ਸਭਨਾ ਨੂੰ ਵੀ ਪਤਾ ਹੈ ਆਪਾ ਹੁਣ ਵਿਛੜਾਗੇ। ਮੈਂ ਦੱਸਦਾ ਤਾਂ ਰਿਹਾ ਹਾਂ ਕਿ ਸਭ ਤੋਂ ਪਿਆਰੀਆਂ ਵਸਤਾਂ ਸਭ ਤੋਂ ਪਿਆਰੇ ਮਿੱਤਰ, ਵਿਛੜਨਗੇ। ਮੂਰਖ ਕਹਿੰਦਾ ਹੈ- "ਇਹ ਮੈਂ ਹਾਂ- ਮੈਂ ਹਾਂ ਇਥੇ।" ਸਿਆਣਾ ਆਦਮੀ ਇਧਰ ਉਧਰ ਦੇਖਦਾ ਹੈ। ਨਾ ਕਿਧਰੇ ਉਸ ਨੂੰ ਮੈਂ ਦਿਸਦੀ ਹੈ ਨਾ ਮੈਂ ਦਾ ਟਿਕਾਣਾ। ਤਾਂ ਆਨੰਦ ਇਹ ਸਰੀਰ ਕਿਉਂ ਸੰਭਾਲ ਕੇ ਰੱਖੀਏ ਜਦੋਂ ਕਿ ਬੇਅੰਤ ਸ਼ਾਨਦਾਰ ਸਰੀਰ, ਪੰਥ, ਉਹ ਪੰਥ ਜਿਸ ਵਿਚ ਧਰਮ ਸਮਾ ਗਿਆ ਹੈ, ਹਮੇਸ਼ ਰਹੇਗਾ। ਧਰਮ-ਕਾਇਆ ਥਿਰ ਰਹੇਗੀ। ਵਿਸ਼ਵਾਸ ਰੱਖੋ। ਮੈਂ ਸੰਤੁਸ਼ਟ ਹਾਂ। ਜੋ ਕੰਮ ਮੇਰੇ ਜਿੰਮੇ ਲੱਗਾ ਸੀ ਉਹ ਮੈਂ ਕਰ ਚੱਲਿਆ ਹਾਂ। ਇਸੇ ਦੀ ਲੋੜ ਸੀ। ਸੰਸਾਰ ਵਿਚ ਪੈਦਾ ਹੋਣ ਵਾਲਾ ਮੈਂ ਪਹਿਲਾ ਬੁੱਧ ਨਹੀਂ ਹਾਂ। ਨਾ ਮੈਂ ਆਖਰੀ ਬੁੱਧ ਹਾਂ। ਸੱਚ ਪਰਗਟ ਕਰਨ ਲਈ ਮੈਂ ਤੁਹਾਡੇ ਵਿਚ ਆ ਉਤਰਿਆ ਸੀ। ਗੋਤਮ ਨਹੀਂ ਰਹੇਗਾ। ਬੁੱਧ ਹਮੇਸ਼ ਰਹੇਗਾ ਕਿਉਂਕਿ ਸੱਚ ਦਾ ਨਾਮ ਬੁੱਧ ਹੈ ਤੇ ਸੱਚ ਕਦੇ ਨਹੀਂ ਮਰਦਾ। ਜਿਹੜਾ ਸੱਚੇ ਮਾਰਗ ਤੇ ਤੁਰੇਗਾ ਉਹ ਮੇਰਾ ਵਿਦਿਆਰਥੀ ਹੋਵੇਗਾ- ਮੈਂ ਉਸ ਨੂੰ ਪੜ੍ਹਾਵਾਂਗਾ। ਮੈਂ, ਜਿਹੜਾ ਕਿ ਬੁੱਧ ਹਾਂ, ਹਮੇਸ਼ਾ ਤੁਹਾਡੇ ਅੰਗ ਸੰਗ ਰਹਾਂਗਾ।
ਆਨੰਦ ਨੇ ਕਿਹਾ- ਸਾਨੂੰ ਆਖਰੀ ਵਕਤ ਕੁਝ ਹੋਰ ਵੀ ਦੱਸ ਮਹਾਰਾਜ।
ਬੁੱਧ ਨੇ ਹੌਲੀ-ਹੌਲੀ ਕਿਹਾ- ਆਨੰਦ, ਸਾਰੀ ਉਮਰ ਜੋ ਵੀ ਦੱਸਿਆ, ਇਕ ਨੂੰ ਜਾਂ ਅਨੇਕ ਨੂੰ, ਆਪਣੇ ਦੋਵੇਂ ਹੱਥ ਵੇਲਾਅ ਕੇ ਦੱਸਿਆ। ਇਸ ਸਾਧ ਨੇ ਕਦੀ ਮੁੱਠੀ ਬੰਦ ਕੀਤੀ ਹੀ ਨਹੀਂ। ਜੋ ਮਿਲਿਆ ਸੋ ਵੰਡ ਦਿੱਤਾ। ਕਈ ਭੇਦ ਨਹੀਂ ਹੈ ਇਸ ਵਕਤ ਮੇਰੇ ਕੋਲ। ਕੋਈ ਚੀਜ਼ ਗੁਪ ਤੂ ਨਹੀਂ ਰੱਖੀ ਮੈਂ ਕਦੀ।
ਆਨੰਦ ਨੇ ਪੁੱਛਿਆ- ਤੁਹਾਡੇ ਬਗੈਰ ਕੀ ਕਰਾਂਗੇ ਸੁਆਮੀ ਅਸੀਂ ?
