ਲਈ ਹੈ ਤੇ ਵਾਪਸ ਨਹੀਂ ਕਰਦਾ। ਮੈਂ ਉਸ ਦੀ ਉਸਤਤਿ ਵੀ ਨਹੀਂ ਕਰ ਸਕਦਾ ਕਿਉਂਕਿ ਮੈਂ, ਮੈਂ ਰਿਹਾ ਹੀ ਨਹੀਂ। ਕਦੀ ਕਦੀ ਉਹ ਕਿਸੇ-ਕਿਸੇ ਅੱਗੇ ਪ੍ਰਗਟ ਹੁੰਦਾ ਹੈ ਤਾਂ ਕਿ ਲੋਕਾਂ ਨੂੰ ਉਸਦੀ ਹੋਂਦ ਪਤਾ ਲਗਦੀ ਰਹੇ ਤੇ ਮਨੁੱਖਤਾ ਮੁਨਕਿਰ ਨਾ ਹੋ ਜਾਵੇ। ਅਕਸਰ ਉਹ ਪਰਦਾ ਕਰਕੇ ਰੱਖਦਾ ਹੈ ਤਾਂ ਕਿ ਉਸ ਦੀ ਰੋਸ਼ਨੀ ਵਿਚ ਸਾਰੇ ਹੀ ਅੰਨ੍ਹੇ ਨਾ ਹੋ ਜਾਣ, ਸਾਰੇ ਹੀ ਹੋਸ਼ ਹਵਾਸ ਨਾ ਗੁਆ ਬੈਠਣ ਤੇ ਪਾਗਲ ਨਾ ਹੋ ਜਾਣ। ਮੇਰਾ ਅਤੇ ਉਸ ਦਾ ਫਾਸਲਾ ਅੱਖ ਅਤੇ ਅੱਖ ਦੀ ਪਲਕ ਜਿੰਨਾ ਵੀ ਨਹੀਂ। ਉਹ ਮੈਨੂੰ ਖਤਮ ਕਰ ਦਏਗਾ ਜਲਦੀ, ਤੇ ਧਰਤੀ ਉਤੇ ਮੇਰਾ ਨਾਮ ਨਿਸ਼ਾਨ ਨਹੀਂ ਛੱਡੇਗਾ।"
ਪੰਜਾਹ ਸਾਲ ਦੀ ਉਮਰ ਵਿਚ ਉਹ ਸ਼ਿਬਲੀ ਨੂੰ ਮਿਲਿਆ ਤੇ ਪਹਿਲੀ ਵਾਰ ਉਸ ਪਾਸ ਜਾ ਕੇ ਅਨਲਹੱਕ ਕਿਹਾ ਤੇ ਮਾਰਫਤ ਦੇ ਭੇਦ ਖੋਲ੍ਹੇ। ਸ਼ਿਬਲੀ ਤੁਰਕੀ ਦਾ ਵੱਡਾ ਵਿਦਵਾਨ ਅਤੇ ਸ਼ਾਇਰ ਸੀ। ਬਗਦਾਦ ਵਿਚ ਉਸ ਦੀ ਵਿਦਵਤਾ ਦੀ ਬੜੀ ਪ੍ਰਸਿੱਧੀ ਸੀ। ਇਹ ਉਹੀ ਸ਼ਿਬਲੀ ਸੀ ਜਿਸ ਬਾਰੇ ਪੰਜਾਬੀ ਤਾਂ ਕੀ ਬੜੀਆਂ ਜ਼ਬਾਨਾਂ ਵਿਚ ਉਲਾਂਭਿਆਂ ਭਰੇ ਲੋਕਗੀਤ ਪ੍ਰਚੱਲਤ ਹੋਏ ਕਿ ਉਸ ਨੇ ਮਨਸੂਰ ਨੂੰ ਉਦੋਂ ਫੁੱਲ ਮਾਰਿਆ ਜਦੋਂ ਲੋਕ ਉਸ ਨੂੰ ਪੱਥਰ ਮਾਰ ਰਹੇ ਸਨ। ਮਨਸੂਰ ਨੂੰ ਕਾਫਰ ਜਾਣ ਕੇ ਗਿ੍ਫ਼ਤਾਰ ਕਰਕੇ ਬਗਦਾਦ ਦੀਆਂ ਗਲੀਆਂ ਵਿਚ ਘੁਮਾਇਆ ਜਾ ਰਿਹਾ ਸੀ ਤਾਂ ਸਰਕਾਰ ਦਾ ਹੁਕਮ ਸੀ ਕਿ ਜਿਹੜਾ ਉਸ ਨੂੰ ਦੇਖੋ ਪੱਥਰ ਮਾਰ ਕੇ ਲੰਘੇ। ਰਾਹ ਵਿਚ ਸ਼ਿਬਲੀ ਆ ਗਿਆ। ਪੱਥਰ ਦੀ ਥਾਂ ਉਸ ਨੇ ਮਨਸੂਰ ਦੇ ਫੁੱਲ ਮਾਰਿਆ। ਸ਼ਿਬਲੀ ਕੁੱਝ ਵੀ ਨਾ ਮਾਰਦਾ ਤਾਂ ਉਸ ਨੂੰ ਡਰ ਸੀ ਕਿ ਕਿਤੇ ਖਲੀਫਾ ਹੁਕਮ ਅਦੂਲੀ ਦੀ ਸਜਾ ਨਾ ਦੇ ਦੇਵੇ ਤੇ ਪੱਥਰ ਇਸ ਕਰਕੇ ਨਹੀਂ ਮਾਰਿਆ ਕਿਉਂਕਿ ਉਸ ਨੂੰ ਪਤਾ ਸੀ ਮਨਸੂਰ ਕਾਮਲ ਫਕੀਰ ਹੈ। ਉਸ ਨੇ ਫੁੱਲ ਮਾਰਿਆ ਤਾਂ ਮਨਸੂਰ ਜ਼ਾਰ ਚਾਰ ਰੋਇਆ ਤੇ ਕਿਹਾ ਇਹ ਤੂੰ ਕੀ ਕੀਤਾ? ਤੂੰ ਜਾਂ ਹਕੂਮਤ ਦਾ ਖਿਦਮਤਗਾਰ ਬਣਦਾ ਜਾਂ ਮੇਰਾ ਮਿੱਤਰ। ਜੇ ਹਕੂਮਤ ਦੀ ਗੱਲ ਮੰਨਣੀ ਸੀ ਤਾਂ ਪੱਥਰ ਮਾਰਦਾ। ਜੇ ਮੇਰਾ ਮਿੱਤਰ ਹੁੰਦਾ ਹਕੂਮਤ ਤੋਂ ਨਾ ਡਰਦਾ। ਫੁੱਲ ਮਾਰ ਕੇ ਤੂੰ ਦੋ ਬੇੜੀਆਂ ਵਿੱਚ ਪੈਰ ਰੱਖਿਆ ਹੈ। ਤੇਰੇ ਵਰਗੇ ਵਿਦਵਾਨ ਤੋਂ ਅਜਿਹੀ ਮੈਨੂੰ ਉਮੀਦ ਨਹੀਂ ਸੀ ਕਿਉਂਕਿ ਮੈਨੂੰ ਲੱਗਦਾ ਹੁੰਦਾ ਸੀ ਤੂੰ ਮਾਅਰਫਤ ਦੇ ਭੇਦ ਜਾਣ ਗਿਆ ਹੈ ਤੇ ਮੇਰਾ ਮਿੱਤਰ ਹੈਂ। ਬਗਦਾਦ ਦਾ ਖਲੀਫਾ ਅਲਮੁਕਤਾਦਿਰ ਸੀ ਜਿਸ ਦੀ ਮਾਤਾ ਮਹਾਰਾਣੀ ਸ਼ਗਾਬ ਮਨਸੂਰ ਦੀ ਮੁਰੀਦ ਸੀ। ਵਜ਼ੀਰ ਹਮੀਦ ਵੀ ਮਨਸੂਰ ਦਾ ਸ਼ਾਗਿਰਦ ਸੀ। ਇਸੇ ਕਰਕੇ ਲੰਮਾ ਸਮਾਂ ਉਸ ਵਿਰੁੱਧ ਕੁਫਰ ਦਾ ਮੁਕੱਦਮਾ ਸੁਣਿਆ ਗਿਆ। ਪਰ ਕਾਜ਼ੀ ਅਬੂ ਉਮਰ ਫਤਵੇ ਤੇ ਫਤਵਾ ਜਾਰੀ ਕਰ ਰਿਹਾ ਸੀ ਤੇ ਮਨਸੂਰ ਆਪਣੇ ਹੱਕ ਵਿਚ ਕੁਝ ਨਹੀਂ ਸੀ ਆਖਦਾ। ਉਸ ਨੇ ਆਪਣੇ ਬਚਾਉ ਦੀ ਥਾਂ ਸ਼ਹਾਦਤ ਨੂੰ ਤਰਜੀਹ ਦਿੱਤੀ। ਉਸ ਨੇ ਬਗਦਾਦ ਦੇ ਲੋਕਾਂ ਨੂੰ ਕਿਹਾ, "ਮੇਰਾ ਕਤਲ ਨਿਆਂ ਅਨੁਸਾਰ