Back ArrowLogo
Info
Profile

1810 ਈਸਵੀ ਵਿਚ ਗੁਜਰਾਤ, ਸ਼ਾਹੀਵਾਲ, ਜੰਮੂ ਅਤੇ ਵਜ਼ੀਰਾਬਾਦ ਤੋਂ ਬਿਨਾਂ ਫੈਜ਼ਲਪੁਰੀਆ, ਨਕੱਈ ਅਤੇ ਕਨੱਈਆ ਮਿਸਲਾਂ ਵੀ ਆਪਣੇ ਅਧੀਨ ਕਰ ਲਈਆਂ। ਬਹੁਤ ਥੋੜ੍ਹੇ ਸਮੇਂ ਵਿਚ ਹੀ ਸਿੰਧ ਤੋਂ ਲੈ ਕੇ ਜਮਨਾ ਤੱਕ ਮਹਾਰਾਜਾ ਰਣਜੀਤ ਸਿੰਘ ਦਾ ਦਬਦਬਾ ਹੋ ਗਿਆ ਤੇ ਪੂਰਬ ਵਾਲੇ ਪਾਸੇ ਹਿੰਦੁਸਤਾਨ ਵਲ ਉਹ ਹੋਰ ਨਾ ਵਧੇ, ਅੰਗਰੇਜ਼ਾਂ ਨੇ ਉਸ ਨਾਲ ਸਤਲੁਜ ਦੀ ਸੰਧੀ ਕੀਤੀ।

ਅਫਗਾਨਿਸਤਾਨ ਦਾ ਬਾਦਸ਼ਾਹ ਸ਼ਾਹ ਬੁਜਾ ਬਗਾਵਤ ਨਾ ਦਬਾ ਸਕਿਆ ਤੇ ਗੱਦੀ ਸ਼ਾਹ ਮਹਿਮੂਦ ਨੇ ਸੰਭਾਲ ਲਈ। ਸ਼ਾਹ ਬੁਜਾ ਨੂੰ ਬੰਦੀ ਬਣਾ ਕੇ ਕਸ਼ਮੀਰ ਵਿਚ ਭੇਜ ਦਿੱਤਾ। ਈਸਵੀ 1812 ਵਿਚ ਮਹਾਰਾਜੇ ਨੇ ਕਸ਼ਮੀਰ ਉਪਰ ਹਮਲਾ ਕਰਨ ਦੀ ਠਾਣ ਲਈ ਤਾਂ ਸ਼ਾਹ ਦੀ ਪਤਨੀ ਇਸ ਖਿਆਲ ਨਾਲ ਭੇਭੀਤ ਹੋ ਗਈ ਕਿ ਉਸ ਦਾ ਖਾਵੰਦ ਇਸ ਮੁਹਿੰਮ ਵਿਚ ਮਾਰਿਆ ਜਾਵੇਗਾ। ਉਹ ਮਹਾਰਾਜਾ ਰਣਜੀਤ ਸਿੰਘ ਨੂੰ ਮਿਲੀ ਤੇ ਵਾਸਤਾ ਪਾਇਆ ਕਿ ਜੇ ਮੇਰੇ ਪਤੀ ਦੀ ਜਾਨ ਬਖਸ਼ ਦਿੱਤੀ ਜਾਵੇ ਤਦ ਇਸ ਬਦਲੇ ਉਹ ਕੋਹਿਨੂਰ ਹੀਰਾ ਮਹਾਰਾਜੇ ਨੂੰ ਦੇ ਦੇਵੇਗੀ। ਦੀਵਾਨ ਮੁਹਕਮ ਚੰਦ ਨੇ ਕਸ਼ਮੀਰ ਦੀ ਮੁਹਿੰਮ ਦੀ ਅਗਵਾਈ ਕੀਤੀ ਤੇ ਕਿਲੇ ਵਿਚੋਂ 40 ਲੱਖ ਰੁਪਿਆ ਅਤੇ ਹੋਰ ਕੀਮਤੀ ਵਸਤਾਂ ਦੇ ਨਾਲ-ਨਾਲ ਬੰਦੀ ਬਣਾਇਆ ਸ਼ਾਹ ਸੁਜਾਅ ਗ੍ਰਿਫਤਾਰ ਕਰ ਲਿਆ। ਸ਼ਾਹ ਨੂੰ ਲਾਹੌਰ ਲਿਆਂਦਾ ਗਿਆ ਜਿਥੇ ਲੰਮੀ ਢਿੱਲ ਮੱਠ ਬਾਅਦ ਉਸ ਨੇ ਕੋਹਿਨੂਰ ਮਹਾਰਾਜੇ ਨੂੰ ਸੌਂਪ ਦਿੱਤਾ।

