

ਤਾਸਕੀ ਦਿੰਦਾ ਜਿਸ ਨੂੰ ਲੈਨਿਨ ਅਮਲ ਵਿਚ ਲਿਆਉਂਦਾ, ਪਰ ਉਲਟ ਹੋ ਗਿਆ। ਅਗਿਆਤਵਾਸੀ ਲੇਨਿਨ ਲੱਖ ਲਿਖਦਾ ਤੇ ਤਾਸਕੀ ਅਮਲ ਕਰਦਾ ਲੋਕਾਂ ਵਿਚ ਖਹਿੰਦਾ।
ਕਾਰਜਕਾਰਨੀ ਵਿਚ ਫ਼ੈਸਲਾ ਹੋਇਆ ਕਿ ਜੇ ਜਰਮਨ ਜਿਤਦੇ ਹੋਏ ਆ ਵੜੇ ਤਾਂ ਰਾਜਧਾਨੀ ਦੇ ਬਚਾਉ ਲਈ ਹਥਿਆਰਬੰਦ ਇਨਕਲਾਬੀ ਕਮੇਟੀ ਬਣਨੀ ਚਾਹੀਦੀ ਹੈ। ਇਹ ਸੁਝਾਅ 18 ਸਾਲ ਦੇ ਇਕ ਮੁੰਡੇ ਲਾਜ਼ੀਮੀਰ ਦਾ ਸੀ। ਇਸ ਕਮੇਟੀ ਦੇ ਕੀ ਨਤੀਜੇ ਹੋਣਗੇ ਨਾ ਮੁੰਡੇ ਨੂੰ ਪਤਾ ਸੀ ਨਾ ਬਾਕੀਆਂ ਨੂੰ। ਇਹੀ ਕਮੇਟੀ ਬਾਅਦ ਵਿਚ ਲਾਲ ਫ਼ੌਜ ਬਣੀ। ਲੈਨਿਨ ਫਿਨਲੈਂਡ ਚਲਾ ਗਿਆ। ਤਾਸਕੀ ਵਰੋਲੇ ਵਾਂਗ ਸ਼ਹਿਰ ਸ਼ਹਿਰ ਭਾਸ਼ਣ ਕਰਦਾ ਫਿਰਦਾ ਤੇ ਲੋਕ ਉਸ ਨੂੰ ਸੁਣਨ ਵਾਸਤੇ ਸਦਾ ਉਤਾਵਲੇ ਹੁੰਦੇ।
16 ਅਕਤੂਬਰ ਨੂੰ ਜਦੋਂ ਕਰੇਸਕੀ ਨੇ ਤੋਪਖਾਨੇ ਨੂੰ ਪੀਤਰੋਗਰਾਦ ਤੋਂ ਕੂਚ ਕਰ ਕੇ ਬਾਰਡਰ ਉਪਰ ਜਾਣ ਦਾ ਹੁਕਮ ਦਿਤਾ ਤਾਂ ਫ਼ੌਜੀ ਜੁਆਨ ਹੁਕਮ ਮੰਨਣ ਤੋਂ ਇਨਕਾਰੀ ਹੋ ਗਏ। ਤਾਸਕੀ ਨੂੰ ਪਤਾ ਲੱਗਾ ਤਾਂ ਜਾਣਨ ਲਈ ਕਿ ਵਾਕਈ ਇਹ ਬਗਾਵਤ ਹੈ ਕਿ ਅਫਵਾਹ, ਉਸ ਨੇ ਤੁਰਤ ਫ਼ੌਜ ਨੂੰ ਲਿਖਤੀ ਹੁਕਮ ਭੇਜਿਆ- ਮੈਂ ਬੰਦੇ ਭੇਜ ਰਿਹਾ ਹਾਂ। ਸਾਨੂੰ ਪੰਜ ਹਜ਼ਾਰ ਬੰਦੂਕਾਂ ਚਾਹੀਦੀਆਂ ਹਨ। ਗਜ਼ਬ ਹੋ ਗਿਆ। ਪੰਜ ਹਜ਼ਾਰ ਬੰਦੂਕਾਂ ਤਾਸਕੀ ਕੋਲ ਪੁੱਜ ਗਈਆਂ।
