ਲੰਮੇ ਪੈਂਡੇ... ਦੂਰ ਦੇ ਦੇਸ... ਸਮਾਂ ਬੀਤਿਆ। ਭਾਈ ਦਾ ਬਿਰਧ ਸਰੀਰ ਕਮਜ਼ੋਰ ਹੋ ਗਿਆ। ਅਫ਼ਗਾਨਿਸਤਾਨ ਦੀ ਸਰਹੱਦ ਨਾਲ ਵਗਦੇ ਕੁੱਰਮ ਦਰਿਆ ਕਿਨਾਰੇ ਥੱਕ ਗਏ ਤਾਂ ਸਹਾਰਾ ਦੇ ਕੇ ਬਾਬਾ ਜੀ ਉਨ੍ਹਾਂ ਨੂੰ ਰੁੱਖ ਹੇਠ ਲੈ ਗਏ ਤੇ ਲਿਟਾ ਦਿੱਤੇ। ਉਨ੍ਹਾਂ ਦਾ ਸਿਰ ਆਪਣੀ ਗੋਦ ਵਿਚ ਰੱਖ ਲਿਆ ਅਤੇ ਕਿਹਾ, "ਭਾਈ ਜੀ, ਘੜੀ ਆਉਣ ਵਾਲੀ ਹੈ ਜਦੋਂ ਤੁਸਾਂ ਸਾਡੇ ਪਾਸੋਂ ਚਲੇ ਜਾਣਾ ਹੈ। ਇਹ ਦੱਸੋ ਜੁ ਦਫ਼ਨਾਈਏ ਕਿ ਅਗਨੀ ਭੇਟ ਕਰੀਏ?" ਭਾਈ ਚੁੱਪ ਰਹੇ। ਫਿਰ ਬਾਬਾ ਜੀ ਬੋਲੇ, "ਤੁਸੀਂ ਸਾਡੀ ਸੰਗਤ ਕੀਤੀ। ਕੋਈ ਯਾਦਗਾਰ ਬਣਾ ਦੇਈਏ ?" ਖ਼ਾਮੋਸ਼ ਰਹੇ। ਫਿਰ ਬਾਬੇ ਨੇ ਪੁੱਛਿਆ, “ਯਾਦਗਾਰ ਹੋਤੁ ਮਸਜਿਦ ਉਸਾਰੀਏ ਕਿ ਧਰਮਸਾਲ ?"
ਭਾਈ ਮਰਦਾਨਾ ਜੀ ਨੇ ਸਹਿਜੇ ਅੱਖਾਂ ਖੋਹਲੀਆਂ। ਕਿਹਾ, "ਹੱਡ ਮਾਸ ਦੀ ਕੈਦ ਵਿਚੋਂ ਕੱਢ ਕੇ ਇੱਟਾਂ ਚੂਨੇ ਦੀ ਕੈਦ ਵਿਚ ਕਿਵੇਂ ਪਾ ਸਕਦਾ ਹੈ ਬਾਬਾ ? ਜਾਣਦਾ ਹਾਂ, ਤੁਸੀਂ ਅਜਿਹਾ ਨਹੀਂ ਕਰਨ ਵਾਲੇ ਮਹਾਰਾਜ ।"
ਬਾਬਾ ਨੇ ਕਿਹਾ- ਤਾਂ ਬੀ, ਭਾਈ ਜੀ ਖਾਲੀ ਹੱਥ ਨਹੀਂ ਜਾਣ ਦਿਆਂਗੇ। ਪ੍ਰੀਤ ਓੜਕ ਤੱਕ ਨਿਭਾਈ ਤੁਸਾਂ। ਜੋ ਮੰਗੋਗੇ ਮਿਲੇਗਾ। ਨਹੀਂ ਭੇਜਾਂਗੋ ਖਾਲੀ। ਅਸਾਂ ਦਾ ਬੀ ਫ਼ੈਸਲਾ ਹੈ।
ਭਾਈ ਨੇ ਕਿਹਾ, "ਬਾਬਾ ਤੂੰ ਖੁਦਾਇ ਦਾ ਡੂੰਮ। ਮੈਂ ਤੇਰਾ ਡੂੰਮ। ਤੇ ਖੁਦਾਇ ਦੇਖਿਆ। ਤੋਂ ਖੁਦਾਇ ਪਾਇਆ। ਤੇਰਾ ਕਹਿਆ ਖੁਦਾਈ ਮੰਨਦੀ ਹੈ। ਮੈਂ ਤੈਨੂੰ ਦੇਖਿਆ। ਮੈਂ ਤੈਨੂੰ ਪਾਇਆ। ਅਰ ਮੇਰਾ ਕਹਿਆ ਤੂੰ ਮੰਨਦਾ ਹੈ। ਤੁਧ ਆਗੈ ਅਸਾਂ ਦੀ ਬੇਨਤੀ ਹੈ ਅੱਜ ਇੱਕ। ਅਸਾਂ ਨੂੰ ਬਿਛੋੜਨਾ ਨਾਹੀਂ ਆਪਣੇ ਨਾਲਹੁੰ। ਨਾ ਏਥੇ। ਨਾ ਉਥੇ।"
ਬਾਬੇ ਕਹਿਆ, "ਮਰਦਾਨਿਆ ਤੁਧ ਉਪਰ ਅਸਾਂ ਦੀ ਖਰੀ ਖੁਸੀ ਹੇ। ਜਿਥੇ ਤੇਰਾ ਵਾਸਾ ਤਿਥੇ ਮੇਰਾ ਵਾਸਾ।" ਤਦ ਇਹ ਕਾਮਲ ਫ਼ਕੀਰ ਧਰਤੀ ਉਪਰੋਂ ਰੁਖ਼ਸਤ ਹੋਇਆ। ਇਹ ਭਾਈ ਮਰਦਾਨਾ ਜੀ ਦੀ ਵਸੀਅਤ ਹੈ। ਇਸ ਵਸੀਅਤ ਉਪਰ ਗੁਰੂ ਜੀ ਦੇ ਹਸਤਾਖਰ ਹਨ ਤੇ ਸਾਖੀਕਾਰ ਇਸ ਵਸੀਅਤ ਦਾ ਅਹਿਲਮਦ ਹੈ।
ਮਹਾਰਾਜ ਨੇ ਆਪਣੇ ਮੋਢਿਆਂ ਤੋਂ ਚਾਦਰ ਉਤਾਰ ਕੇ ਭਾਈ ਸਾਹਿਬ ਦੇ ਸਰੀਰ ਉਪਰ ਪਾਈ ਅਤੇ ਆਪਣੇ ਹੱਥੀਂ ਅੰਤਮ ਰਸਮਾਂ ਨਿਭਾਈਆਂ। ਰਬਾਬ ਮੋਢੇ ਉਪਰ ਲਟਕਾ, ਯਾਤਰਾ ਵਿਚਕਾਰ ਛੱਡ ਕੇ, ਉਹ ਵਾਪਸ ਰਾਇ ਭੋਇ ਤਲਵੰਡੀ ਪਿੰਡ ਵੱਲ ਚੱਲ ਪਏ। ਜਦੋਂ ਤੱਕ ਭਾਈ ਮਰਦਾਨਾ ਨਾਲ ਜਾਣ ਲਈ ਤਿਆਰ ਨਾ ਹੋਏ ਉਦ ਤੱਕ ਮਹਾਰਾਜ ਨੇ ਉਦਾਸੀਆਂ ਨਹੀਂ ਆਰੰਭੀਆਂ। ਜਦੋਂ ਵਿਛੜੇ ਉਦਾਸੀਆਂ ਸਮਾਪਤ ਹੋ ਗਈਆਂ।
ਪਿੰਡ ਪਤਾ ਲੱਗਦਾ ਗਿਆ ਕਿ ਬਾਬਾ ਨਗਰ ਪਰਤ ਆਇਆ ਹੈ। ਨਗਰ ਨਿਵਾਸੀ ਮਿਲਣ ਆਏ। ਭਾਈ ਮਰਦਾਨਾ ਜੀ ਦਾ ਵੱਡਾ ਬੇਟਾ ਸ਼ਾਹਜ਼ਾਦ ਆਇਆ। ਸ਼ਾਹਜ਼ਾਦ ਨੂੰ ਹਮੇਸ਼ਾ ਅਪਣੇ ਪਿਤਾ ਵਿਰੁੱਧ ਗਿਲਾ ਰਿਹਾ ਕਿ ਜੇ ਸਾਨੂੰ ਰਿਜ਼ਕ