ਲੋਕਾਂ ਨੂੰ ਲੱਗਾ ਜਿਵੇਂ ਮਹਿਲ ਭਿੱਟਿਆ ਗਿਆ ਹੋਵੇ। ਉਚੇ ਤਬਕੇ ਖਿਝਦੇ ਸਨ ਜਦੋਂ ਉਹ ਕਹਿੰਦਾ ਕਿ ਮੈਂ ਸਾਧ ਹਾਂ। ਵੈਸੇ ਉਸ ਦੀਆਂ ਜਿਨ੍ਹਾਂ ਕਮਜ਼ੋਰੀਆਂ ਦਾ ਜ਼ਿਕਰ ਕੀਤਾ ਜਾਂਦਾ, ਪੱਛਮ ਵਿਚ ਉਨ੍ਹਾਂ ਦਾ ਕੋਈ ਨੋਟਿਸ ਨਹੀਂ ਲੈਂਦਾ। ਜਰਨੈਲ ਦੇਦੀਲਿਨ ਨੇ ਖੁਫੀਆ ਵਿਭਾਗ ਨੂੰ ਰਾਸਪੁਤਿਨ ਦੇ ਪਿਛੋਕੜ ਤੇ ਵਰਤਮਾਨ ਬਾਬਤ ਪਤਾ ਕਰਨ ਦੇ ਹੁਕਮ ਦੇ ਦਿਤੇ। ਰਿਪੋਰਟਾਂ ਮਾੜੀਆ ਆਈਆਂ। ਪ੍ਰਧਾਨ ਮੰਤਰੀ ਸਟਾਲੀਪਿਨ ਨੇ ਦੁਬਾਰਾ ਜਾਂਚ ਕਰਾਈ। ਰਿਪੋਰਟ ਵਿਚ ਆਇਆ ਕਿ ਇਸ ਦਾ ਮਹਿਲ ਵਿਚ ਆਉਣ ਜਾਣ ਠੀਕ ਨਹੀਂ। ਪ੍ਰਧਾਨ ਮੰਤਰੀ ਨੇ ਰਾਜਧਾਨੀ ਵਿਚ ਉਸਦੇ ਦਾਖਲੇ ਉਪਰ ਪਾਬੰਧੀ ਲਾ ਦਿਤੀ। ਪ੍ਰਧਾਨ ਮੰਤਰੀ ਨੇ ਬਾਦਸ਼ਾਹ ਨੂੰ ਰਾਸਪੂਤਿਨ ਬਾਰੇ ਦੱਸਿਆ ਤਾਂ ਉਸ ਨੇ ਹੱਸ ਕੇ ਕਿਹਾ- ਚੰਗਾ, ਹੁਣ ਨਹੀਂ ਉਹਨੂੰ ਆਪਾਂ ਇਥੇ ਵੜਨ ਦਿੰਦੇ। ਪਰ ਇਹ ਜ਼ਬਾਨੀ ਹੋਈ ਗੱਲ ਸੀ। ਰਾਸਪੁਤਿਨ ਨੂੰ ਰਾਜਧਾਨੀ ਵਿਚ ਦੇਖਣ ਪਿਛੋਂ ਉਸ ਨੂੰ ਗ੍ਰਿਫਤਾਰ ਕਰਨਾ ਬਣਦਾ ਸੀ। ਇਕ ਦਿਨ ਉਹ ਰਾਜਧਾਨੀ ਜਾਣ ਵਾਲੀ ਰੇਲ ਗੱਡੀ ਵਿਚ ਚੜਿਆ ਤਾਂ ਖੁਫੀਆ ਪੁਲੀਸ ਦੀ ਹਰਕਤ ਤਾੜ ਗਿਆ। ਉਸ ਨੇ ਚਲਦੀ ਗੱਡੀ ਵਿਚੋਂ ਛਾਲ ਮਾਰੀ, ਦੌੜ ਕੇ ਕਾਰ ਵਿਚ ਬੇਠਿਆ, ਮਿਲੀਤਸਾ ਡੱਚੇਸ ਦੇ ਮਹਿਲ ਅੰਦਰ ਜਾ ਵੜਿਆ। ਅੱਠ ਪਹਿਰ ਪੁਲਸ ਨੇ ਮਹਿਲ ਘੇਰੀ ਰੱਖਿਆ। ਪੁਲਿਸ ਉਥੋਂ ਉਦੋਂ ਹਟੀ ਜਦੋਂ ਗਵਰਨਰ ਦਾ ਹੁਕਮ ਆ ਗਿਆ ਕਿ ਰਾਸਪੁਤਿਨ ਸਟੇਟ ਦਾ ਮਹਿਮਾਨ ਹੈ। ਪੁਲਸ ਮੁਖੀ ਨੇ ਪ੍ਰਧਾਨ ਮੰਤਰੀ ਨੂੰ ਇਹ ਗੱਲ ਦੱਸੀ ਤਾਂ ਉਹ ਹੱਸ ਪਿਆ। ਗੱਲ ਖਤਮ।
