਕੂਲ ਵਿਚ ਪੜ੍ਹਦੇ ਸ਼ਾਸਤਰੀ ਗਾਇਨ ਸਿੱਖਣ ਵਾਲੇ ਕੁੱਝ ਬੱਚਿਆਂ ਨੂੰ ਮੈਂ ਮਿਲਿਆ ਤੇ ਪੁੱਛਿਆ, "ਜਦੋਂ ਮੈਂ ਤੁਹਾਡੇ ਜਿੱਡਾ ਸਾਂ, ਦਿਲ ਕਰਦਾ ਸੀ ਲੇਖਕ ਬਣਾ। ਇਵੇਂ ਤੁਹਾਡੇ ਕੁੱਝ ਜਮਾਤੀ ਬੱਚੇ ਚਿੱਤਰਕਾਰੀ ਸਿੱਖ ਰਹੇ ਹਨ। ਤੁਸੀਂ ਸੰਗੀਤ ਸਿੱਖਣ ਦੀ ਗੱਲ ਕਿਉਂ ਸੋਚੀ? ਇੱਕ ਨੇ ਕਿਹਾ, "ਲੇਖਕ ਅਤੇ ਚਿਤਰਕਾਰ, ਜੇ ਚਾਹੁਣ ਤਾਂ ਆਪਣੇ ਹੁਨਰ ਦੀ ਸਹਾਇਤਾ ਨਾਲ ਕਿਸੇ ਦਾ ਦਿਲ ਦੁਖਾ ਸਕਦੇ ਹਨ, ਮਜ਼ਾਕ ਉਡਾ ਸਕਦੇ ਹਨ, ਝੂਠ ਬੋਲ ਸਕਦੇ ਹਨ। ਸਾਜ਼ ਅਜਿਹਾ ਨਹੀਂ ਕਰਦੇ। ਸੰਗੀਤਕਾਰ ਚਾਹੇ ਤਾਂ ਵੀ ਨਹੀਂ। ਕੋਈ ਸਾਜਿੰਦਾ ਵੱਡਾ ਹੋ ਕੋਈ ਛੋਟਾ ਠੀਕ, ਪਰ ਸੰਗੀਤ ਸੱਟ ਨਹੀਂ ਮਾਰਦਾ, ਹੱਤਕ ਨਹੀਂ ਕਰਦਾ, ਝੂਠ ਨਹੀਂ ਬੋਲਦਾ। ਇਹ ਸਭ ਨੂੰ ਪਿਆਰੀਆਂ ਤਸੱਲੀਆਂ ਦਿੰਦਾ ਹੈ।"

ਮੈਂ ਕਲਾਸ ਰੂਮ ਵਿਚ ਸੰਗੀਤ ਅਧਿਆਪਕ ਨੂੰ ਕਿਹਾ, "ਅੱਜ ਕੱਲ੍ਹ ਬੱਚੇ ਤਕੜੇ ਗੱਪੀ ਹੋ ਗਏ ਹਨ। ਨੰਬਰ ਵੱਧ ਲੈਣ ਦੀ ਲਾਲਸਾ ਨਾਲ ਸੰਗੀਤ ਪੜ੍ਹਦੇ ਹਨ ਪਰ ਗੱਲਾਂ ਵੱਡੀਆਂ-ਵੱਡੀਆਂ ਸੁਣਾਉਂਦੇ ਹਨ।" ਅਧਿਆਪਕ ਨੇ ਕਿਹਾ, "ਜਿਸ ਬੱਚੇ ਨਾਲ ਤੁਸੀਂ ਗੱਲ ਕੀਤੀ ਉਹ ਵਿਗਿਆਨ ਦਾ ਵਿਦਿਆਰਥੀ ਹੈ ਅਤੇ ਉਸ ਨੇ ਫ਼ੈਸਲਾ ਕੀਤਾ ਹੋਇਆ ਹੈ ਕਿ ਸੰਗੀਤ ਨੂੰ ਕਦੀ ਸਲੇਬਸ ਦੇ ਵਿਸ਼ੇ ਵਜੋਂ ਨਹੀਂ ਲਵੇਗਾ।"

111 / 229
Previous
Next