Back ArrowLogo
Info
Profile

ਨਹੀਂ ਦੇਣਾ ਸੀ ਤਾਂ ਜੰਮਿਆ ਕਾਸ ਲਈ ਸੀ? ਅਸੀਂ ਭੁੱਖਣ ਭਾਣੇ ਲੋਕਾਂ ਦੇ ਦਰਾਂ ਵੱਲ ਤੱਕਦੇ, ਦਿਹਲੀਆਂ ਤੇ ਬੈਠੇ ਰਹਿੰਦੇ, ਅੱਬੂ ਦੁਨੀਆਂ ਦੀ ਸੈਰ ਕਰਦਾ ਰਿਹਾ। ਕਿਉਂ ਜੰਮਿਆਂ ਸੀ ਸਾਨੂੰ ਇਉਂ ਰੋਲਣ ਲਈ?

ਬਾਬੇ ਦੇ ਚਰਨੀ ਹੱਥ ਲਾਏ ਤੇ ਪਰੇ ਹਟਕੇ ਬੈਠ ਗਿਆ। ਨਾਲਦਿਆਂ ਨੂੰ ਪੁੱਛਿਆ- ਅੱਬੂ ਕਿਥੇ ਹਾਈ? ਕਿਸੇ ਨੂੰ ਪਤਾ ਨਹੀਂ ਸੀ। ਫਿਰ ਥੋੜ੍ਹੀ ਦੇਰ ਪਿਛੋਂ ਬਾਬਾ ਜੀ ਦੇ ਨਜ਼ਦੀਕ ਆਇਆ। ਪੁੱਛਿਆ, "ਅੱਬੂ ਕਿਥੇ ਹਾਈ। ਬਾਬਾ ਅਬੂ ਕਿਵੇਂ ਹਾਈ ?" ਬਾਬਾ ਜੀ ਨੇ ਦੱਸਿਆ, “ਉਹ ਵਿਦਾਅ ਹੋ ਗਏ ਹਨ ਪੁੱਤਰ ਆਪਣੇ ਕੋਲ। ਆਪਣੇ ਘਰ ਚਲੇ ਗਏ ਹਨ। ਜਿਹੜੇ ਨਿੱਜ ਘਰ ਚਲੇ ਜਾਵਣ ਤਿਨ੍ਹਾਂ ਦਾ ਸੋਗ ਨਹੀਂ ਕਰਨਾ। ਦੇਸਾਂ ਦਾ ਪੈਂਡਾ ਮਾਰ ਕੇ ਤੁਸਾਂ ਨੂੰ ਤਿਨ੍ਹਾਂ ਦੇ ਨਾਮ ਦਾ ਸਿਰੋਪਾਉ ਦੇਣ ਲਈ ਆਇਆ ਹਾਂ। ਦਸੋ ਕੀ ਦੇਈਏ ਪੁੱਤਰ।"

ਸ਼ਾਹਜ਼ਾਦ ਨੇ ਕਿਹਾ, "ਕਿਛੁ ਪਤਾ ਨਾਹੀਂ ਸਾਨੂੰ ਬਾਬਾ। ਕੀ ਭਲਾ ਹੇ ਕੀ ਬੁਰਾ ਤੁਸੀਂ ਜਾਣੋ। ਸਾਨੂੰ ਪਤਾ ਨਾਹੀਂ। ਸਾਨੂੰ ਅਨਪੜ੍ਹਾਂ ਨੂੰ ਕਿਛ ਪਤਾ ਨਾਹੀਂ ਜੁ ਵੱਡਿਆਂ ਤੋਂ ਕੀ ਮੰਗੀਦਾ ਹੈ।" ਬਾਬਾ ਜੀ ਨੇ ਕਿਹਾ- ਤੁਸਾਂ ਦੇ ਅਬੂ ਨੂੰ ਖਾਲੀ ਨਹੀਂ ਤੋਰਿਆ। ਤੁਸਾਂ ਨੂੰ ਵੀ ਖਾਲੀ ਨਹੀਂ ਰੱਖਣਾ। ਜੋ ਚਾਹੀਦਾ ਹੈ ਕਹੋ, ਮਿਲੇਗਾ। ਭਾਈ ਸ਼ਾਹਜ਼ਾਦ ਨੇ ਕਿਹਾ, "ਮੇਹਰਬਾਨ ਹੋ ਕੇ ਤਰੁੱਠੇ ਹੋ ਤਦ ਉਹੋ ਦਿਉ ਬਾਬਾ ਜੀ, ਜੋ ਅੱਬੂ ਨੂੰ ਦਿੱਤਾ ਸਾਈ।"

