ਸਮੇਂ ਵਿਚ ਬੱਚੇ ਦੀ ਵਿਦਿਆ ਪੂਰੀ ਕਰਵਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ। ਪਿੰਡ ਦੇ ਅਧਿਆਪਕ ਪਾਸੋਂ ਲਿਖਣਾ ਪੜ੍ਹਨਾ ਸਿੱਖਿਆ ਤੇ ਫਿਰ ਉਸ ਦਾ ਝੁਕਾਅ ਕਵਿਤਾ ਅਤੇ ਪ੍ਰਾਚੀਨ ਇਤਿਹਾਸ ਵੱਲ ਹੋ ਗਿਆ। ਉਹ ਚੀਨ ਦੇ ਸ਼ਾਸਤਰੀ ਸੰਗੀਤ ਦੀਆਂ ਗਹਿਰਾਈਆ ਤੱਕ ਪੁੱਜਾ। ਉਹ ਬੜਾ ਅੱਛਾ ਵੀਣਾ ਵਾਦਕ ਸੀ ਤੇ ਪੁਰਾਤਨ ਲੋਕ-ਗੀਤਾਂ ਦੀਆਂ ਧੁਨਾਂ ਗਾ ਕੇ ਪ੍ਰਸੰਨ ਹੁੰਦਾ। ਪੰਦਰਾਂ ਸਾਲਾਂ ਦੀ ਉਮਰ ਵਿਚ ਉਸ ਨੇ ਆਪਣੇ ਆਪ ਨਾਲ ਇਹ ਦ੍ਰਿੜ੍ਹ ਫੈਸਲਾ ਕੀਤਾ ਕਿ ਕੇਵਲ ਅਧਿਐਨ ਤੇ ਅਧਿਆਪਨ ਕਰੇਗਾ। ਇਹੀ ਕੰਮ ਉਸ ਨੇ ਸਾਰੀ ਉਮਰ ਕੀਤਾ। ਉਸ ਨੂੰ ਸ਼ਿਕਾਰ ਖੇਡਣ ਦਾ ਸ਼ੌਕ ਸੀ ਪਰ ਉਹ ਆਪਣੇ ਵਿਦਿਆਰਥੀਆਂ ਨੂੰ ਕਿਹਾ ਕਰਦਾ ਸੀ ਕਿ ਸ਼ਿਕਾਰ ਕਰਨ ਵੇਲੇ ਜਾਂ ਖੇਡਣ ਵੇਲੇ ਧੋਖਾ ਨਹੀਂ ਕਰਨਾ ਅਤੇ ਬਿਪਤਾ ਵਿਚ ਵੀ ਬਰਾਫ਼ਤ ਦਾ ਪੱਲਾ ਨਹੀਂ ਛੱਡਣਾ।
ਵੀਹ ਸਾਲ ਦੀ ਉਮਰ ਵਿਚ ਟੈਕਸ ਕੁਲੈਕਟਰ ਵਜੋਂ ਨੌਕਰੀ ਸ਼ੁਰੂ ਕੀਤੀ ਤੇ ਵਿਆਹ ਕੀਤਾ। ਵਿਆਹ ਸਫਲ ਨਹੀਂ ਸੀ ਪ੍ਰੰਤੂ ਉਹ ਕਿਹਾ ਕਰਦਾ ਸੀ, "ਇਸ ਦਾ ਇਕ ਲਾਭ ਵੀ ਹੋਇਆ। ਘਰ ਪੁੱਤਰ ਪੈਦਾ ਹੋ ਗਿਆ ਤਾਂ ਮੈਨੂੰ ਇਹ ਤਸੱਲੀ ਹੋ ਗਈ ਕਿ ਹੁਣ ਘਰ ਦੀਆਂ ਜਿੰਮੇਵਾਰੀਆਂ ਇਹ ਮੁੰਡਾ ਸੰਭਾਲ ਲਏਗਾ ਤੇ ਮੈਂ ਕੁਝ ਪੜ੍ਹ ਲਵਾਂਗਾ।" ਪੱਚੀ ਸਾਲ ਦੀ ਉਮਰ ਵਿਚ ਆਪਣੀ ਮਾਂ ਦੇ ਦੇਹਾਂਤ ਸਮੇਂ ਉਹ ਏਨਾ ਉਦਾਸ ਹੋਇਆ ਕਿ ਤਿੰਨ ਸਾਲ ਦੁੱਖ ਵਿਚ ਡੁੱਬਾ ਰਿਹਾ। ਨਾ ਪੜ੍ਹ ਸਕਦਾ ਨਾ ਪੜਾ ਸਕਦਾ। ਗਾਉਣ ਲਗਦਾ ਤਾਂ ਵੀਣਾ ਦੀ ਸੁਰ ਆਵਾਜ਼ ਨਾਲ ਨਾ ਰਲਦੀ।
ਅਖੀਰ ਉਹ ਸੰਭਲਿਆ ਤੇ ਅਧਿਆਪਨ ਦਾ ਕਿੱਤਾ ਅਪਣਾ ਲਿਆ। ਇਤਿਹਾਸ, ਕਾਵਿ, ਰਾਜਨੀਤੀ, ਨੇਤਿਕ ਸ਼ਾਸਤਰ ਸੰਗੀਤ ਅਤੇ ਧਰਮ ਦੀ ਸਿੱਖਿਆ ਉਸ ਦੇ ਵਿਸ਼ੇ ਸਨ। ਵਿਦਿਆਰਥੀ ਉਸ ਦੇ ਆਲੇ-ਦੁਆਲੇ ਘੁੰਮਦੇ ਰਹਿੰਦੇ। ਕਈ ਤਾਂ ਵਰ੍ਹਿਆ ਬੱਧੀ ਉਸ ਦੇ ਨਾਲ ਹੀ ਰਹੇ। ਵੱਡੇ ਘਰਾਣਿਆ ਦੇ ਬੱਚੇ ਉਸ ਪਾਸੋਂ ਸਿੱਖਣ ਆਉਂਦੇ ਪਰ ਮਹਾਤਮਾ ਕਿਹਾ ਕਰਦਾ, "ਸਮਾਜ ਜਿਸ ਕਦਰ ਗਿਰ ਚੁੱਕਾ ਹੈ, ਕੇਵਲ ਵਿਦਿਆ ਪ੍ਰਾਪਤ ਕਰਨ ਨਾਲ ਇਸ ਦਾ ਇਲਾਜ ਨਹੀਂ ਹੋਵੇਗਾ। ਸਾਨੂੰ ਰਾਜ ਸੰਭਲਣਾ ਪਵੇਗਾ, ਖੁਦ ਹਕੂਮਤ ਨਾ ਕਰਾਂਗੇ ਤਾ ਬਰਬਾਦ ਹੋ ਜਾਵਾਂਗੇ।"
ਇਕ ਮੌਕਾ ਅਜਿਹਾ ਵੀ ਆਇਆ ਜਦੋਂ ਉਸ ਨੂੰ 'ਲੂ' ਨਾਮ ਦੀ ਰਿਆਸਤ ਵਿਚ ਲੋਕ ਨਿਰਮਾਣ ਵਿਭਾਗ ਦਾ ਮੰਤਰੀ ਨਿਯੁਕਤ ਕੀਤਾ ਗਿਆ। ਫਿਰ ਉਹ ਚੀਫ ਜਸਟਿਸ ਬਣਿਆ ਤੇ ਫਿਰ ਪ੍ਰਧਾਨ ਮੰਤਰੀ। ਉਸ ਨੇ ਇੰਨੀ ਸਫਲਤਾ ਨਾਲ ਪ੍ਰਬੰਧ ਚਲਾਇਆ ਕਿ ਵਿਰੋਧੀਆਂ ਨੇ ਈਰਖਾ ਵਸ ਹੋ ਕੇ ਬਦਨਾਮੀ ਸ਼ੁਰੂ ਕਰ ਦਿੱਤੀ। ਸਾਜਸ਼ਾਂ ਘੜੀਆਂ ਜਾਣ ਲੱਗੀਆਂ, ਅੰਤ ਮਹਾਤਮਾ ਨੇ ਹਕੂਮਤ ਤਿਆਗ ਦਿੱਤੀ।