Back ArrowLogo
Info
Profile

ਦੋਵੇਂ ਬਾਬਾ ਜੀ ਪਾਸ ਆਏ। ਪ੍ਰਸੰਨ-ਚਿੱਤ ਹੋ, ਬਾਬੇ ਨੇ ਭਾਈ ਜੀ ਨੂੰ ਰਬਾਬ ਵਜਾਉਣ ਲਈ ਕਿਹਾ। ਭਾਈ ਨੇ ਕਿਹਾ, "ਜੀ ਥਾਂਟ ਬਣਾ ਲਵਾਂ।" ਬਾਬੇ ਨੇ ਕਿਹਾ, "ਆਪੇ ਬਣਦੇ ਰਹਿਣਗੇ ਬਾਂਟ। ਸ਼ੁਰੂ ਤਾਂ ਕਰੋ।" ਮਰਦਾਨੇ ਨੇ ਅੱਲਾਹ ਦਾ ਨਾਮ ਲੈ ਕੇ ਰਬਾਬ ਦਾ ਵਾਦਨ ਸ਼ੁਰੂ ਕੀਤਾ ਤਾਂ ਹਾਜ਼ਰ ਸਭ ਲੋਕਾਂ ਉਪਰ ਵਿਸਮਾਦ ਤਾਰੀ ਹੋਇਆ। ਬਾਬਾ ਜੀ ਨੇ ਪ੍ਰਸੰਨ ਹੋ ਕੇ ਭਾਈ ਮਰਦਾਨਾ ਜੀ ਨੂੰ ਅਸੀਸ ਦਿੱਤੀ, "ਤੁਸਾਂ ਨੂੰ ਭਾਈ ਤਾਰ ਦਾ ਗੁਣ ਬਖਸਿਆ। ਇਹ ਅੱਗੇ ਵੇਚਣਾ ਨਾਹੀਂ। ਕੇਸਾਂ ਦੀ ਬੇਅਦਬੀ ਨਹੀਂ ਕਰਨੀ। ਅੰਮ੍ਰਿਤ ਵੇਲੇ ਉਠ ਕੇ ਬੰਦਗੀ ਕਰਨੀ ਤੇ ਦਰ ਆਏ ਸਵਾਲੀ ਨੂੰ ਨਿਰਾਸ ਨਹੀਂ ਮੋੜਨਾ।"

ਅਗਲੇ ਦਿਨ ਬਾਬੇ ਨੇ ਭਾਈ ਮਰਦਾਨਾ ਜੀ ਨੂੰ ਪਰਦੇਸ ਚੱਲਣ ਲਈ ਕਿਹਾ ਤਾਂ ਉਹ ਪਿਛਲਿਆਂ ਦਾ ਫ਼ਿਕਰ ਮੁੜ ਕਰਨ ਲੱਗੇ। ਬਾਬੇ ਕਹਿਆ, "ਠੀਕ ਹੇ ਭਾਈ ਜੀ। ਤਲਵੰਡੀ ਵਿਚ ਖੁਸ਼ੀਆਂ ਹਨ। ਖੇੜੇ ਹਨ, ਮੌਜਾਂ ਹਨ। ਸਾਡੇ ਪਾਸ ਨੰਗ ਭੁੱਖ ਹਾਈ। ਜਾਓ ਭਾਈ। ਤੁਸੀਂ ਤਲਵੰਡੀ ਜਾਉ। ਬੇਬੇ ਨੂੰ ਦੱਸ ਜਾਵਣਾ।"