1818 ਈਸਵੀ ਵਿਚ ਖਾਲਸਾ ਫ਼ੌਜਾਂ ਨੇ ਪੇਸ਼ਾਵਰ ਉਪਰ ਹਮਲਾ ਕੀਤਾ ਜੋ ਅਫਗਾਨਿਸਤਾਨ ਉਪਰ ਵੱਡੀ ਸੱਟ ਸੀ ਪਰੰਤੂ ਪੇਸ਼ਾਵਰ ਨੂੰ ਪੂਰਨ ਤੌਰ ਤੇ ਪੰਜਾਬ ਦੇਸ ਦਾ ਹਿੱਸਾ 6 ਮਈ 1834 ਨੂੰ ਬਣਾ ਕੇ ਕੰਵਰ ਨੌਨਿਹਾਲ ਸਿੰਘ ਨੂੰ ਇਸ ਦਾ ਗਵਰਨਰ ਨਿਯੁਕਤ ਕੀਤਾ ਗਿਆ। ਕੰਵਰ ਦੀ ਉਮਰ ਇਸ ਵੇਲੇ 14 ਸਾਲ ਸੀ। ਅਫਗਾਨ ਬਾਦਸ਼ਾਹ ਦੋਸਤ ਮੁਹੰਮਦ ਪੇਸ਼ਾਵਰ ਵਿਚ ਸਿਖਾਂ ਦਾ ਕਬਜ਼ਾ ਬਰਦਾਸ਼ਤ ਨਹੀਂ ਕਰ ਸਕਦਾ ਸੀ। ਉਸ ਨੇ ਸਰਕਾਰ ਖਾਲਸਾ ਨੂੰ ਖ਼ਤ ਲਿਖਿਆ "ਜੇ ਦਿਆਲੂ ਹੋ ਕੇ ਬਾਦਸ਼ਾਹ ਸਲਾਮਤ (ਮ. ਰਣਜੀਤ ਸਿੰਘ) ਪੇਸ਼ਾਵਰ ਸਾਨੂੰ ਵਾਪਸ ਕਰ ਦੇਣ ਤਦ ਇਸ ਦੇ ਬਦਲੇ ਅਸੀਂ ਉਨ੍ਹਾਂ ਨੂੰ ਉਨਾਂ ਮਾਲੀਆ ਦੇਣ ਨੂੰ ਤਿਆਰ ਹਾਂ ਜਿੰਨਾ ਸੁਲਤਾਨ ਮਹਿਮੂਦ ਦਿਆ ਕਰਦੇ ਸਨ। ਪਰ ਦੂਰ ਅੰਦੇਸ਼ ਬਾਦਸ਼ਾਹ ਨੇ ਜੇ ਲਾਲਚ ਵਸ ਅਜਿਹਾ ਨਾ ਕੀਤਾ ਤੇ ਮੇਰੀ ਬੇਨਤੀ ਵਲ ਕੋਈ ਤਵੱਜ ਨਾ ਦਿੱਤੀ ਤਦ ਮੇਂ ਕਮਰਕਸਾ ਕਸ ਕੇ ਯੁੱਧ ਦੇ ਮੈਦਾਨ ਵਿਚ ਟੱਕਰਾਂਗਾ ਤੇ ਤੁਹਾਡੇ ਬਗੀਚੇ ਵਿਚ ਕੰਡਾ ਬਣ ਕੇ ਰੜਕਦਾ ਰਹਾਂਗਾ। ਮੈਂ ਆਪਣੇ ਕੁੱਲ ਜੰਗਬਾਜਾਂ ਨੂੰ ਇਕੱਠਾ ਕਰਾਂਗਾ ਜਿਹੜੇ ਮਰਨ ਤੋਂ ਇਲਾਵਾ ਹੋਰ ਕੁੱਝ ਜਾਣਦੇ ਹੀ ਨਹੀਂ। ਮੈਂ ਚਾਰੇ ਪਾਸੇ ਅਜਿਹੀ ਤਬਾਹੀ ਮਚਾਵਾਂਗਾ ਕਿ ਕਿਆਮਤ ਨਜ਼ਰ ਆਏਗੀ"। ਮਹਾਰਾਜੇ ਨੇ ਜਵਾਬ ਭੇਜਿਆ, "ਅਸੀਂ ਬਾਗੀਆਂ ਦਾ ਸਿਰ ਭੰਨ ਦਿੱਤਾ ਹੋਇਆ ਹੈ ਅਤੇ ਦੁਸ਼ਮਣ ਨੱਠ ਗਏ ਹਨ। ਜੇ ਲਾਲਚ ਵਿਚ ਅੰਨ੍ਹਾ ਦੋਸਤ ਮੁਹੰਮਦ ਆਪਣੀ ਥੋੜੀ ਜਿਹੀ ਬਚੀ ਖੁਚੀ ਫ਼ੌਜ ਨਾਲ ਹਮਲਾ ਕਰਨ ਦਾ ਫ਼ੈਸਲਾ ਕਰਦਾ ਹੈ ਤਾਂ ਆਵੇ। ਅਸੀਂ ਮੈਦਾਨਿ ਜੰਗ ਵਿਚ ਉਸ ਦਾ ਸਾਹਮਣਾ ਕਰਨ ਲਈ ਚੱਲ ਪਏ ਹਾਂ"।

151 / 229
Previous
Next