ਈਸਾਈ ਸਾਧੂ ਇਲੀਆਡੋਰ ਰੂਸੀ ਚਰਚ ਦਾ ਸ਼ਕਤੀਸ਼ਾਲੀ ਆਗੂ, ਵਿਦਵਾਨ ਅਤੇ ਵਧੀਆ ਬੁਲਾਰਾ ਸੀ। ਉਸ ਦੇ ਉਪਾਸ਼ਕਾਂ ਦੀ ਗਿਣਤੀ ਲੱਖਾਂ ਵਿਚ ਸੀ ਜਿਸ ਕਰਕੇ ਉਹ ਸਟੇਟ ਦੀ ਆਲੋਚਨਾ ਤੋਂ ਵੀ ਪਰਹੇਜ਼ ਨਹੀਂ ਸੀ ਕਰਦਾ। ਜ਼ਾਰ ਨੂੰ ਉਸ ਦੀਆਂ ਹਰਕਤਾਂ ਚੰਗੀਆਂ ਨਾ ਲੱਗੀਆਂ ਤਾਂ ਸਜ਼ਾ ਵਜੋਂ ਉਸ ਦੀ ਬਦਲੀ ਸਾਇਬੇਰੀਆ ਦੇ ਚਰਚ ਵਿਚ ਕਰ ਦਿਤੀ ਗਈ। ਸਾਏਬੇਰੀਆ ਨੂੰ ਸਾਡੇ ਕਾਲੇ-ਪਾਣੀ ਦੀ ਸਜ਼ਾ ਵਾਂਗ ਸਮਝੇ। ਰਾਸਪੁਤਿਨ ਉਸ ਸਾਹਮਣੇ ਕੁਝ ਨਹੀਂ ਸੀ। ਇਲੀਆਡਰ ਰਾਸਪੂਤਿਨ ਨੂੰ ਚੰਗਾ ਬੰਦਾ ਨਹੀਂ ਸਮਝਦਾ ਸੀ। ਦੋਵਾਂ ਦਾ ਇਕ ਸਾਂਝੀ ਥਾਂ ਮੇਲ ਹੋਇਆ। ਰਾਸਪੁਤਿਨ ਨੇ ਈਲੀਆਡੋਰ ਨੂੰ ਜਫ਼ੀ ਵਿਚ ਘੁਟ ਲਿਆ। ਗਰਵਨੇਸ ਐਨਾ ਨੇ ਰਾਸਪੂਤਿਨ ਅੱਗੇ ਗੋਡਿਆਂ ਪਰਨੇ ਬੈਠ ਕੇ ਉਸ ਦਾ ਹੱਥ ਚੁੰਮਿਆ। ਜ਼ਾਰਿਨਾ ਉਸ ਨੂੰ ਸਤਿਕਾਰ ਨਾਲ ਮਿਲੀ। ਇਹ ਦੱਸਣ ਲਈ ਕਿ ਮੈਂ ਕੀ ਹਾਂ— ਰਾਸਪੂਤਿਨ ਈਲੀਆਡਰ ਵੱਲ ਦੇਖ ਕੇ ਮੁਸਕਾਇਆ ਤੇ ਜ਼ਾਰ ਨੂੰ ਕਿਹਾ, "ਇਨ੍ਹਾਂ ਦੀ ਬਦਲੀ ਵਾਪਸ ਰਾਜਧਾਨੀ ਵਿਚ ਕਰਨੀ ਹੈ ਮਹਾਰਾਜ।" ਬਾਦਸ਼ਾਹ ਨਿਕੋਲਸ ਬੋਲਿਆ, "ਪਰ ਇਸ ਤਬਾਦਲੇ ਦੇ ਹੁਕਮ ਉਪਰ ਤਾਂ ਅਸੀਂ ਆਪ ਦਸਖਤ ਕੀਤੇ ਹਨ?" ਰਾਸਪੂਤਿਨ ਨੇ ਕਿਹਾ- ਪਹਿਲੇ ਹੁਕਮ ਜਿਸ ਰਾਹੀਂ ਤੁਸੀਂ ਇਲੀਆਡੋਰ ਨੂੰ ਕੁੱਤਿਆਂ ਅਗੇ ਸੁੱਟ ਦਿਤਾ