ਨੂੰ ਅੱਜ ਵਰ ਵੀ ਦੇਣਾ ਹੈ ਸਰਾਪ ਵੀ। ਵਰ ਇਹ ਕਿ ਮੇਰੇ ਸਾਥੀ ਭਿੱਖੂ ਜੋ ਕਰਨ, ਜੋ ਕਹਿਣ, ਸੰਘ ਉਸ ਦੀ ਨੁਕਤਾਚੀਨੀ ਨਾ ਕਰੋ। ਇਹ ਉਨ੍ਹਾਂ ਨੂੰ ਵਰ ਹੈ। ਪਰ ਜੋ ਉਹ ਕਹਿਣ ਜਾਂ ਜੋ ਉਹ ਕਰਨ, ਉਹ ਮੰਨਣਯੋਗ ਜਾਂ ਕਰਨਯੋਗ ਨਹੀਂ ਹੋਵੇਗਾ। ਕਰਨਾ ਉਹ ਹੋ ਜੋ ਸੰਘ (ਸੰਗਤ) ਕਹੇ। ਸੰਘ ਦੇ ਫੈਸਲੇ ਸਰਬੋਤਮ ਹੋਣਗੇ।
ਸਾਕਯਮੁਨੀ ਕੁਝ ਦੇਰ ਚੁੱਪ ਰਿਹਾ, ਫਿਰ ਬੋਲਿਆ, "ਦੇਖੋ ਭਿੱਖਾਓ, ਤਬਾਗਤ ਇਥੋਂ ਜਾਣ ਵਾਲਾ ਹੈ। ਮੈਂ ਚਾਹੁੰਦਾ ਹਾਂ ਤੁਸੀਂ ਆਖੋ-
"ਸਭ ਤੱਤ ਬੁੱਢੇ, ਜਰਜਰੇ ਹੋ ਜਾਂਦੇ ਹਨ।
ਸਭ ਤੱਤ ਅੰਤ ਚੋਗਿਰਦੇ ਵਿਚ ਘੁਲ ਜਾਂਦੇ ਹਨ।
ਜੋ ਅਮਰ ਹੈ ਉਸ ਦੀ ਤਲਾਸ਼ ਕਰੋ।
ਪੂਰੀ ਤਾਕਤ ਨਾਲ ਮੁਕਤੀ ਦੀ ਪ੍ਰਾਪਤੀ ਵਾਸਤੇ ਮਿਹਨਤ ਕਰੋ।"
ਹੌਲੀ ਹੌਲੀ ਉਹ ਧਰਤੀ ਤੋਂ ਜਾਣ ਲੱਗਾ। ਉਸ ਨੇ ਧਰਮ ਦੀਆਂ ਸਭ ਸਮਾਧੀਆਂ ਪਾਰ ਕੀਤੀਆਂ। ਫਿਰ ਸਦਾ ਲਈ ਅੱਖਾਂ ਮੁੱਦ ਲਈਆਂ। ਆਨੰਦ ਨੇ ਕਿਹਾ- "ਹੇ ਸ਼ਰੱਮਣੇ, ਹੋ ਭਿੱਖੂਓ, ਹੋ ਉਪਾਸ਼ਕੋ ਸਾਡੇ ਪਾਸੋਂ ਸਾਡਾ ਮਿੱਤਰ ਚਲਾ ਗਿਆ ਹੈ।" ਭਿੱਖੂ ਵਿਰਲਾਪ ਕਰਨ ਲੱਗੇ। ਵਡੇਰਿਆਂ ਨੇ ਦਿਲਾਸੇ ਦਿੱਤੇ। ਪਾਵਾ ਤੇ ਕੁਸ਼ੀਨਗਰ ਦਾ ਰਾਜਾ ਮੱਲਸ ਫੁੱਲਾਂ ਦੇ ਹਾਰ, ਸੁੰਦਰ ਵਸਤਰ ਅਤੇ ਸੁਗੰਧੀਆਂ ਲੈ ਕੇ ਮਹਾਂਯੋਗੀ ਨੂੰ ਸ਼ਰਧਾਂਜਲੀ ਦੇਣ ਲਈ ਸਭ ਤੋਂ ਪਹਿਲਾ ਆਇਆ। ਮੱਲਸ ਨੇ ਕਿਹਾ-ਤਥਾਗਤ ਨੇ ਆਖਰੀ ਵਾਰ ਸਾਨੂੰ ਯਾਦ ਕੀਤਾ, ਇਹ ਕਰਜ਼ਾ ਕਿਵੇ- ਉਤਾਰਾਂਗ ਅਸੀਂ? ਫਿਰ ਉਹ ਬੋਲਿਆ ਸਾਨੂੰ ਕਿੰਨੇ ਧਨਵਾਨ ਕਰ ਗਿਆ ਹੈ ਉਹ। ਸਾਡੇ ਵਰਗਾ ਕੌਣ ਹੈ ਅਮੀਰ ਅਜ ਦੁਨੀਆਂ ਵਿਚ? ਜਿਵੇਂ-ਜਿਵੇਂ ਖਬਰਾਂ ਪੁੱਜਦੀਆਂ ਗਈਆਂ ਲੋਕ ਦਰਸ਼ਨਾਂ ਲਈ ਕਤਾਰਾਂ ਬੰਨ੍ਹ-ਬੰਨ੍ਹ ਆਉਂਦੇ ਗਏ। ਉਸ ਦੀ ਮਿਰਤਕ ਦੇਹ ਸੱਤ ਦਿਨ ਦਰਸ਼ਨਾ ਵਾਸਤੇ ਸੰਭਾਲੀ ਗਈ। ਅਮਰਪਾਲੀ ਆਪਣੇ ਸੰਗੀਤ ਮੰਡਲ ਸਮੇਤ ਆਈ। ਮੱਥਾ ਟੇਕਿਆ ਅਤੇ ਨਜ਼ਦੀਕ ਬੇਠ ਕੇ ਭਜਨ ਗਾਉਣ ਲੱਗ ਪਈ। ਉਸ ਦਾ ਜਥਾ ਸਾਰਾ ਹਫਤਾ ਉਥੇ ਰਿਹਾ। ਅਮਰਪਾਲੀ ਲਗਾਤਾਰ ਗਾਉਂਦੀ ਰਹੀ।
ਜਦੋਂ ਅਰਥੀ ਸ਼ਮਸ਼ਾਨਘਾਟ ਵੱਲ ਲੈ ਕੇ ਤੁਰੇ ਤਾਂ ਅਮਰਪਾਲੀ ਕਾਫਲੇ ਦੇ ਅੱਗੇ ਹੋ ਗਈ। ਉਸ ਦਾ ਜਥਾ ਉਸ ਦੇ ਨਾਲ ਸੀ। ਉਹ ਸ਼ਮਸ਼ਾਨਘਾਟ ਤਕ ਨੱਚਦੀ ਗਈ। ਉਸ ਦਾ ਜਥਾ ਗਾਉਂਦਾ ਗਿਆ।
ਅਸਥੀਆਂ ਲੈਣ ਮਗਧ ਦਾ ਰਾਜਾ ਅਜ਼ਾਤਬੱਤਰ ਆਇਆ। ਵੈਸ਼ਾਲੀ ਗਣਤੰਤਤਰ ਦੇ ਛੇ ਰਾਜੇ ਆਏ ਤੇ ਅਸਥੀਆਂ ਲੈਣ ਲਈ ਪ੍ਰਾਰਥਨਾ ਕੀਤੀ। ਕਪਿਲਵਸਤੂ ਦੇ ਸ਼ਾਕਯ ਆਏ, ਐਲਕਲਪ ਦਾ ਬਯੂਲੀ, ਰਾਮਗਾਮ ਦਾ ਰਾਜਾ ਕੋਲਿਅਸ, ਪਾਵਾ ਦਾ ਰਾਜਾ ਮੱਲਸ ਤੇ ਪਿਪਲੀਵਣ ਦਾ ਰਾਜਾ ਮਰਯਾ ਆਇਆ।