ਹੋਈਆਂ। ਹਥਿਆਰ ਅੱਗ ਦੀਆਂ ਲਪਟਾਂ ਵਿਚ ਜਲ ਗਏ, ਕਾਲ ਪਿਆ ਹੋਇਆ ਸੀ, ਜਮ ਕੇ ਬਾਰਸ਼ ਹੋਈ ਤੇ ਭਰਪੂਰ ਅੰਨ ਹੋਇਆ। ਰੋਹਣ ਹਰ ਰੋਜ਼ ਬ੍ਰਾਹਮਣ ਦੇ ਦਰ ਉਪਰ ਜਾਂਦਾ, ਭਿਖਿਆ ਤਾਂ ਕੀ ਮਿਲਣੀ ਸੀ, ਕੋਈ ਉਸ ਵੱਲ ਦੇਖਦਾ ਵੀ ਨਾਂ, ਹੱਥ ਜੋੜਨੇ ਜਾਂ ਸਿਰ ਝੁਕਾਉਣਾ ਤਾਂ ਦੂਰ ਦੀ ਗੱਲ ਹੈ। ਸਗੋਂ ਲੱਗੋਵਾਹ ਉਸਦੀ ਬੇਇਜ਼ਤੀ ਕੀਤੀ ਜਾਂਦੀ।
ਇਕ ਦਿਨ ਰਸਤੇ ਵਿਚ ਵਾਪਸ ਜਾਂਦੇ ਰੋਹਣ ਨੂੰ ਬ੍ਰਾਹਮਣ ਮਿਲਿਆ ਤਾਂ ਪੁੱਛਿਆ - ਭਿੱਖੂ ਸਾਡੇ ਘਰੋਂ ਮਿਲਿਆ ਕੁੱਝ? "ਹਾਂ, ਮਿਲਿਆ ਜਜਮਾਨ ।" ਬ੍ਰਾਹਮਣ ਕ੍ਰੋਧਵਾਨ ਹੋਕੇ ਘਰ ਆਇਆ ਤੇ ਪਰਿਵਾਰ ਨੂੰ ਪੁੱਛਿਆ ਕਿ ਰੋਹਣ ਨੂੰ ਕੀ ਦਿੱਤਾ? ਸਭ ਨੇ ਕਿਹਾ - ਕੁਝ ਦੇਣ ਦਾ ਸਵਾਲ ਈ ਨੀ। ਠੀਕ ਹੈ, ਕੱਲ੍ਹ ਨੂੰ ਮੰਗਤਾ ਆਵੇਗਾ ਤਾਂ ਜ਼ਲੀਲ ਕਰਾਂਗਾ ਕਿ ਝੂਠ ਕਿਉਂ ਬੋਲਿਆ।
ਅਗਲੀ ਸਵੇਰ ਰੋਹਣ ਆਇਆ ਤਾਂ ਬ੍ਰਾਹਮਣ ਨੇ ਰੋਕ ਕੇ ਕਿਹਾ ਝੂਠ ਬੋਲਣਾ ਭਿੱਖੂਆਂ ਲਈ ਸਹੀ ਹੈ ਰੋਹਣ? ਰੋਹਣ ਨੇ ਕਿਹਾ - ਹਰਗਿਜ਼ ਨਹੀਂ ਜੀ। ਫਿਰ ਤੂੰ ਇਹ ਕਿਉਂ ਕਿਹਾ ਕਿ ਮੇਰੇ ਘਰ ਕੱਲ੍ਹ ਤੈਨੂੰ ਕੁੱਝ ਮਿਲਿਆ ਜਦੋਂ ਕਿ ਇਹ ਸੱਚ ਨਹੀਂ। ਰੋਹਣ ਨੇ ਕਿਹਾ ਮੈਨੂੰ ਏਸ ਘਰੋਂ ਵਸਤੂ ਤਾਂ ਕੀ ਕਦੀ ਚੰਗਾ ਸ਼ਬਦ ਵੀ ਨਹੀਂ ਮਿਲਿਆ ਸੀ। ਕੱਲ੍ਹ ਮਾਲਕਣ ਨੇ ਮਿਠਾਸ ਨਾਲ ਕਿਹਾ - ਅਗਲੇ ਘਰ ਜਾਹ ਭਰਾ। ਇਹ ਸੁਹਣੇ ਸ਼ਬਦ ਮੇਰੇ ਲਈ ਬਹੁਤ ਵਧੀਆ ਭਿਖਿਆ ਸਨ ਮਹਾਰਾਜ। ਪਹਿਲੀ ਵਾਰ ਤੁਸਾਂ ਦੇ ਘਰੋਂ ਮਿਲੇ ਸਨ ਇਹ ਮਿੱਠੇ ਬੋਲ ।
