ਅਧਿਆਪਕ ਅਤੇ ਪਿਤਾ ਮੰਨ ਗਏ ਕਿ ਉਨ੍ਹਾਂ ਕੋਲ ਸਿਖਾਉਣ ਵਾਸਤੇ ਹੋਰ ਕੋਈ ਵਿਦਿਆ ਨਹੀਂ।
ਆਗਿਆ ਲੈ ਕੇ ਉਹ ਜੰਗਲ ਵਿਚ ਗਿਆ ਤੇ ਅੰਤਰ ਧਿਆਨ ਹੋ ਗਿਆ। ਉਹ ਹੋਰ ਵਿਦਿਆ ਪ੍ਰਾਪਤ ਕਰਨ ਦਾ ਅਭਿਲਾਖੀ ਸੀ। ਰਹਣ ਅਪਣੇ ਵੱਤਣੀ ਨਾਂ ਦੇ ਆਸ਼ਰਮ ਵਿਚ ਸਮਾਧੀ ਸਥਿਤ ਸੀ ਤਾਂ ਨਾਗਸੈਨ ਦੀ ਜਗਿਆਸਾ ਉਸ ਤੱਕ ਪੁੱਜੀ। ਰੋਹਣ ਉਠਿਆ ਅਤੇ ਨਾਗਸੈਨ ਨੂੰ ਮਿਲਣ ਤੁਰ ਪਿਆ। ਨਾਗਸੈਨ ਨੇ ਸਤਿਕਾਰ ਸਹਿਤ ਰੋਹਣ ਅਗੇ ਬੇਨਤੀ ਕੀਤੀ ਕਿ ਮੈਨੂੰ ਉਹ ਵਿਦਿਆ ਦਿਉ ਜੋ ਤੁਹਾਡੇ ਪਾਸ ਹੈ। ਰੋਹਣ ਨੇ ਕਿਹਾ - ਜੋ ਸੰਘ ਵਿਚ ਦਾਖਲ ਨਹੀਂ ਹੁੰਦਾ, ਉਸ ਨੂੰ ਅਸੀਂ ਅਪਣੀ ਵਿਦਿਆ ਨਹੀਂ ਦਿੰਦੇ। ਸੰਘ ਵਿਚ ਦਾਖਲ ਹੋਣ ਲਈ ਮਾਪਿਆਂ ਦੀ ਆਗਿਆ ਲੈ ਕੇ ਆਉ। ਮਾਪਿਆ ਨੇ ਪੁੱਤਰ ਨੂੰ ਆਗਿਆ ਦਿੱਤੀ ਤਦ ਉਹ ਸੰਘ ਵਿਚ ਦਾਖਲ ਹੋਇਆ। ਇਥੇ ਉਸਨੇ ਬਹੁਤ ਜਲਦੀ ਜਲਦੀ ਸਾਰੇ ਬੋਧ ਗ੍ਰੰਥ ਕੰਠ ਕੀਤੇ ਅਤੇ ਉਨ੍ਹਾਂ ਦੇ ਸਭਨਾ ਭੇਦਾਂ ਦਾ ਗਿਆਤਾ ਹੋ ਗਿਆ। ਅਭਿਧਮ ਦੇ ਸੱਤੇ ਗ੍ਰੰਥ ਜਦੋਂ ਉਸਨੇ ਜ਼ਬਾਨੀ ਉਚਾਰੇ ਤਦ ਧਰਤੀ ਕੰਬੀ ਦੇਵਤਿਆਂ ਨੇ ਜੇ ਜੈਕਾਰ ਕੀਤੀ, ਆਕਾਸ਼ ਵਿਚੋਂ ਮੰਦਾਰ ਦੇ ਫੁੱਲਾਂ ਅਤੇ ਸੰਦਲ ਦੇ ਧੂੜੇ ਦੀ ਬਾਰਸ਼ ਹੋਈ।
ਨਾਗਸੈਨ ਨੂੰ ਸੰਪੂਰਨ ਭਿੱਖੂ ਵਜੋਂ ਜਦੋਂ ਚੋਲਾ ਪਹਿਨਾਇਆ ਗਿਆ ਉਦੋਂ ਉਸ ਦੀ ਉਮਰ ਵੀਹ ਸਾਲ ਸੀ। ਉਸ ਨੇ ਮਨ ਵਿਚ ਕਿਹਾ - ਮੇਰਾ ਗੁਰੂ ਰੋਹਣ ਕੇਹਾ ਮੂਰਖ ਹੈ। ਬਾਕੀ ਬੇਧਵਾਣੀ ਛੱਡ ਕੇ ਸਭ ਤੋਂ ਪਹਿਲਾਂ ਅਭਿਧਮ ਦੀ ਵਿਦਿਆ ਦਿੱਤੀ।
ਅੰਤਰਜਾਮੀ ਰੋਹਣ ਨੇ ਨਾਗਸੈਨ ਨੂੰ ਬੁਲਾਇਆ ਅਤੇ ਝਿੜਕਿਆ। ਨਾਗਸੈਨ ਨੇ ਮਾਫ਼ੀ ਮੰਗਦਿਆਂ ਕਿਹਾ ਅਗੋਂ ਤੋਂ ਅਜਿਹਾ ਕੋਈ ਫੁਰਨਾ ਮਨ ਵਿਚ ਨਹੀਂ ਆਉਣ ਦਿਆਂਗਾ ਗੁਰੂ ਜੀ। ਇਸ ਵਾਰ ਖਿਮਾ ਕਰ ਦਿਉ।
ਰੋਹਣ ਨੇ ਕਿਹਾ - ਮੁਫ਼ਤ ਵਿਚ ਖਿਮਾ ਨਹੀਂ ਦਿੱਤੀ ਜਾਵੇਗੀ। ਤੈਨੂੰ ਇਕ ਕੰਮ ਸੌਂਪਣਾ ਹੈ। ਉਹ ਪੂਰਾ ਕਰੇਗਾ ਤਾਂ ਮੁਆਫ਼ ਹੋਏਗਾ। ਸਿਆਲਕੋਟ ਜਾਹ। ਉਕੇ ਜਾ ਕੇ ਬਾਦਸ਼ਾਹ ਮਿਲਿੰਦ ਨੂੰ ਮਿਲ ਤੇ ਦੱਸ ਕਿ ਤੂੰ ਉਸਦੀ ਜਗਿਆਸਾ ਪੂਰਤੀ ਹਿਤ ਆਇਆ ਹੈਂ।
"ਤੁਹਾਡੀ ਅਸੀਸ ਸਦਕਾ ਕੇਵਲ ਮਲਿੰਦ ਦੀ ਨਹੀਂ ਸੰਸਾਰ ਦੇ ਸਾਰੇ ਮਹਾਰਾਜਿਆਂ ਦੀ ਜਗਿਆਸਾ ਸੰਤੁਸ਼ਟ ਕਰ ਸਕਾਂਗਾ। ਅਸ਼ੀਰਵਾਦ ਕਿਉ ਗੁਰੂ नी।"
ਰੋਹਣ ਨੇ ਸਿਰਨਾਵਾਂ ਦੱਸ ਕੇ ਕਿਹਾ - ਅਸੱਗੁਤ ਵੱਡੇ ਹਨ। ਉਨ੍ਹਾਂ ਦੀ ਅਸੀਸ ਲੈ ਕੇ ਜਾਹ। ਜਦੋਂ ਚਰਨ ਛੁਹ ਕੇ ਮੱਥਾ ਟੇਕੇ ਤਾਂ ਤੇਰੇ ਤੋਂ ਉਹ ਤੇਰੇ ਗੁਰੂ ਦਾ ਨਾ ਪੁੱਛਣਗੇ। ਤੂੰ ਮੇਰਾ ਨਾਮ ਲਵੀ। ਫੇਰ ਉਹ ਤੇਰੇ ਤੋਂ ਪੁੱਛਣਗੇ, "ਇਹ ਦੱਸ ਕਿ ਮੈਂ ਕੌਣ ਹਾਂ?" ਤੂੰ ਕਹੀ - ਮੇਰੇ ਗੁਰੂ ਜੀ ਜਾਣਦੇ ਹਨ ਤੁਸੀਂ ਕੌਣ ਹੋ।