ਭਾਈ ਮਰਦਾਨਾ ਬੀਬੀ ਨਾਨਕੀ ਜੀ ਦੇ ਘਰ ਗਏ। ਦੱਸਿਆ ਕਿ ਬਾਬਾ ਦੂਰ ਦੇਸੀ ਚੱਲਿਆ ਹੈ ਤੇ ਵਰ੍ਹਿਆਂ ਬਾਅਦ ਪਰਤੇਗਾ। ਫਿਰ ਦੱਸਿਆ ਕਿ ਮੇਂ ਵਾਪਸ ਤਲਵੰਡੀ ਚੱਲਿਆ ਹਾਂ। ਬੀਬੀ ਦੀਆਂ ਅੱਖਾਂ ਵਿਚੋਂ ਹੰਝੂਆਂ ਦੀਆਂ ਧਾਰਾਂ ਵਗ ਪਈਆਂ। ਉਨ੍ਹਾਂ ਦਾ ਆਪਣੇ ਆਪ ਉਪਰ ਕਾਬੂ ਨਾ ਰਿਹਾ। ਪਤੀ ਭਾਈ ਜੇਰਾਮ ਜੀ ਨੂੰ ਪਤਾ ਲੱਗਾ ਤਾਂ ਉਹ ਕਚਹਿਰੀ ਵਿਚੋਂ ਘਰ ਆ ਗਏ। ਇਸ ਪ੍ਰਕਾਰ ਦੀ ਹਾਲਤ ਦੇਖ ਕੇ ਬੋਲੇ, "ਇਹ ਕੀ ਹੋਇਆ ਨਾਨਕੀ ਜੀ ? ਅਸੀਂ ਜਦੋਂ ਕਦੀ ਭਟਕਦੇ, ਤੁਸੀਂ ਸਾਨੂੰ ਉਪਦੇਸਦੇ। ਹੁਣ ਤੁਸੀਂ ਜੁ ਡੋਲੇ ਹੋ ਤਾਂ ਸਾਡਾ ਕੀ ਬਣੇ? ਇੰਜ ਨਾ ਕਰੋ ਜੀ।"

ਬੀਬੀ ਨੇ ਆਖਿਆ, "ਭਾਈ ਮਰਦਾਨਾ ਨਾਲ ਹੁੰਦੇ ਸਾਨੂੰ ਫਿਕਰ ਕਦੀ ਰਾਈ ਦਾ ਨਾਂਹ ਸੀ। ਹੁਣ ਦਿਲ ਨਹੀਂ ਥੰਮਦਾ।"

ਭਾਈ ਜੈ ਰਾਮ ਕਹਿਣ ਲਗੇ, "ਭਾਈ ਮਰਦਾਨਾ ਨਾਲ ਜਾਣਗੇ। ਭਾਈ ਜੀ ਤੁਸੀਂ ਨਾਲ ਰਹੇ ਜੀ। ਤੁਸਾਂ ਦਾ ਜੋੜ ਵਿਛੜਨਾ ਸੋਭਦਾ ਨਹੀਂ। ਪਿਛੇ ਦਾ ਵਿਕਰ ਨਾਂਹ ਕਰਨਾ। ਤੁਸਾਂ ਦੇ ਬਾਲ ਸਾਡੇ ਬਾਲ ਬੱਚੇ ਹੋਏ। ਸਿਰੀ ਚੰਦ ਭੀ ਤਾਂ ਅਸਾਂ ਆਪਣੇ ਪਾਸ ਰੱਖ ਲਿਆ ਹੈ। ਤਲਵੰਡੀ ਅਸੀਂ ਜਾਵਾਂਗੇ। ਤੁਸਾਂ ਨਾਨਕ ਜੀ ਨਾਲ ਜਾਵਣਾ।"

ਭਾਈ ਮਰਦਾਨਾ ਜੀ ਮੰਨ ਗਏ। ਰਬਾਬ ਉਠਾਈ ਤੇ ਬਾਬਾ ਜੀ ਪਾਸ ਪਿੰਡੋਂ ਬਾਹਰ ਜਾ ਪੁੱਜੇ। ਕਹਿਆ, "ਮੈਂ ਤੁਸਾਂ ਦੇ ਨਾਲ ਚੱਲਾਂਗਾ ਬਾਬਾ।" ਗੁਰੂ ਜੀ ਨੂੰ ਬੜੀ ਖੁਸ਼ੀ ਹੋਈ। ਤੁਰਨ ਤੋਂ ਪਹਿਲਾਂ ਭਾਈ ਮਰਦਾਨਾ ਜੀ ਕਹਿਣ ਲੱਗੇ, "ਬੇਬੇ ਨੂੰ ਮਿਲ ਕੇ ਫੇਰ ਚੱਲਣਾ ਹੈ।" ਬਾਬੇ ਨੇ ਕਿਹਾ, "ਤੇਰਾ ਆਖਾ ਮੋੜਨਾ ਨਾਹੀਂ ਭਾਈ। ਤੇਰੇ ਤੱਕ ਸਾਨੂੰ ਵੱਡਾ ਕੰਮ ਹੈ।"

115 / 229
Previous
Next