ਝਗੜੇ ਤੋਂ ਅਲੱਗ ਰਹਿ ਕੇ ਸੁਰਖਿਅਤ ਰਿਹਾ। ਸ਼ਾਹ ਜ਼ਮਾਨ ਨੇ ਲਾਹੌਰ ਲੁੱਟ ਲਿਆ। ਸਿੱਖਾਂ ਨੇ ਇਸ ਦਾ ਕੋਈ ਵਿਰੋਧ ਨਹੀਂ ਕੀਤਾ ਕਿਉਂਕਿ ਉਨ੍ਹਾਂ ਨੂੰ ਪਤਾ ਸੀ ਕਿ ਇਸ ਪਿੱਛੋਂ ਉਹ ਅੰਮ੍ਰਿਤਸਰ ਲੁੱਟਣ ਮਾਰਨ ਅਵੱਸ਼ ਆਏਗਾ। ਦਰਬਾਰ ਸਾਹਿਬ ਦੀ ਤਬਾਹੀ ਸਿੱਖਾਂ ਦੀ ਆਣ ਦਾ ਖਾਤਮਾ ਸਮਝੀ ਜਾਇਆ ਕਰਦੀ ਸੀ। ਉਹ ਅੰਮ੍ਰਿਤਸਰ ਵੱਲ ਵਧਿਆ ਤਾਂ ਸ਼ਹਿਰੋਂ ਬਾਹਰ ਲਾਹੌਰ ਦਿਸ਼ਾ ਵਲ ਸਰਬਤ ਖਾਲਸਾ ਉਸ ਨੂੰ ਮਿਲਣ ਲਈ ਤਿਆਰ ਬੈਠਾ ਸੀ। ਬਹੁਤ ਖੂੰਖਾਰ ਜੰਗ ਹੋਇਆ ਪਰ ਸਿੱਖ ਉਸ ਨੂੰ ਪਿਛੇ ਧਕਦੇ-ਧਕਦੇ ਲਾਹੌਰ ਲੈ ਗਏ। ਜਦੋਂ ਉਹ ਲਾਹੌਰ ਦੇ ਕਿਲ੍ਹੇ ਵਿਚ ਜਾ ਵੜਿਆ ਤਾਂ ਸਿੱਖ ਫ਼ੌਜਾਂ ਅੰਮ੍ਰਿਤਸਰ ਦੀ ਰਾਖੀ ਕਰਨ ਹਿਤ ਵਾਪਸ ਆ ਗਈਆਂ।
ਹਰ ਰਾਤ ਰਣਜੀਤ ਸਿੰਘ ਅਲਬੇਲੇ ਮਨਚਲੇ ਜੁਆਨਾਂ ਦਾ ਇਕ ਜੰਗੀ ਜਥਾ ਲੇ ਕੇ ਲਾਹੌਰ ਅੱਪੜਦਾ ਤੇ ਭਿਆਨਕ ਕੁਹਰਾਮ ਮਚਾ ਕੇ ਵਾਪਸ ਪਰਤਦਾ । ਉਹ ਕਿਲ੍ਹੇ ਦੇ ਸੰਮਨ ਬੁਰਜ ਤੱਕ ਅੱਪੜ ਕੇ ਲਲਕਾਰਦਾ, "ਅਬਦਾਲੀ ਦਿਆ ਪੋਤਰਿਆ ਚੜ੍ਹਤ ਸਿੰਘ ਦਾ ਪੋਤਰਾ ਤੈਨੂੰ ਬਾਹਰ ਨੇੜੇ ਖਲੋਤਾ ਵੰਗਾਰ ਰਿਹਾ ਹੈ, ਬਾਹਰ ਨਿਕਲ ਤੇ ਮੁਕਾਬਲਾ ਕਰ"। ਬਾਕੀ ਜਿੰਨੇ ਦਿਨ ਸ਼ਾਹ ਲਾਹੌਰ ਵਿਚ ਰਿਹਾ ਕਿਲ੍ਹੇ ਤੋਂ ਬਾਹਰ ਨਹੀਂ ਨਿਕਲਿਆ। ਇਕ ਰਾਤ ਚੁਪ ਚੁਪੀਤੇ ਚੋਰਾਂ ਵਾਂਗ ਅਫਗਾਨਿਸਤਾਨ ਦੇ ਅਜਿਹਾ ਰਸਤੇ ਪਿਆ ਕਿ ਮੁੜ ਇਧੱਰ ਕਦੀ ਪੰਜਾਬ ਵਲ ਮੂੰਹ ਨਾ ਕੀਤਾ।