ਬਾਬਾ ਜੀ ਉਠੇ। ਕਿੱਲੀ ਨਾਲ ਲਟਕਦੀ ਰਬਾਬ ਉਤਾਰ ਭਾਈ ਸ਼ਾਹਜ਼ਾਦ ਨੂੰ ਦੇ ਕੇ ਗਲਵਕੜੀ ਵਿਚ ਲੇ ਅਸੀਸਾਂ ਦੀ ਝੜੀ ਲਾ ਦਿੱਤੀ। ਫਿਰ ਦੋਵੇਂ ਬੈਠ ਗਏ। ਭਾਈ ਮਰਦਾਨਾ ਜੀ ਦੀ ਯਾਦ ਵਿਚ ਦੋਵਾਂ ਨੇ ਕੀਰਤਨ ਕੀਤਾ। ਇਲਾਹੀ ਕੀਰਤਨ ਦੇ ਇਸ ਵਗਦੇ ਦਰਿਆ ਵਿਚ ਤਲਵੰਡੀ ਪਿੰਡ ਦੇ ਵਸਨੀਕਾਂ ਨੇ ਖੂਬ ਤੀਰਥ ਇਸ਼ਨਾਨ ਕੀਤਾ।

ਜਿੰਨਾ ਸਮਾਂ ਗੁਰੂ ਬਾਬਾ ਸਰੀਰ ਦੇ ਜਾਮੇ ਵਿਚ ਰਹੇ, ਭਾਈ ਸ਼ਾਹਜ਼ਾਦ ਨੇ ਕਦੀ ਉਨ੍ਹਾਂ ਦਾ ਸਾਥ ਨਹੀਂ ਛੱਡਿਆ। ਸਾਖੀਕਾਰ ਸਤਿਕਾਰ ਵਜੋਂ ਉਨ੍ਹਾਂ ਨੂੰ "ਕਰਮ ਕਾ ਬਲੀ ਸ਼ਾਹਜ਼ਾਦ। ਸਾਡਾ ਪਿਆਰਾ ਸ਼ਾਹਜ਼ਾਦਾ ਭਾਈ ਬਾਹਜ਼ਾਦ ਖਾਨ" ਲਿਖਦਾ ਹੈ।

ਭਾਈ ਮਰਦਾਨਾ ਜੀ ਦੀ ਬੇਨਤੀ ਕਬੂਲ ਹੋਈ। ਉਹ ਵਿਛੁੜੇ ਨਹੀਂ। ਕੀਰਤਨ ਬਣ ਕੇ ਉਹ ਗੁਰੂ ਗ੍ਰੰਥ ਅਤੇ ਗੁਰੂ ਪੰਥ ਵਿਚ ਸਥਾਪਤ ਹੋ ਗਏ ਹਨ।

*ਮੈਂ ਆਪਣੇ ਮਿੱਤਰਾਂ ਨੂੰ ਇਕ ਦਿਨ ਦੱਸਿਆ ਕਿ ਪ੍ਰੋ ਸਾਹਿਬ ਸਿੰਘ ਦੀ ਲਿਖਤ ਅਨੁਸਾਰ ਭਾਈ ਮਰਦਾਨਾ ਨੇ ਤਲਵੰਡੀ ਪਿੰਡ ਤੋਂ ਲੈ ਕੇ ਪ੍ਰੀਤਮ ਦਰਿਆ ਤੱਕ 54 ਸਾਲ ਦਾ ਸਾਥ ਨਿਭਾਇਆ। ਅਮਰਜੀਤ ਸਿੰਘ ਬੋਲਿਆ ਤੂੰ ਇਹ 54 ਸਾਲ ਦੀ ਗਿਣਤੀ ਕਿਉਂ ਕਰਦਾ ਹੈ? ਇਹ ਗਿਣਤੀ ਤਦ ਕਰਨੀ ਉਚਿਤ ਹੁੰਦੀ ਜੇ ਇੰਨੇ ਸਾਲ ਬਾਅਦ ਉਹ ਸਾਥ ਛੱਡ ਕੇ ਪਿੰਡ ਆ ਜਾਂਦੇ। ਉਨ੍ਹਾਂ ਦੀ ਤਾਂ ਵਸੀਅਤ ਵੀ ਅਨੰਤ ਮਿਲਾਪ ਦੀ ਹੈ। ਉਹ ਸਾਲਾਂ ਅਤੇ ਮੀਲਾਂ ਦੀ ਗਿਣਤੀ ਤੋਂ ਪਾਰ ਹੋਏ।

121 / 229
Previous
Next