ਆਗਿਆ ਮੰਗੀ ਤਾਂ ਬਾਬਾ ਜੀ ਨੇ ਕਿਹਾ- ਤੁਸਾਨੂੰ ਪਤਾ ਹੈ ਭਾਈ ਇਸ ਲੰਗਰ ਦੀ ਹਕੀਕਤ ਕੀ ਹੈ ? ਭਾਈ ਮਰਦਾਨਾ ਨੇ ਕਿਹਾ- ਜੀ ਹਕੀਕਤ ਕਿਤੇ ਦਉੜੀ ਤਾਂ ਜਾਂਦੀ ਨਹੀਂ। ਤੁਸਾਂ ਪਾਸ ਰਹੀ, ਤੁਸਾਂ ਪਾਸ ਰਹੇਗੀ। ਪਹਿਲਾਂ ਲੰਗਰ ਛਕਦੇ ਹਾਂ ਫਿਰ ਹਕੀਕਤ ਵੀ ਦੇਖ ਲਾਂਗੇ।
ਬਾਬਾ ਜੀ ਨੇ ਮੁਸਕਦਿਆਂ ਕਿਹਾ- ਠੀਕ ਹੋ ਭਾਈ। ਪਰ ਅਸੀਸ ਨਹੀਂ ਦੇਣੀ। ਜਾਉ ਲੰਗਰ ਛਕ ਆਉ। ਵਾਪਸੀ ਤੇ ਦੱਸਿਆ ਕਿ ਇਹ ਨਵਜਾਤ ਬੱਚਾ ਮਾਪਿਆਂ ਤੋਂ ਕਰਜ਼ਾ ਵਸੂਲਣ ਆਇਆ ਹੈ। ਥੋੜੇ ਦਿਨ ਦਾ ਪ੍ਰਾਹੁਣਾ ਹੈ। ਜੇ ਤੁਸੀਂ ਲੰਮੀ ਉਮਰ ਦੀ ਅਸੀਸ ਦੇ ਦਿੰਦੇ ਤਾਂ ਕਰਤਾਰ ਦੀ ਰਜ਼ਾ ਵਿਚ ਵਿਘਨ ਪੈਣਾ ਸੀ।
ਇਕ ਦਿਨ ਭਾਈ ਮਰਦਾਨਾ ਨੇ ਪੁੱਛਿਆ- ਬਾਬਾ ਜੀ ਕਿੰਨੇ ਬਰਸ ਹੋ ਗਏ ਹੋਣਗੇ ਤਲਵੰਡੀਓ ਆਪਾਂ ਨੂੰ ਚੱਲਿਆਂ? ਉਤੱਰ- ਭਾਈ ਗਿਣਤੀਆਂ ਨਹੀਂ ਕਰਨੀਆਂ। ਇਕ ਦਿਨ ਫੇਰ ਪੁੱਛ ਲਿਆ- ਬਾਬਾ ਜੀ ਕਿੰਨੇ ਹਜ਼ਾਰ ਕੇਸ ਹੋਵੇਗਾ ਆਪਣਾ ਪਿੰਡ ਇਥੋਂ? ਬਾਬਾ ਜੀ ਨੇ ਕਿਹਾ- ਅਗੇ ਵੀ ਕਿਹਾ ਸੀ ਭਾਈ, ਗਿਣਤੀਆਂ ਨਹੀਂ ਕਰਨੀਆਂ।
ਉਹ ਸਮੇਂ ਅਤੇ ਸਥਾਨ ਦੀਆਂ ਗਿਣਤੀਆਂ ਤੋਂ ਪਾਰ ਸਨ। ਇਕ ਅਨੰਤ ਤੋਂ ਬਾਅਦ ਉਹ ਅਗਲਾ ਅਨੰਤ ਸਨ।
ਦੋਹਾਂ ਬਾਬਿਆਂ ਵਿਚਕਾਰ ਮਿੱਤਰਾਂ ਦੀ ਸਾਂਝ ਵਾਲੀਆਂ ਗੋਲਾ ਹੁੰਦੀਆਂ। ਬੈਠਿਆਂ ਬੈਠਿਆਂ ਭਾਈ ਸਾਹਿਬ ਨੇ ਇਕ ਦਿਨ ਬਾਬੇ ਦੇ ਚਰਨ ਛੂਹੇ ਤਾਂ ਬਾਬਾ ਜੀ ਨੇ ਕਿਹਾ, "ਅੇ ਮਰਦਾਨਿਆਂ ਤੂੰ ਅੱਜ ਕਿਉਂ ਪੇਰੀਂ ਪਵਦਾ ਹੈ?" ਭਾਈ ਸਾਹਿਬ ਨੇ ਕਿਹਾ, "ਜੀ ਤੂੰ ਜਗਤ ਦਾ ਕਰਤਾ। ਤੂੰ ਪਰਮੇਸਰ ਹੈ। ਤੇਰੀ ਕੀਮਤ ਤੂਹੈ ਜਾਣਹਿ। ਤੂੰ ਹੈਂ ਸਿ ਪਰਮੇਸਰ ਹੈ।"
ਤਾਂ ਬਾਬੇ ਕਹਿਆ, "ਮਰਦਾਨਿਆ ਹਉ ਤੈਂਡੇ ਪਿੰਡ ਤਲਵੰਡੀ ਕੇ ਬੇਦੀਆਂ ਕਾ ਨਾਨਕ ਹਾਂ। ਭੁਲੇਖਾ ਨਾਹੀ। ਉਹੀ ਹਾਂ। ਹੋਰ ਕਿਛੁ ਨਹੀਂ।" ਤਦ ਮਰਦਾਨੇ ਗਾਇਆ,
"ਸਹੀ ਤਾਂ ਨਾਨਕ ਕਾਲੁਆਣ ਜਿਨਿ ਸਿਰੀ ਫੁਨਿ ਤਿਸਹੀ ਗਈ।
ਤੁਧੁ ਜੇਵਡ ਪਰਮੇਸਰ ਹੋਇ ਤਾਂ ਹੋਈ।"
(ਸੱਚ ਹੈ, ਕਲਿਆਣ ਰਾਇ ਦੇ ਬੇਟੇ ਨੇ ਆਪਣੀ ਸਾਜੀ ਸ੍ਰਿਸ਼ਟੀ ਨੂੰ ਫਿਰ ਗੁੰਨ੍ਹਣਾ ਸ਼ੁਰੂ ਕਰ ਦਿਤਾ। ਰੱਬ, ਤੇਰੇ ਜਿੱਡਾ ਹੋਵੇ, ਤਾਂ ਹੋਵੇ ਹੋਰ ਕੋਈ ਨਹੀਂ )
ਬਾਬੇ ਕਹਿਆ, "ਮਰਦਾਨਿਆ, ਕਰਤਾਰ ਦਾ ਨਾਉਂ ਲਈ। ਏਦੂੰ ਅੱਗੇ ਹੋਰ ਨਹੀਂ ਆਖਣਾ। ਬਸ ਭਾਈ ਅਗੇ ਨਾਹੀਂ ਚਲਾਉਣਾ ਅੱਖਰ ਕੋਈ।"
ਗੋਲੀ, ਤੀਰ, ਤਲਵਾਰ ਆਦਿਕ ਹਥਿਆਰਾਂ ਦਾ ਚੱਲਣਾ ਸੁਣਿਆ ਸੀ, ਅੱਖਰ 'ਚਲਦਾ' ਹੁੰਦਾ ਹੈ, ਪਹਿਲੀ ਵਾਰ ਸਾਖੀ ਵਿਚ ਪੜ੍ਹਿਆ।