ਮਿਲਿੰਦ- ਕੀ ਤੁਸੀਂ ਭਿੱਖੂ ਸਰੀਰ ਨੂੰ ਪਿਆਰ ਕਰਦੇ ਹੋ ਨਾਗਸੈਨ?
ਨਾਗਸੈਨ- ਨਹੀਂ ਮਹਾਰਾਜ ਅਜਿਹੀ ਕੋਈ ਗੱਲ ਨਹੀਂ।
ਮਿਲਿੰਦ- ਫਿਰ ਤੁਸੀਂ ਇਸ਼ਨਾਨ ਕਿਉਂ ਕਰਦੇ ਹੋ? ਖਾਂਦੇ-ਪੀਂਦੇ ਕਿਉਂ ਨਾਗਸੈਨ- ਕੀ ਤੁਹਾਡੇ ਸਰੀਰ ਉਤੇ ਤੀਰ ਜਾਂ ਤਲਵਾਰ ਦਾ ਕਦੀ ਜ਼ਖਮ ਹੋਇਆ ਹੈ ? ਮਿਲਿੰਦ- ਹਾਂ ਇੱਕ ਵਾਰ ਨਹੀਂ ਅਨੇਕ ਵਾਰ।
ਨਾਗਸੈਨ- ਤਦ ਤੁਸੀਂ ਜ਼ਖਮ ਨੂੰ ਸਾਫ ਕਰਦੇ ਹੋ। ਫਿਰ ਮੌਲ੍ਹਮ ਲਾਉਂਦੇ ਹੈ। ਫਿਰ ਪੱਟੀ ਬੰਨ੍ਹਦੇ ਹੋ। ਫਿਰ ਖਿਆਲ ਰੱਖਦੇ ਹੋ ਕਿ ਇਸ ਦੇ ਹੋਰ ਸੈਂਟ ਨਾ ਲੱਗੇ। ਕੀ ਤੁਸੀਂ ਜ਼ਖਮਾਂ ਨੂੰ ਪਿਆਰ ਕਰਦੇ ਹੋ ਮਹਾਰਾਜ, ਜੇ ਇੰਨਾ ਖਿਆਲ ਰੱਖਦੇ ਹੋ?
ਮਿਲਿੰਦ- ਨਹੀਂ ਨਾਗਸੈਨ ਵੱਡੇ ਭਰਾ। ਮੈਂ ਜ਼ਖਮਾਂ ਤੋਂ ਮੁਕਤ ਹੋਣ ਲਈ ਅਜਿਹਾ ਕਰਦਾ ਹਾਂ।
ਨਾਗਸੈਨ- ਅਸੀਂ ਵੀ ਸਰੀਰ ਨੂੰ ਪਿਆਰ ਨਹੀਂ ਕਰਦੇ। ਮੁਕਤ ਹੋਣ ਤੱਕ ਇਸ ਦੀ ਸੰਭਾਲ ਕਰਦੇ ਹਾਂ। ਅਨੰਤ ਸਦੇਵੀ ਅਮਰਾਪਦ ਉਪਰ ਸਾਡੇ ਸਰੀਰ ਨਿਕੇ ਨਿਕੇ ਜ਼ਖਮ ਹਨ।
-0-
ਮਿਲਿੰਦ- ਸਤਿਕਾਰਯੋਗ ਨਾਗਸੈਨ, ਇਕ ਵਾਰ ਸਿਧਾਰਥ ਨੇ ਕਿਹਾ ਸੀ, "ਦਿਲ ਦੀ ਗੱਲ ਕਰੋਗੇ ਤਾਂ ਰੁੱਖ ਵੀ ਹੁੰਗਾਰਾ ਭਰਨਗੇ। ਰੁੱਖ ਵੀ ਜਵਾਬ ਦੇਣਗੇ।"
ਇਹ ਕਥਨ ਠੀਕ ਨਹੀਂ ਲਗਦਾ ਨਾਗਸੈਨ। ਰੁੱਖਾਂ ਨੇ ਕਿਹੜੀ ਗੱਲ ਕਰਨੀ ਹੈ? ਫਿਰ ਤਥਾਗਤ ਨੇ ਇਹ ਕਥਨ ਕਿਉਂ ਕੀਤਾ?
ਨਾਗਸੈਨ- ਤਥਾਗਤ ਭਾਸ਼ਾ ਦਾ ਕਾਮਲ ਉਸਤਾਦ ਸੀ ਮਹਾਰਾਜ। ਭਾਸ਼ਾ ਦੇ ਅਰਥ ਜਿਵੇਂ ਤੁਸੀਂ ਸਮਝ ਰਹੇ ਹੋ ਹਮੇਸ਼ ਉਸ ਪ੍ਰਕਾਰ ਨਹੀਂ ਹੁੰਦੇ। ਅਸੀਂ ਅਕਸਰ ਆਖ ਦਿੰਦੇ ਹਾਂ, "ਗੁੜ ਦਾ ਗੱਡਾ ਜਾ ਰਿਹਾ ਹੈ।" ਗੱਡਾ ਗੁੜ ਦਾ ਬਣਿਆ ਹੋਇਆ ਨਹੀਂ ਹੁੰਦਾ। ਲੱਕੜ ਦਾ ਹੈ। ਗੁੜ ਉਸ ਵਿਚ ਭਰਿਆ ਹੋਇਆ ਹੈ। ਇਵੇਂ ਹੀ ਆਖਦੇ ਹਾਂ, “ਉਹ ਆਟਾ ਪੀਹ ਰਹੀ ਹੈ। ਉਹ ਦੁੱਧ ਰਿੜਕ ਰਹੀ ਹੈ।" ਆਟਾ ਨਹੀਂ ਪੀਸ ਰਹੀ, ਔਰਤ ਦਾਣੇ ਪੀਸਦੀ ਹੈ ਤੇ ਦੁੱਧ ਕੋਈ ਨਹੀਂ ਰਿੜਕਦਾ ਹੁੰਦਾ, ਦਹੀਂ ਰਿੜਕੀਦੀ ਹੈ। ਇਹ ਕਈ ਪ੍ਰਕਾਰ ਦੇ ਭਾਸ਼ਾਈ ਅਲੰਕਾਰ ਹਨ ਮਹਾਰਾਜ, ਇਨ੍ਹਾਂ ਨੂੰ ਸਾਦੇ ਅਰਥਾਂ ਵਿਚ ਨਹੀਂ ਸਮਝਿਆ ਜਾ ਸਕਦਾ। ਭਾਸ਼ਾ ਦੇ ਅਰਥ ਅਨੇਕ ਦ੍ਰਿਸ਼ਟੀਕੋਣਾਂ ਤੋਂ ਹੁੰਦੇ ਹਨ। ਤਥਾਗਤ ਨਵੀਨ ਅਲੰਕਾਰਾਂ ਦਾ ਸਿਰਜਣਹਾਰ ਸੀ ਮਹਾਰਾਜ।