ਕਰਦਾ-ਕਰਦਾ ਜਰਨੈਲ ਦੇ ਰੁਤਬੇ ਤੱਕ ਪੁੱਜਾ। ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਉਸ ਨੇ ਸਟੇਟ ਨਾਲ ਗੱਦਾਰੀ ਕੀਤੀ ਤੇ ਅੰਗਰੇਜ਼ਾਂ ਨਾਲ ਮਿਲ ਗਿਆ।
ਦੀਵਾਨ ਗੰਗਾ ਰਾਮ ਬਨਾਰਸ ਦਾ ਬਾਸ਼ਿੰਦਾ ਸੀ। ਉਸ ਨੇ ਗਵਾਲੀਅਰ ਦੇ ਮਹਾਰਾਜੇ ਪਾਸ ਨੌਕਰੀ ਪ੍ਰਾਪਤ ਕੀਤੀ। ਕੁਸ਼ਲਤਾ ਅਤੇ ਈਮਾਨਦਾਰੀ ਸਦਕਾ ਉਸ ਦਾ ਅੱਛਾ ਰਸੂਖ ਬਣਿਆ। ਜਦੋਂ ਮਹਾਰਾਜਾ ਸਿੱਧੀਆ ਨੂੰ ਅੰਗਰੇਜ਼ਾਂ ਨੇ ਹਰਾ ਦਿੱਤਾ ਤਾਂ 1803 ਵਿਚ ਉਹ ਦਿੱਲੀ ਆ ਵਸਿਆ। ਕਿਸੇ ਨੇ 1813 ਵਿਚ ਉਸ ਦੀ ਲਿਆਕਤ ਬਾਰੇ ਮਹਾਰਾਜੇ ਪਾਸ ਗੱਲ ਕੀਤੀ ਤਾਂ ਉਸ ਨੇ ਤੁਰੰਤ ਗੰਗਾ ਰਾਮ ਨੂੰ ਲਾਹੌਰ ਬੁਲਾ ਲਿਆ ਅਤੇ ਵਿਤੀ ਮਾਮਲਿਆਂ ਦੀ ਦੇਖਰੇਖ ਕਰਨ ਲਈ ਕਿਹਾ। ਸਟੇਟ ਦੀ ਸ਼ਾਹੀ ਮੁਹਰ ਉਸੇ ਪਾਸ ਹੁੰਦੀ ਸੀ।
ਦੀਵਾਨ ਅਜੋਧਿਆ ਪ੍ਰਸ਼ਾਦ ਗੰਗਾ ਰਾਮ ਦਾ ਗੋਦੀ ਲਿਆ ਪੁੱਤਰ ਸੀ। ਉਹ 15 ਸਾਲ ਦੀ ਉਮਰ ਵਿਚ ਲਾਹੌਰ ਆਇਆ। ਪਹਿਲੋਂ ਸਿਪਾਹੀ ਭਰਤੀ ਹੋਇਆ ਤੇ ਫਿਰ ਤਰੱਕੀ ਕਰਦਾ-ਕਰਦਾ ਜਰਨੈਲ ਵੈਨਤੂਰਾ ਦਾ ਲੈਫਟੀਨੈਂਟ ਜਨਰਲ ਬਣ ਗਿਆ। ਅੰਗਰੇਜ਼ੀ ਅਤੇ ਫਰਾਂਸੀਸੀ ਵਿਚ ਨਿਪੁੰਨ ਹੋਣ ਕਰਕੇ ਉਹ ਮਹਾਰਾਜੇ ਪਾਸ ਦੁਭਾਸ਼ੀਏ ਦਾ ਕੰਮ ਵੀ ਕਰਦਾ ਸੀ। ਮਹਾਰਾਜੇ ਨਾਲ ਕੰਮ ਕਰਨ ਤੋਂ ਇਲਾਵਾ ਉਸ ਨੇ ਕੰਵਰ ਖੜਕ ਸਿੰਘ ਅਤੇ ਕੰਵਰ ਸ਼ੇਰ ਸਿੰਘ ਨਾਲ ਵੀ ਕੰਮ ਕੀਤਾ। ਮਹਾਰਾਜੇ ਦੀ ਮੌਤ ਤੋਂ ਬਾਅਦ ਵੀ ਉਸ ਨੇ ਅਹਿਮ ਡਿਊਟੀਆਂ ਨਿਭਾਈਆਂ। ਜਦੋਂ ਸਿੱਖ ਅੰਗਰੇਜ਼ਾਂ ਪਾਸੋਂ ਹਾਰ ਗਏ ਤਦ ਵੀ ਉਸ ਨੇ ਅੰਗਰੇਜ਼ਾਂ ਪਾਸੋਂ ਕੰਵਰ ਦਲੀਪ ਸਿੰਘ ਦੀ ਨਿਗਰਾਨੀ ਕਰਨੀ ਮੰਗੀ। ਜਦੋਂ ਤਕ ਕੰਵਰ ਦਲੀਪ ਸਿੰਘ ਨੂੰ ਇੰਗਲੈਂਡ ਨਹੀਂ ਭੇਜਿਆ ਗਿਆ ਅਜੋਧਿਆ ਪ੍ਰਸ਼ਾਦ ਨੇ ਉਸ ਦੀ ਨਿਗਰਾਨੀ ਦਾ ਕੰਮ ਬਾਖੂਬੀ ਨਿਭਾਇਆ। ਉਹ ਬੜਾ ਦਿਆਲੂ ਅਤੇ ਇਨਸਾਫ ਪਸੰਦ ਸ਼ਾਂਤ ਸੁਭਾਅ ਮਨੁੱਖ ਸੀ। ਅੰਗਰੇਜ਼ਾਂ ਨੇ ਉਸ ਨੂੰ ਲਾਹੌਰ ਦਾ ਮੇਜਿਸਟਰੇਟ ਨਿਯੁਕਤ ਕੀਤਾ। ਇਹ ਉਸ ਦੀ ਵਿਦਿਅਕ ਨਿਪੁੰਨਤਾ ਕਰਕੇ ਹੋਇਆ।
ਇਵੇਂ ਹੀ ਰਾਜਾ ਦੀਨਾ ਨਾਥ, ਮਿਸਰ ਦੀਵਾਨ ਚੰਦ, ਮਿਸਰ ਰੂਪ ਲਾਲ, ਬੇਲੀ ਰਾਮ ਅਤੇ ਸਾਵਣ ਮੱਲ ਆਪਣੀ ਕਾਬਲੀਅਤ ਸਦਕਾ ਨਿਕੀਆਂ ਥਾਵਾਂ ਤੋਂ ਉਠ ਕੇ ਬਹੁਤ ਵਡੇ-ਵਡੇ ਰੁਤਬਿਆਂ ਉਪਰ ਚੜ੍ਹੇ।
ਵਿਦੇਸ਼ੀ ਜਰਨੈਲਾ ਵਿਚ ਜੀਨ ਫਰਾਂਸਿਸ ਐਲਾਰਡ, ਵੈਨਤੂਰਾ, ਅਵਿਤਬਿਲੇ ਕੋਰਟ ਆਦਿਕ ਉਚ ਕੋਟੀ ਦੇ ਸੂਰਬੀਰਾਂ ਨੇ ਬੜਾ ਨਾਮ ਕਮਾਇਆ। ਸ਼ੁਰੂ ਵਿਚ ਸਿੱਖਾਂ ਨੇ ਉਨ੍ਹਾਂ ਦਾ ਮਖੌਲ ਉਡਾਇਆ ਤੇ ਉਨ੍ਹਾਂ ਅਧੀਨ ਕੰਮ ਕਰਨ ਤੋਂ ਆਨਾਕਾਨੀ ਵੀ ਕੀਤੀ। ਪਰੇਡ ਨੂੰ ਸਿੱਖ ਪਸੰਦ ਨਹੀਂ ਕਰਦੇ ਸਨ ਤੇ ਇਸ ਨੂੰ ਕੰਜਰੀਆਂ ਦਾ ਨਾਚ ਆਖਦੇ ਸਨ। ਪਰ ਹੌਲੀ-ਹੌਲੀ ਸਭ ਮਹਾਰਾਜੇ ਦੀ ਗੱਲ ਮੰਨ ਗਏ ਕਿ ਫ਼ੌਜ ਵਿਚ ਅਨੁਸ਼ਾਸਨ ਕਾਇਮ ਰੱਖਣ ਲਈ ਪਰੇਡ ਬਹੁਤ ਜ਼ਰੂਰੀ ਹੈ। ਇਨ੍ਹਾਂ ਵਿਦੇਸ਼ੀ ਜਰਨੈਲਾਂ ਨੇ ਖਤਰਨਾਕ ਮੁਹਿੰਮਾਂ ਵਿਚ ਹਿੱਸਾ ਲਿਆ। ਮਹਾਰਾਜੇ ਨੇ ਕੋਈ ਅੰਗਰੇਜ਼ ਕਿਸੇ ਉਚ ਅਹੁਦੇ ਉਪਰ ਤੇਨਾਤ ਨਹੀਂ ਕੀਤਾ।
ਜਿਸ ਯਾਤਰੂ ਨੇ ਪੰਜਾਬ ਦੇਖਣਾ ਚਾਹਿਆ, ਉਹ ਮਹਾਰਾਜੇ ਨੂੰ ਮਿਲਣ ਤੋਂ ਬਗੈਰ ਵਾਪਸ ਨਹੀਂ ਪਰਤਿਆ। ਮੁਲਾਕਾਤ ਲਈ ਕੋਈ ਮੁਸ਼ਕਲ ਨਹੀਂ ਆਉਂਦੀ ਸੀ। ਮਹਾਰਾਜਾ