7 ਜੁਲਾਈ 1799 ਨੂੰ ਜਦੋਂ ਆਪਣੀ ਸੈਨਾ ਲੈ ਕੇ ਲਾਹੌਰ ਫਤਿਹ ਕਰਕੇ ਕਿਲ੍ਹੇ ਉਪਰ ਨਿਸ਼ਾਨ ਸਾਹਿਬ ਲਹਿਰਾ ਦਿਤਾ ਉਦੋਂ ਰਣਜੀਤ ਸਿੰਘ ਦੀ ਉਮਰ 19 ਸਾਲ ਦੀ ਸੀ। ਉਹ ਇੱਡਾ ਸਾਹਸੀ ਅਤੇ ਆਤਮਵਿਸ਼ਵਾਸ ਵਾਲਾ ਨੌਜੁਆਨ ਸੀ ਕਿ ਸਿਖਾਂ ਨੇ ਨਿਰਵਿਵਾਦ ਉਸ ਨੂੰ ਆਪਣਾ ਹੁਕਮਰਾਨ ਮੰਨ ਲਿਆ। ਰਣਜੀਤ ਸਿੰਘ ਵਲੋਂ ਲਾਹੌਰ ਕਬਜ਼ੇ ਵਿਚ ਲੈਣ ਸਦਕਾ ਅੱਠ ਸੌ ਸਾਲ ਜਿਹੜਾ ਹਮਲਾਵਰਾਂ ਧਾੜਵੀਆਂ ਦਾ ਦਰਵਾਜ਼ਾ ਇਧਰ ਖੁੱਲ੍ਹਿਆ ਰਿਹਾ ਸੀ ਉਹ ਸਦਾ ਲਈ ਬੰਦ ਹੋ ਗਿਆ।
12 ਅਪ੍ਰੈਲ 1801 ਨੂੰ ਵਿਸਾਖੀ ਦੇ ਦਿਨ ਬਕਾਇਦਾ ਰਸਮਾਂ ਨਿਭਾਉਣ ਉਪਰੰਤ ਉਸ ਨੂੰ ਰਾਜ ਸਿੰਘਾਸਨ ਉਪਰ ਬਿਰਾਜਮਾਨ ਕੀਤਾ ਗਿਆ । ਬਾਬਾ ਸਾਹਿਬ ਸਿੰਘ ਬੇਦੀ ਨੇ ਰਾਜਤਿਲਕ ਲਾ ਕੇ 'ਸਰਕਾਰ' ਦਾ ਖਿਤਾਬ ਪ੍ਰਦਾਨ ਕੀਤਾ। ਇਸੇ ਦਿਨ ਜੇਕਾਰਿਆਂ ਦੀ ਗੁੰਜਾਰ ਵਿਚ ਜਿਹੜਾ ਸਿੱਕਾ ਜਾਰੀ ਕੀਤਾ ਗਿਆ ਉਸ ਉਪਰ ਉਹੀ ਪੰਕਤੀਆਂ ਦਰਜ ਸਨ ਜਿਹੜੀਆਂ ਬਾਬਾ ਬੰਦਾ ਸਿੰਘ ਬਹਾਦਰ ਦੇ ਸਿਕੇ ਉਪਰ ਉਕਰੀਆਂ ਹੋਈਆਂ ਸਨ।
"ਗਰੀਬਾਂ ਲਈ ਦੇਗ (ਲੰਗਰ) ਅਤੇ ਕਮਜ਼ੋਰਾਂ ਦੀ ਰੱਖਿਆ ਲਈ ਰੰਗ,
ਗੁਰੂ ਨਾਨਕ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾ ਸਦਕਾ ਪ੍ਰਾਪਤ ਹੋਈ।" ਗੁਲਾਬ ਸਿੰਘ ਭੰਗੀ ਨੂੰ ਰਣਜੀਤ ਸਿੰਘ ਦੀ ਚੜ੍ਹਤ ਚੰਗੀ ਨਹੀਂ ਲਗਦੀ ਸੀ। ਉਸ ਨੇ ਆਪਣੇ ਨਾਲ ਕਈ ਹਮਜੋਲੀ ਇਕੱਠੇ ਕਰ ਲਏ । ਕਸੂਰ ਦੇ ਸੂਬੇਦਾਰ ਨਿਜ਼ਾਮੁਦੀਨ ਨੂੰ ਆਪਣੇ ਨਾਲ ਰਲਾ ਲਿਆ ਤੇ ਲਾਹੌਰ ਰਣਜੀਤ ਸਿੰਘ ਵਲ ਚੜ੍ਹਾਈ ਕਰ ਦਿੱਤੀ। ਰਣਜੀਤ ਸਿੰਘ ਸ਼ਹਿਰ ਵਿਚੋਂ ਖੂਨ ਖਰਾਬਾ ਬਚਾਉਣ ਲਈ ਆਪਣੀਆਂ ਫ਼ੌਜਾਂ ਲੈ ਕੇ