ਗੱਪੀ ਹੈ ਜਿਸ ਨੂੰ ਨਾ ਧਰਮ ਦਾ ਪਤਾ ਹੈ ਨਾ ਸੰਗਤ ਦਾ। ਸਾਨੂੰ ਬੜਾ ਕਰੋਧ ਆਇਆ।" ਬੁੱਧ ਨੇ ਕਿਹਾ- ਭਾਈਓ ਜੇ ਕੋਈ ਮੇਰੇ ਵਿਰੁੱਧ ਧਰਮ ਵਿਰੁੱਧ ਜਾਂ ਸੰਘ ਵਿਰੁੱਧ ਬੋਲੇ ਤਾਂ ਸੁਣ ਕੇ ਕਰੋਧ ਕਿਉਂ ਕਰਦੇ ਹੋ ? ਕਰੋਧ ਤੁਹਾਡੇ ਅੰਦਰ ਮੌਜੂਦ ਸੂਖਮ ਚਿੱਤ ਨੂੰ ਤਾਂ ਨੁਕਸਾਨ ਕਰੇਗਾ ਹੀ, ਇਹ ਤੁਹਾਨੂੰ ਨਿਆਂ ਕਰਨ ਦੇ ਸਮੱਰਥ ਵੀ ਨਹੀਂ ਛੱਡੇਗਾ ਕਿ ਤੁਹਾਡੀ ਆਲੋਚਨਾ ਕਰਨ ਵਾਲਾ ਬੰਦਾ ਠੀਕ ਕਹਿੰਦਾ ਹੈ ਕਿ ਗਲਤ। ਕਰੋਧ ਨਹੀਂ ਕਰਨਾ। ਆਲੋਚਕ ਨੂੰ ਧਿਆਨ ਨਾਲ ਸੁਣੋ। ਸ਼ਾਇਦ ਉਹ ਠੀਕ ਕਹਿੰਦਾ ਹੋਵੇ। ਜੇ ਉਹ ਠੀਕ ਕਹਿ ਰਿਹਾ ਹੋਵੇ ਆਪਣੇ ਆਪ ਨੂੰ ਸੁਧਾਰੇ। ਜੇ ਗਲਤ ਕਹਿ ਰਿਹਾ ਹੋਵੇ ਤਦ ਵੀ ਕਰੋਧ ਨਾ ਕਰੋ।
ਬ੍ਰਾਹਮਣ ਨੇ ਤੁਹਾਡੇ ਨਾਲ ਨਿਆਂ ਨਹੀਂ ਕੀਤਾ ਸੀ। ਮੈਂ ਤੁਹਾਨੂੰ ਇਸ ਯੋਗ ਕਰਾਂਗਾ ਕਿ ਤੁਹਾਡੇ ਹੱਥੋਂ ਬ੍ਰਾਹਮਣ ਨੂੰ ਇਨਸਾਫ ਮਿਲੇ। ਗੁੱਸਾ ਕਰਨ ਵਾਲੇ ਬੰਦੇ ਇਨਸਾਫ ਨਹੀਂ ਕਰ ਸਕਦੇ ਉਪਾਸ਼ਕੋ।
ਵਿਦਵਾਨ
ਬੁੱਧ ਨੇ ਕਿਹਾ, ਜਿਹੜੇ ਵਿਦਵਾਨ ਰਿਸ਼ੀ ਬ੍ਰਹਮ ਬਾਰੇ ਵਖਿਆਨ ਦਿੰਦੇ ਹਨ, ਉਪਦੇਸ਼ ਕਰਦੇ ਹਨ, ਉਨ੍ਹਾਂ ਨੂੰ ਬ੍ਰਹਮ ਦਾ ਕੋਈ ਪਤਾ ਨਹੀਂ। ਉਹ ਜਾਨ ਵਾਰਨ ਵਾਲੇ ਅਜਿਹੇ ਆਸ਼ਕ ਹਨ ਜਿਨ੍ਹਾਂ ਨੇ ਆਪਣੀ ਮਹਿਬੂਬ ਕਦੀ ਦੇਖੀ ਨਹੀਂ। ਉਨ੍ਹਾਂ ਨੇ ਚੜ੍ਹਨ ਲਈ ਪੌੜੀ ਬਣਾ ਲਈ ਹੋਈ ਹੈ ਪਰ ਜਿਸ ਮਹਿਲ ਉਪਰ ਚੜ੍ਹਨਾ ਹੈ ਉਹ ਮਹਿਲ ਅਜੇ ਉਨ੍ਹਾਂ ਨੇ ਦੇਖਿਆ ਨਹੀਂ। ਉਹ ਦਰਿਆ ਪਾਰ ਕਰਨਾ ਚਾਹੁੰਦੇ ਹਨ ਪਰ ਉਨ੍ਹਾਂ ਦੀ ਇੱਛਾ ਹੈ ਕਿ ਦਰਿਆ ਦਾ ਪਰਲਾ ਕਿਨਾਰਾ ਉਨ੍ਹਾਂ ਵੱਲ ਚੱਲ ਕੇ ਆ ਜਾਵੇ। ਤੁਸੀਂ ਇਨ੍ਹਾਂ ਨੂੰ ਵਿਦਵਾਨ ਕਹੋਗੇ ?
ਪ੍ਰਸ਼ਨਜੀਤ
ਰਾਜਾ ਪ੍ਰਸ਼ਨਜੀਤ ਬੁੱਧ ਪਾਸ ਆ ਕੇ ਕਹਿਣ ਲੱਗਾ - ਜੀ ਮਨ ਸ਼ਾਂਤ ਕਿਵੇਂ ਹੋਵੇ? ਮਹਿਲਾਂ ਵਿਚ ਸਭ ਕੁੱਝ ਹੋਣ ਦੇ ਬਾਵਜੂਦ ਮਨ ਅੰਦਰ ਬੇਚੈਨੀ ਹੈ। ਬੁੱਧ ਨੇ ਕਿਹਾ - ਜਿਸ ਰੁੱਖ ਨੂੰ ਅੱਗ ਲਗੀ ਹੋਵੇ ਪ੍ਰਸ਼ਨਜੀਤ, ਕੀ ਕਦੀ ਦੇਖਿਆ ਹੈ ਕਿ ਪੰਛੀ ਉਸ ਉਤੇ ਬੈਠੇ ਗਾ ਰਹੇ ਹੋਣ? ਜਿਥੇ ਵਾਸ਼ਨਾਵਾਂ ਦੀ ਭਰਮਾਰ ਹੋਵੇ ਉਥੇ ਸੱਚ ਦੇ ਪੰਛੀਆਂ ਦਾ ਆਲ੍ਹਣਾ ਨਹੀਂ ਬਣ ਸਕਦਾ। ਭਾਵੇਂ ਆਪਣੇ ਆਪ ਨੂੰ ਕੋਈ ਮਹਾਤਮਾ ਅਖਵਾਉਂਦਾ ਫਿਰੇ ਵਾਸ਼ਨਾਵਾਂ ਕਾਇਮ ਹਨ ਤਾਂ ਸ਼ਾਂਤੀ ਨਸੀਬ ਨਹੀਂ ਹੋਵੇਗੀ। ਅੱਗ ਬੁਝ ਜਾਵੇਗੀ ਤਾਂ ਹਰੇ ਭਰੇ ਦਰਖਤਾਂ ਉੱਪਰ ਪੰਛੀ ਚਹਿ ਚਹਾਉਣਗੇ।
ਮਾਲੁੱਕਯ-ਪੁੱਤ
ਮਾਲੁਕਯਪੁੱਤ ਬੁੱਧ ਦੇ ਡੇਰੇ ਵਿਚ ਆਇਆ ਤੇ ਕਿਹਾ, "ਹੇ ਸਾਕਯਮੁਨੀ, ਤੁਸੀਂ ਪਾਰਬ੍ਰਹਮ ਬਾਰੇ ਕੁਝ ਨਹੀਂ ਦੱਸਿਆ। ਸੰਸਾਰ ਅਮਰ ਹੈ ਕਿ ਨਾਸ਼ਵਾਨ, ਸੀਮਤ ਹੈ ਕਿ ਅਨੰਤ ?