ਬੁੱਧ ਨੇ ਕਿਹਾ- ਉਨ੍ਹਾਂ ਮਿਸ਼ਰਿਤ ਕਣਾਂ ਦਾ ਮੇਰਾ ਸਰੀਰ ਬਣਿਆ ਹੋਇਆ ਹੈ ਜਿਹੜਿਆਂ ਕਣਾਂ ਦਾ ਤੁਹਾਡਾ ਸਭਦਾ ਸਰੀਰ ਹੈ। ਇਹ ਵਿਸ਼ੇਸ਼ ਨਹੀਂ ਹੈ। ਇਹ ਕਣ ਅਵੱਸ਼ ਖੰਡਿਤ ਹੋਣਗੇ। ਹੌਂਸਲਾ ਨਹੀਂ ਹਾਰਨਾ।
ਆਨੰਦ ਨੇ ਫਿਰ ਪੁਛਿਆ- ਹੇ ਸਾਕੱਯ ਮੁਨੀ, ਤੁਹਾਡੇ ਪਿਛੋਂ ਕੌਣ ਸਾਡੀ ਅਗਵਾਈ ਕਰੇਗਾ? ਬੁੱਧ ਨੇ ਕਿਹਾ- ਧਰਮ। ਧਰਮ ਤੁਹਾਡਾ ਰਥਵਾਨ ਬਣੇ। ਆਪਣੇ ਅੰਧਕਾਰਮਈ ਰਾਹਾਂ ਵਿਚ ਆਪਣੇ ਦੀਪਕ ਆਪ ਬਣਨਾ। ਆਪਣੇ ਨੱਕ ਵਿਚ ਨੱਥ ਅਵੱਸ਼ ਪਾਉਣੀ ਪਰ ਰੱਸੀ ਆਪਣੇ ਹੱਥ ਵਿਚ ਪਕੜ ਕੇ ਰੱਖਣੀ। ਘੋੜੇ ਦਾ ਲਗਾਮ ਤੇ ਕਿਸ਼ਤੀ ਦਾ ਚੱਪੂ ਆਪ ਫੜਨਾ। ਕਦੀ ਲੱਗੇ ਕਿ ਤੁਸੀਂ ਨਿਰਬਲ ਹੋ, ਕਦੀ ਕਿਸੇ ਦੀ ਸ਼ਰਣ ਵਿਚ ਜਾਣ ਦਾ ਮਨ ਕਰੇ ਤਾਂ ਸ਼ਰਣ ਵਿਚ ਚਲੇ ਜਾਣਾ ਪਰ ਬਿਗਾਨੇ ਦੀ ਸ਼ਰਣ ਵਿਚ ਨਹੀਂ। ਆਪਣੇ ਸ਼ਰਣਦਾਤੇ ਆਪ ਬਣਨਾ।
ਉਹ ਰੁਕਿਆ। ਫਿਰ ਕਹਿਣ ਲੱਗਾ- ਜਿਹੜੇ ਭਿੱਖੂ ਮੇਰੇ ਨਾਲ ਰਹੇ ਉਨ੍ਹ