ਬ੍ਰਾਹਮਣ ਹੈਰਾਨ ਹੋ ਗਿਆ। ਕਿਸ ਮਿੱਟੀ ਦੇ ਬਣੇ ਹੋਏ ਹਨ ਇਹ ਭਿੱਖੂ? ਮਾੜੀ ਜਿਹੀ ਜ਼ਬਾਨੀ ਕੀਤੀ ਗਈ ਗੱਲ ਦੇ ਵੀ ਕਿੰਨੇ ਸ਼ੁਕਰਗੁਜ਼ਾਰ ਹਨ। ਇਨ੍ਹਾਂ ਨੂੰ ਜੇ ਦਾਨ ਦੇ ਹੀ ਦਿੱਤਾ ਜਾਵੇ, ਫੇਰ ਇਹ ਕਿੰਨੀਆਂ ਅਸੀਸਾਂ ਦੇਣ । ਖਾਣ ਲਈ ਬ੍ਰਾਹਮਣ ਨੇ ਰੋਹਣ ਨੂੰ ਉਹ ਕੜ੍ਹੀ ਚਾਵਲ ਭੇਟ ਕੀਤੇ ਜੋ ਉਸਨੇ ਖੁਦ ਖਾਣੇ ਸਨ ਤੇ ਕਿਹਾ - ਹਰ ਰੋਜ਼ ਆਇਆ ਕਰਨਾ ਭੱਤੇ।
ਹਰ ਰੋਜ਼ ਰੋਹਣ ਆਉਂਦਾ, ਖਾਣਾ ਖਾਂਦਾ, ਅਸੀਸਾਂ ਦਿੰਦਾ ਤੇ ਕੋਈ ਨਾ ਕੋਈ ਬੋਧਵਾਕ ਸੁਣਾ ਕੇ ਜਾਂਦਾ। ਜਦੋਂ ਪੁੱਤਰ ਨਾਗਸੇਨ ਸੱਤ ਸਾਲ ਦਾ ਹੋਇਆ, ਪਿਤਾ ਨੇ ਪੁੱਛਿਆ - ਨਾਗਸੈਨ ਪੁੱਤਰ, ਹੁਣ ਉਹ ਵਿਦਿਆ ਜਿਹੜੀ ਪਰੰਪਰਾ ਤੋਂ ਸਾਡੇ ਘਰ ਤੁਰੀ ਆਈ ਹੈ, ਤੈਨੂੰ ਸਿਖਾਣੀ ਸ਼ੁਰੂ ਕਰੀਏ?
- ਪਿਤਾ ਜੀ ਉਹ ਕਿਹੜੀ ਵਿਦਿਆ ਹੋ ? ਨਾਗਸੈਨ ਨੇ ਪੁੱਛਿਆ।
- ਵੇਦ ਗਿਆਨ ਪੁੱਤਰ। ਬਾਕੀ ਵਿਦਿਆ ਤਾਂ ਐਵੇਂ ਹੁਨਰਮੰਦੀ ਹੈ।
- ਠੀਕ ਹੈ ਪਿਤਾ ਜੀ, ਸਿੱਖਾਂਗਾ। ਪੁੱਤਰ ਨੇ ਕਿਹਾ।
ਨਾਗਸੇਨ ਨੂੰ ਵਿਦਵਾਨ ਬ੍ਰਾਹਮਣ ਪਾਸ ਭੇਜਿਆ ਗਿਆ, ਨਾਗਸੈਨ ਗਜ਼ਬ ਦਾ ਮਿਹਨਤੀ ਸੀ ਤੇ ਤੇਜ਼ੀ ਨਾਲ ਵੇਦ ਬਾਣੀ ਨਾ ਕੇਵਲ ਕੰਠ ਕਰ ਗਿਆ, ਇਸ ਦੇ ਅਰਥ, ਵਿਆਕਰਣ ਅਤੇ ਸ਼ਬਦ ਦੇ ਗੁਹਝ ਭੇਦ ਪਾ ਗਿਆ।