ਮੁੱਖ ਬੰਧ
ਹਥਲੀ ਕਿਤਾਬ ਦੇ ਲੇਖ ਉਨ੍ਹਾਂ ਵਡੇਰਿਆਂ ਬਾਬਤ ਸਮੇਂ ਸਮੇਂ ਲਿਖੇ ਗਏ ਜਿਨ੍ਹਾਂ ਨੇ ਮੈਨੂੰ ਕਦੀ ਪ੍ਰਭਾਵਿਤ ਕੀਤਾ। ਇਹਨਾਂ ਵਿਚੋਂ ਕੁਛ ਲੇਖ ਰਿਸਾਲਿਆਂ ਵਿਚ ਛਪੇ ਤਾਂ ਪਾਠਕਾਂ ਪਾਸੋਂ ਜਾਣਕਾਰੀ ਮਿਲੀ ਕਿ ਇਹ ਪੜ੍ਹਨਯੋਗ ਸਮੱਗਰੀ ਹੈ। ਇਸ ਨਾਲ ਮੇਰੀ ਹੌਸਲਾ ਅਫ਼ਜਾਈ ਹੋਈ।
ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਮੈਂ ਉਹ ਖੁਸ਼ਕਿਸਮਤ ਅਧਿਆਪਕ ਹਾਂ ਜਿਸ ਨੂੰ ਅਪਣੀ ਵਿਦਵਤਾ ਜਾਂ ਖੋਜਕਾਰਜਾਂ ਬਾਰੇ ਗਲਤ-ਫਹਿਮੀ ਨਹੀਂ ਹੋਈ। ਮੇਰੇ ਪਾਸ ਉਹ ਪ੍ਰਤਿਭਾ ਨਹੀਂ ਹੈ ਜਿਹੜੀ ਮੇਰੀ ਲਿਖਤ ਨੂੰ ਲੰਮਾ ਸਮਾਂ ਜਿਉਂਦਿਆਂ ਰੱਖ ਸਕੇ। ਇਹ ਸੰਭਾਵਨਾ ਜ਼ਰੂਰ ਹੈ ਕਿ ਜਿਨ੍ਹਾਂ ਪੁਰਖਿਆਂ ਬਾਬਤ ਇਹ ਸਮੱਗਰੀ ਤਿਆਰ ਕੀਤੀ ਗਈ, ਉਹਨਾਂ ਵਿਚ ਖੁਦ ਅਜਿਹੀ ਸ਼ਕਤੀ ਮੌਜੂਦ ਹੈ ਕਿ ਜੋ ਉਨ੍ਹਾਂ ਕਮਾਈ ਕੀਤੀ, ਉਹ ਦੇਰ ਤੱਕ, ਸ਼ਾਇਦ ਸਦਾ ਲਈ ਪਾਠਕਾਂ ਦੇ ਮਨਾਂ ਵਿਚ ਵਸਣਗੇ। ਮੈਨੂੰ ਲਗਦਾ ਹੈ ਪਾਠਕ ਅਤੇ ਸਰੋਤਾ ਮੇਂ ਠੀਕ ਹਾਂ। ਘਟਨਾਵਾਂ ਦੀ ਚੋਣ ਵੀ ਸਹੀ ਹੋ ਜਾਂਦੀ ਹੈ।
