ਲਾਹੌਰ ਤੋਂ 12 ਮੀਲ ਦੂਰ ਭਸੀਨ ਪਿੰਡ ਤਕ ਬਾਹਰ ਆ ਗਿਆ । ਸਾਹਮਣਿਓਂ ਆਉਂਦੀਆਂ ਹਮਲਾਵਰ ਫੌਜਾਂ ਰੁਕ ਗਈਆਂ। ਰਣਜੀਤ ਸਿੰਘ ਵੀ ਰੁਕਿਆ ਰਿਹਾ ਤੇ ਉਡੀਕਦਾ ਰਿਹਾ ਕਿ ਕਦੋਂ ਹਮਲਾ ਹੋਵੇ। ਆਪ ਹੱਲਾ ਕਰਨ ਦੀ ਥਾਂ ਉਹ ਹੱਲੇ ਦਾ ਜਵਾਬ ਦੇਣ ਦਾ ਇਛੁੱਕ ਸੀ। ਦੋਵੇਂ ਪਾਸਿਆਂ ਦੀਆਂ ਫ਼ੌਜਾਂ ਦੇ ਮਹੀਨੇ ਆਹਮੋ-ਸਾਹਮਣੇ ਡਟੀਆਂ ਰਹੀਆਂ, ਕਿਸੇ ਨੇ ਪਹਿਲ ਕਰਨ ਦਾ ਖਤਰਾ ਨਹੀਂ ਉਠਾਇਆ। ਗੁਲਾਬ ਸਿੰਘ ਸ਼ਰਾਬ ਦਾ ਸ਼ੌਕੀਨ ਤਾਂ ਹੈ ਹੀ ਸੀ ਪਰ ਇਕ ਸ਼ਾਮ ਏਨੀ ਪੀ ਗਿਆ ਕਿ ਉਸ ਦੀ ਮੌਤ ਹੋ ਗਈ। ਉਸ ਦੀਆਂ ਸਹਾਇਕ ਫ਼ੌਜਾਂ ਸਹਿਜੇ ਸਹਿਜੇ ਖਿਸਕ ਗਈਆਂ ਤੇ ਮਹਾਰਾਜਾ ਰਣਜੀਤ ਸਿੰਘ ਲਾਹੌਰ ਵਾਪਸ ਪਰਤ ਆਇਆ।
ਲਾਹੌਰ ਵਰਗੇ ਮਹਾਂਨਗਰ ਉਪਰ ਕਬਜ਼ਾ ਕਰਨ ਪਿਛੋਂ ਇਹ ਸੰਭਵ ਹੀ ਨਹੀਂ ਸੀ ਕਿ ਅੰਮ੍ਰਿਤਸਰ ਵਲ ਉਹ ਧਿਆਨ ਨਾ ਕਰਦਾ। ਸਿੱਖ ਰਾਜੇ ਦਾ ਰਾਜ ਅੰਮ੍ਰਿਤਸਰ ਬਗੇਰ ਅਧੂਰਾ ਸੀ। ਅੰਮ੍ਰਿਤਸਰ ਉਪਰ ਗੁਲਾਬ ਸਿੰਘ ਭੰਗੀ ਦੀ ਵਿਧਵਾ ਪਤਨੀ ਮਾਈ ਸੁੱਖਾਂ ਦਾ ਕਬਜ਼ਾ ਸੀ। ਰਣਜੀਤ ਸਿੰਘ ਆਪਣੀ ਸੈਨਾ ਲੈ ਕੇ ਅੰਮ੍ਰਿਤਸਰ ਪੁੱਜਾ ਅਤੇ ਹਮਲੇ ਦੀਆਂ ਤਿਆਰੀਆਂ ਦਾ ਮੁਆਇਨਾ ਕਰ ਰਿਹਾ ਸੀ ਕਿ ਅੰਦਰੋਂ ਤੋਪਾਂ ਗਰਜੀਆਂ। ਮਾਈ ਸੁੱਖਾਂ ਨੇ ਗੋਲਿਆਂ ਦਾ ਮੀਂਹ ਵਰ੍ਹਾ ਦਿੱਤਾ। ਉਹ ਕਬਜ਼ਾ ਛੱਡਣ ਦੀ ਥਾਂ ਲੜ ਕੇ ਮਰਨ ਦੀ ਇਛੁੱਕ ਸੀ ਪਰ ਅਕਾਲੀ ਫੂਲਾ ਸਿੰਘ ਨੇ ਤੁਰੰਤ ਮਾਈ ਨਾਲ ਸੰਪਰਕ ਕੀਤਾ ਤੇ ਗੋਲਾਬਾਰੀ ਬੰਦ ਕਰਵਾਈ। ਜੇ ਅਕਾਲੀ ਜੀ ਸੁਲਾਹ ਨਾ ਕਰਵਾਉਂਦੇ ਦੋਵਾਂ ਪਾਸਿਆਂ ਦਾ ਭਾਰੀ ਨੁਕਸਾਨ ਹੋਣਾ ਸੀ । ਮਹਾਰਾਜੇ ਪਾਸੋਂ ਅਕਾਲੀ ਜੀ ਨੇ ਮਾਈ ਨੂੰ ਪਿੰਜੌਰ ਬਾਗ ਸਮੇਤ ਦਰਜਣਾਂ ਪਿੰਡ ਜਗੀਰ ਵਜੋਂ ਦਿਵਾ ਦਿੱਤੇ ਤਦ 24 ਫਰਵਰੀ 1805 ਈਸਵੀ ਨੂੰ ਮਹਾਰਾਜਾ ਅੰਮ੍ਰਿਤਸਰ ਵਿਚ ਵਿਜਈ ਹੋ ਕੇ ਦਾਖਲ ਹੋਇਆ। ਪਹਿਲਾਂ ਉਸ ਨੇ ਦਰਬਾਰ ਸਾਹਿਬ ਮੱਥਾ ਟੇਕ ਕੇ ਸ਼ੁਕਰਾਨੇ ਦੀ ਅਰਦਾਸ ਕੀਤੀ ਤੇ ਫਿਰ ਉਥੇ ਹੀ ਕਾਰ ਸੇਵਾ ਆਰੰਭ ਕਰਨ ਦਾ ਐਲਾਨ ਕਰ ਦਿੱਤਾ। ਸੇਵਾ ਅਕਾਲੀ ਫੂਲਾ ਸਿੰਘ ਦੀ ਨਿਗਰਾਨੀ ਅਧੀਨ ਕਰਵਾਉਣ ਦਾ ਫ਼ੈਸਲਾ ਹੋਇਆ। ਸੰਗਮਰਮਰ ਅਤੇ ਸੋਨੇ ਉਪਰ ਨੱਕਾਸ਼ੀ ਦਾ ਕੰਮ ਕਰਨ ਵਾਸਤੇ ਮਹਿੰਗੇ ਤੋਂ ਮਹਿੰਗੇ ਸ਼ਿਲਪਕਾਰ ਮੰਗਵਾਏ ਗਏ। ਅੱਜ ਤੱਕ ਦਰਬਾਰ ਸਾਹਿਬ ਦੇ ਦਰਵਾਜੇ ਦੀ ਚੁਗਾਠ ਦੇ ਉਪਰ ਕਰਕੇ ਇਹ ਸ਼ਬਦ ਉਕਰੇ ਹੋਏ ਦਿਸਦੇ ਹਨ, "ਇਹ ਸੇਵਾ ਸ੍ਰੀ ਗੁਰੂ ਮਹਾਰਾਜ ਜੀ ਨੇ ਆਪਣੇ ਸੇਵਕ ਰਣਜੀਤ ਸਿੰਘ ਉਪਰ ਅਪਾਰ ਦਇਆ ਕਰਕੇ ਕਰਵਾਈ"।
ਕੁਦਰਤ ਦਾ ਅਟੱਲ ਨਿਯਮ ਹੈ ਕਿ ਹਰੇਕ ਦੁਖ ਕਿਸੇ ਵੱਖਰੀ ਪ੍ਰਕਾਰ ਦੇ ਸੁਖ ਦਾ ਕਾਰਨ ਬਣਦਾ ਹੁੰਦਾ ਹੈ। ਅਠਾਰਵੀਂ ਸਦੀ ਵਿਚ ਮੁਗਲਾਂ ਅਤੇ ਪਠਾਣਾਂ ਨੇ ਸਿੱਖਾਂ ਦਾ ਨਾਮ ਨਿਸ਼ਾਨ ਮਿਟਾਉਣ ਲਈ ਮੁਹਿੰਮਾਂ ਆਰੰਭੀਆਂ ਤਦ ਸਿੱਖਾਂ ਨੇ ਆਪਣੇ ਆਪ ਨੂੰ ਇਕ ਮਜ਼ਬੂਤ ਜੰਜੀਰ ਵਿਚ ਸੰਗਠਿਤ ਕਰ ਲਿਆ, ਸਭ ਨੂੰ ਇਕ ਦੂਜੇ ਨਾਲ ਜੋੜਨ ਵਾਲੀ ਇਸ ਜੰਜੀਰ ਦਾ ਨਾਮ ਸੀ ਖਾਲਸਾ ਪੰਥ। ਅਫਗਾਨਾਂ ਦੇ ਲਗਾਤਾਰ ਹਿੰਦੁਸਤਾਨ ਉਪਰ ਹਮਲਿਆਂ ਨੇ ਮੁਗਲਾਂ ਦਾ ਲੱਕ ਤੋੜ ਦਿੱਤਾ। ਮਰਾਠਿਆਂ ਅਤੇ ਰਾਜਪੂਤਾਂ ਦੀ ਵਧਦੀ ਸ਼ਕਤੀ ਨੂੰ ਵੀ ਪਠਾਣਾਂ ਨੇ ਸੱਟ ਮਾਰੀ। ਇਸ ਸਥਿਤੀ ਦਾ ਦਲ ਖਾਲਸਾ ਨੇ ਪੂਰਾ