ਹੈ ਜੋ ਬੁੱਧੀ, ਤਰਕ, ਦਾਰਸ਼ਨਿਕਤਾ, ਗਿਆਨ ਧਿਆਨ ਨੂੰ ਜ਼ਿੰਦਗੀ ਵਿੱਚ ਸਮੇ ਕੇ ਤੁਰਦਾ ਹੈ। ਬਾਬੇ ਦੀਆਂ ਯਾਤਰਾਵਾਂ ਨੂੰ ਲੈ ਕੇ ਜੋ ਬਿਰਤਾਂਤ ਪੰਨੂ ਨੇ ਇਸ ਵਿਥਿਆ ਵਿਚ ਜੋੜਿਆ ਹੈ, ਉਹ ਗੁਰੂ ਨਾਨਕ ਬਾਬੇ ਨੂੰ ਸਾਡੇ ਲਈ ਵਧੇਰੇ ਚੰਗਾ ਤੇ ਵਧੇਰੇ ਪਿਆਰਾ ਬਣਾ ਦਿੰਦਾ ਹੈ। ਇਹ ਪੰਨੂ ਦੀਆਂ ਬਿਰਤਾਂਤਕ ਵਿਧੀਆਂ ਦਾ ਚਮਤਕਾਰ ਹੈ।
ਬਾਬੇ ਨਾਨਕ ਦੇ ਨਾਲ ਮਰਦਾਨਾ ਵੀ ਸਾਡੀ ਯਾਦ ਵਿਚ ਆ ਖਲਦਾ ਹੈ, ਰਬਾਬ ਵਜਾਉਂਦਾ। ਪਰ ਪੰਨੂ ਨੇ ਉਸ ਨੂੰ ਬਾਬੇ ਨਾਨਕ ਦਾ ਸਖਾ, ਮਿੱਤਰ, ਬੰਧੂ ਸਭ ਕੁਛ ਦਿਖਾ ਕੇ ਇਹ ਪਹਿਚਾਣ ਕਰਵਾਈ ਹੈ ਕਿ ਇਸ ਮਿੱਤਰਤਾ ਵਿਚ ਨਾ ਉਮਰ, ਨਾ ਜਾਤ, ਨਾ ਅਮੀਰੀ ਗਰੀਬੀ, ਨਾ ਵੱਡਾ ਗਿਆਨ ਧਿਆਨ ਕੁਝ ਵੀ ਨਹੀਂ ਰਾਹ ਵਿੱਚ ਖਲੋਂਦਾ। ਮਰਦਾਨਾ ਵੀ ਬਾਬੇ ਦੀ ਰੂਹਾਨੀਅਤ ਵਿਚ ਰੂਹ ਤੱਕ ਭਿੱਜ ਕੇ ਉਹਦੇ ਨਾਲ ਤੁਰਦਾ ਰਿਹਾ ਤੇ ਅਖੀਰ ਵੇਲੇ ਵੀ ਇਹੀ ਮੰਗਿਆ, "ਮੈਂ ਮਰ ਕੇ ਵੀ ਤੇਰੇ ਨਾਲੋਂ ਨਾ ਵਿਛੜਾਂ", ਤੇ ਜਦੋਂ ਅਸੀਂ ਗੁਰਬਾਣੀ ਨੂੰ ਗੁਰੂ ਮੰਨ ਲਿਆ ਤਾਂ ਮਰਦਾਨਾ ਕੀਰਤਨ ਬਣ ਕੇ ਉਹਦੇ ਨਾਲ ਨਾਲ ਤੁਰ ਰਿਹਾ ਹੈ।
ਪੰਨੂ, ਬੰਦਾ ਸਿੰਘ ਬਹਾਦਰ ਵਾਲੇ ਲੇਖ ਨੂੰ ਪ੍ਰੋ. ਪੂਰਨ ਸਿੰਘ ਦੀਆਂ ਟੂਕਾਂ ਦੇ ਕੇ ਸਮਾਪਤ ਕਰਦਾ ਹੈ ਕਿ, "ਯੋਧੇ ਨੂੰ ਜਲਦੀ ਕੀਤਿਆਂ ਗੁੱਸਾ ਨਹੀਂ ਆਉਂਦਾ। ਉਸਨੂੰ ਗੁੱਸੇ ਕਰਨ ਵਾਸਤੇ ਸਦੀਆਂ ਲੱਗਦੀਆਂ ਨੇ। ਪੰਜਵੇਂ, ਨੌਵੇਂ ਪਾਤਸ਼ਾਹ ਅਤੇ ਸਾਹਿਬਜ਼ਾਦਿਆਂ ਸਮੇਤ ਹਜ਼ਾਰਾਂ ਮਾਸੂਮਾਂ ਦੇ ਕਤਲਾਂ ਨੇ ਬੰਦਾ ਸਿੰਘ ਨੂੰ ਗੁੱਸੇ ਕਰ ਦਿੱਤਾ। ਇਹੋ ਜਿਹੇ ਜਰਨੈਲ ਜਦੋਂ ਗੁੱਸੇ ਵਿਚ ਆ ਜਾਣ ਤਦ ਉਨਾਂ ਦਾ ਗੁੱਸਾ ਉਤਰਨ ਵਿਚ ਵੀ ਕਈ ਸਦੀਆਂ ਲੱਗਦੀਆਂ ਹਨ", ਇਹ ਸਿੱਧ ਕਰਦਾ ਹੈ ਕਿ ਪੰਨੂ ਭਲੀ ਭਾਂਤ ਜਾਣਦਾ ਹੈ ਕਿ ਉਸਨੇ ਆਪਣੀ ਗੱਲ ਸਪਸ਼ਟ ਕਰਨ ਲਈ ਕਿਹੜੀ ਗੱਲ, ਕਿਸ ਵਿਦਵਾਨ ਦੀ, ਕਿਥੋਂ ਲੈਣੀ ਹੈ। ਇਸ ਲਈ ਉਹ ਇਤਿਹਾਸ, ਮਿਥਿਹਾਸ, ਧਰਮ, ਦਰਸ਼ਨ, ਸਾਹਿਤ ਤੇ ਲੋਕ ਸਾਹਿਤ ਦੇ ਵਿਚਾਰਾਂ ਅਤੇ ਭਾਸ਼ਾ ਨੂੰ ਸਹਿਜੇ ਹੀ ਵਰਤ ਲੈਂਦਾ ਹੈ ਤੇ ਫੇਰ ਉਹ ਗੱਲ ਸਾਨੂੰ ਪੰਨੂ ਦੀ ਹੀ ਲੱਗਣ ਲੱਗ ਜਾਂਦੀ ਐ।
ਪੰਨੂ ਦਾ ਇਹ ਲੇਖ ਸੰਗ੍ਰਹਿ ਪੰਜਾਬੀ ਵਾਰਤਕ ਦਾ ਇਕ ਵੱਖਰਾ ਤੇ ਵਿਸ਼ੇਸ਼ ਹਸਤਾਖਰ ਹੈ।
ਦਲੀਪ ਕੌਰ ਟਿਵਾਣਾ
ਬੀ- 13,ਪੰਜਾਬੀ ਯੂਨੀਵਰਸਿਟੀ