ਮੈਂ ਨਹੀਂ ਸਮਝਦਾ ਕਿ ਇਨ੍ਹਾਂ ਲੇਖਾਂ ਵਿਚ ਦਰਜ ਸਮੱਗਰੀ ਹਵਾਲਿਆ ਵਜੋਂ ਵਰਤਣ ਯੋਗ ਹੈ ਕਿਉਂਕਿ ਤੱਥਮੂਲਕ ਖੋਜ ਕਰਨ ਦੀ ਥਾਂ ਮੇਰਾ ਨਿਸ਼ਾਨਾ ਭਾਵਨਾਮੂਲਕ ਨਸਰ ਲਿਖਣੀ ਸੀ। ਇਸ ਵਿਚ ਮੈਂ ਕਿੰਨਾ ਕੁ ਸਫਲ ਰਿਹਾ ਹਾਂ, ਇਹ ਪਾਠਕ ਦੱਸਣਗੇ ਤੇ ਉਕਾਈਆਂ ਬਾਬਤ ਪਤਾ ਲੱਗੇਗਾ ਤਾਂ ਮੈਂ ਅਗਲੀ ਵਾਰੀ ਸੇਧਾਂਗਾ ਵੀ ਤੇ ਇਸੇ ਤਰਜ਼ ਉਪਰ ਲਿਖੀ ਜਾ ਰਹੀ ਦੂਜੀ ਕਿਤਾਬ ਨੂੰ ਸੋਧ ਵੀ ਮਿਲੇਗੀ।
ਦੋ ਮਿੱਤਰਾਂ ਦਾ ਧੰਨਵਾਦ ਕਰਨਾ ਜ਼ਰੂਰੀ ਹੈ। ਪਹਿਲਾ ਗੁਰਦਿਆਲ ਬਲ ਦਾ ਸ਼ੁਕਰਗੁਜ਼ਾਰ ਹਾਂ ਜੋ ਮੈਨੂੰ ਲੋੜੀਂਦੀ ਸਮੱਗਰੀ ਤਾਂ ਦਿੰਦਾ ਹੀ, ਨਾਲ ਦੀ ਨਾਲ ਮੈਥੋਂ ਪ੍ਰਗਤੀ ਰਿਪੋਰਟ ਵੀ ਮੰਗਦਾ। ਮੇਰੇ ਵਲੋਂ ਦੇਰ ਹੋਣ ਦੀ ਸੂਰਤ ਵਿਚ ਲੜਦਾ ਵੀ ਨਾਰਾਜ਼ ਵੀ ਹੁੰਦਾ। ਕੰਮ ਪੂਰਾ ਹੋ ਜਾਂਦਾ ਤਾਂ ਬਾਬਾਸ਼ ਮਿਲਦੀ। ਉਸ ਵਿਚਲੇ ਗੁਣਾਂ ਦੀ ਵਧੀਕ ਬੰਦਿਆਂ ਨੂੰ ਜਾਣਕਾਰੀ ਨਹੀਂ। ਮੇਰੇ ਅੰਦਰ ਬੈਠੇ ਗਲਤ ਜਜ਼ਬਾਤ ਜਿਹੜੇ ਮੈਨੂੰ ਬੜੇ ਪਿਆਰੇ ਲਗਦੇ, ਉਹ ਬੇਕਿਰਕ ਹੱਕ ਤੋੜਦਾ।
ਦੂਜਾ ਧੰਨਵਾਦ ਰਾਜਿੰਦਰ ਪਾਲ ਸਿੰਘ ਬਰਾੜ ਦਾ। ਮੈਂ ਲਿਖੀ ਤਾਂ ਗਿਆ, ਇਹ ਕਦੀ ਖਿਆਲ ਨਾ ਕੀਤਾ ਕਿ ਕਿਤਾਬ ਵੀ ਛਪਵਾਉਣੀ ਹੈ। ਬਰਾੜ ਦੇ ਉੱਦਮ ਸਦਕਾ ਮੇਰੀ ਲਿਖਤ ਯੂਨੀਸਟਾਰ ਰਾਹੀਂ ਪ੍ਰਕਾਸ਼ ਵਿਚ ਆਏਗੀ, ਇਹ ਮੈਨੂੰ ਕੋਈ ਪਤਾ ਨਹੀਂ ਸੀ।
ਪਟਿਆਲਾ
18.3.08
ਹਰਪਾਲ ਸਿੰਘ ਪੰਨੂ
ਪੰਜਾਬੀ ਯੂਨੀਵਰਸਿਟੀ, ਪਟਿਆਲਾ।