22 ਅਕਤੂਬਰ ਨੂੰ ਉਸ ਨੇ ਪੀਪਲਜ਼ ਹਾਊਸ ਸਾਹਮਣੇ ਇਤਿਹਾਸਕ ਭਾਸ਼ਣ ਦਿਤਾ- ਹੁਣ ਜਾਂ ਵਿਜੇ ਜਾਂ ਮੌਤ ਹੋਰ ਕੁੱਝ ਨਹੀਂ। ਉਸ ਨੇ ਕਿਹਾ- ਵਾਅਦਾ ਕਰੋ, ਸਮਰਥਨ ਦੀ ਕਸਮ ਖਾਓ । ਬੇਮਿਸਾਲ ਹੱਥ ਲਹਿਰਾਂ ਵਾਂਗ ਝੂਮੇ। ਕਿਸਾਨ ਨੂੰ ਜ਼ਮੀਨ, ਭੁਖੇ ਨੂੰ ਰੋਟੀ, ਬੇਕਾਰ ਨੂੰ ਰੁਜ਼ਗਾਰ ਅਤੇ ਸੋਵੀਅਤ ਦੇਸ ਨੂੰ ਇੱਜ਼ਤ ਮਿਲੇਗੀ। ਜਦੋਂ ਉਸ ਪਿਛੋਂ ਐਲਾਨ ਹੋਇਆ ਕਿ ਹੁਣ ਵਲਾਣਾ ਨੇਤਾ ਬੋਲੇਗਾ, ਲੋਕ ਇਹ ਕਹਿ ਕੇ ਉਠ ਗਏ- ਹੁਣ ਹੋਰ ਕੀ ਰਹਿ ਗਿਆ ਬਕਾਇਆ? ਇਕੱਲਾ ਬੰਦਾ ਪੂਰੇ ਸਮੁੰਦਰ ਨੂੰ ਖਿਚੀ ਲਈ ਜਾਂਦਾ ਸੀ। ਕਰੇਂਸਕੀ ਬਗਾਵਤ ਕੁਚਲਣ ਲਈ ਤਿਆਰ ਸੀ। ਤਾਸਕੀ ਉਡੀਕ ਰਿਹਾ ਸੀ ਕਿ ਕਦੋਂ ਕਰੇਂਸਕੀ ਕੋਈ ਅਜਿਹਾ ਫ਼ੈਸਲਾ ਕਰਦਾ ਹੈ ਜਿਸ ਨਾਲ ਲੋਕ ਬਗਾਵਤ ਦਾ ਐਲਾਨ ਕਰਨ। ਕਰੇਂਸਕੀ ਨੇ ਕਾਮਰੇਡਾਂ ਦਾ ਅਖਬਾਰ ਪਰਾਵਦਾ ਬੰਦ ਕਰਕੇ ਛਾਪਾਖਾਨਾ ਸੀਲ ਕਰ ਦਿਤਾ ਤੇ ਛਾਪੇਖਾਨੇ ਨੂੰ ਜਾਂਦੀ ਸੜਕ ਉਤੇ ਤੁਰਨ ਦੀ ਮਨਾਹੀ ਕਰ ਦਿਤੀ। ਛਾਪੇਖਾਨੇ ਵਿਚ ਕੰਮ ਕਰਦੀ ਇਕ ਕੁੜੀ ਅਤੇ ਇਕ ਬੰਦਾ ਤਾਸਕੀ ਪਾਸ ਆ ਕੇ ਕਹਿਣ ਲੱਗੇ- ਅਸੀਂ ਸਰਕਾਰੀ ਸੀਲਾਂ ਤੋੜ ਕੇ ਕੰਮ ਕਰਨਾ ਚਾਹੁੰਦੇ ਹਾਂ, ਦੇਖਾਂਗੇ ਕੀ ਕਰਦੀ ਹੈ ਸਰਕਾਰ। ਕਮਾਲ ਹੈ- ਤਾਸਕੀ ਦੀਆਂ ਅੱਖਾਂ ਲਿਸ਼ਕੀਆਂ- ਗਜ਼ਬ, ਉਸ ਨੇ ਕਿਹਾ ਮਾਮੂਲੀ ਸੀਲ ਟੁੱਟੇਗੀ ਤੇ ਯੁੱਧ ਦਾ ਐਲਾਨ ਹੋ ਜਾਏਗਾ- ਬਗਾਵਤ ਦਾ ਐਲਾਨ ! ਕਮਾਲ।