ਇਕ ਸਵੇਰ ਸੰਵਾਦ ਰਚਾਉਣ ਵਾਸਤੇ ਦੋਵੇਂ ਆਪਸ ਵਿਚ ਮਿਲੇ ਤਾਂ ਇਉਂ ਗੱਲ ਹੋਈ
ਮਿਲਿੰਦ- ਕਈ ਵਾਰ ਦੇਰ ਤੱਕ ਨੀਂਦ ਨਹੀਂ ਆਉਂਦੀ ਨਾਗਸੇਨ। ਦੇਰ ਤੱਕ ਸੋਚਦਾ ਰਹਿੰਦਾ ਹਾਂ ਕਿ ਮਹਾਨ ਸਾਧੂ ਨਾਗਸੈਨ ਵੱਡਾ ਵਿਦਵਾਨ ਹੈ। ਕਿਤੇ ਮੈਂ ਅਗਿਆਨਤਾ ਵਸ ਕੋਈ ਅਜਿਹਾ ਪ੍ਰਸ਼ਨ ਤਾਂ ਨਹੀਂ ਪੁੱਛ ਬੈਠਾ ਜਿਹੜਾ ਉਸ ਦੀ ਸ਼ਾਨ ਦੇ ਅਨੁਕੂਲ ਨਾ ਹੋਵੇ? ਕਿਤੇ ਕੋਈ ਅਵੱਗਿਆ, ਕੋਈ ਬੇਅਦਬੀ ਤਾਂ ਨਹੀਂ ਹੋਈ ?
ਨਾਗਸੇਨ- ਦੇਰ ਤੱਕ ਮੇਰੇ ਨਾਲ ਵੀ ਅਜਿਹਾ ਵਾਪਰਦਾ ਹੈ ਮਹਾਰਾਜ। ਮੈਂ ਅਕਸਰ ਇਸ ਗੱਲੋਂ ਚਿੰਤਿਤ ਹੋ ਜਾਂਦਾ ਹਾਂ ਕਿ ਤੁਹਾਡੇ ਪ੍ਰਸ਼ਨਾਂ ਦੇ ਉੱਤਰ ਦਿੰਦਿਆਂ ਕਿਤੇ ਮੈਂ ਕੋਈ ਅਜਿਹੀ ਗੱਲ ਤਾਂ ਨਹੀਂ ਕਰ ਦਿੱਤੀ ਜਿਸ ਨਾਲ ਸਾਕਯਮੁਨੀ ਦੀ ਬੇਅਦਬੀ ਹੋਈ ਹੋਵੇ? ਮੇਰੇ ਦਿੱਤੇ ਉੱਤਰ ਸਿਧਾਰਥ ਦੀ ਸ਼ਖਸ਼ੀਅਤ ਅਤੇ ਧਰਮ ਦੇ ਅਨੁਸਾਰ ਵੀ ਸਨ ਕਿ ਨਹੀਂ। ਉਸ ਦਾ ਰੁਤਬਾ ਬਹੁਤ ਵੱਡਾ ਹੈ ਨਾ ਮਹਾਰਾਜ ਮਿਲਿੰਦ। ਬੜਾ ਧਿਆਨ ਰੱਖਣਾ ਪਵੇਗਾ। ਪਰ ਉਹ ਤੁਹਾਡਾ ਅਸਾਡਾ ਸਭ ਦਾ ਹਿਤੇਸ਼ੀ, ਸਭ ਦਾ ਕਲਿਆਣਕਾਰੀ ਹੈ। ਉਹ ਆਪੇ ਸਾਡਾ ਸਹਾਈ ਹੋਵੇਗਾ। ਆਪਾਂ ਉਸ ਦੀ ਸ਼ਰਣ ਵਿਚ ਸੁਰੱਖਿਅਤ ਹਾਂ ।