ਜਿਸਮ ਸਾੜਿਆ ਜਾਵੇਗਾ ਤੇ ਫਿਰ ਸੁਆਹ ਹਵਾ ਵਿਚ ਉਡਾ ਦਿੱਤੀ ਜਾਵੇਗੀ। ਉਸ ਨੇ ਹੁਕਮ ਸੁਣਿਆ, ਅੱਲਾਹ ਦਾ ਸ਼ੁਕਰ ਕੀਤਾ ਅਤੇ ਬੰਦਗੀ ਵਿਚ ਲੀਨ ਹੋ ਗਿਆ। ਮੁਰੀਦਾ ਦੀ ਭੀੜ ਆਲੇ ਦੁਆਲੇ ਜੁੜਣੀ ਸ਼ੁਰੂ ਹੋ ਗਈ। ਲੋਕ ਅਨੇਕਾਂ ਪ੍ਰਸ਼ਨ ਕਰਨ ਲੱਗੇ। ਇੱਕ ਜੁਆਨ ਨੇ ਪੁੱਛਿਆ, "ਹਜ਼ੂਰ ਇਸ਼ਕ ਕੀ ਹੁੰਦਾ ਹੈ?" ਮਨਸੂਰ ਨੇ ਕਿਹਾ, "ਇਸ਼ਕ? ਤੂੰ ਅੱਜ ਦੇਖੀਂ। ਫਿਰ ਕੱਲ੍ਹ ਦੇਖੀਂ, ਫਿਰ ਪਰਸੇ ਦੇਖੀਂ।"
ਕਾਜ਼ੀ ਨੇ ਮਨਸੂਰ ਨੂੰ ਪੁੱਛਿਆ, "ਤੂੰ ਆਪਣੇ ਆਪ ਨੂੰ ਰੱਬ ਆਖਦਾ ਹੈਂ ਪਰ ਨਮਾਜ਼ ਵੀ ਪੜ੍ਹਦਾ ਹੈਂ। ਕੁਰਾਨ ਵਿਚ ਤਾਂ ਅੱਲਾਹ ਦੀਆਂ ਸਿਫਤਾਂ ਕੀਤੀਆਂ ਹੋਈਆਂ ਹਨ ਫਿਰ ਤੂੰ ਇਸ ਦਾ ਪਾਠ ਕਿਉਂ ਕਰਦਾ ਹੈ?" ਮਨਸੂਰ ਨੇ ਕਿਹਾ, "ਆਪਣੀ ਸਿਫ਼ਤ ਆਪਣੇ ਮੂਹੋਂ ਸੁਣਨ ਵਿਚ ਜੋ ਨਜ਼ਾਰਾ ਆਉਂਦਾ ਹੇ ਉਹ ਦੂਜਿਆਂ ਪਾਸੋਂ ਸੁਣਨ ਵਿਚ ਨਹੀਂ ਭਾਵੇਂ ਕਿ ਦੂਜੇ ਵੀ ਮੇਰੀਆ ਸਿਫਤਾਂ ਕਰ ਰਹੇ ਹਨ।"
ਉਸ ਦੇ ਹੱਥ ਕੱਟ ਦਿੱਤੇ ਗਏ ਤਦ ਉਸ ਨੇ ਕਾਜ਼ੀ ਨੂੰ ਕਿਹਾ, "ਇਹ ਹੱਥ ਮੇਰੇ ਕੱਟ ਦਿੱਤੇ ਗਏ ਹਨ ਜੋ ਤੈਨੂੰ ਦਿਸਦੇ ਸਨ। ਤੂੰ ਉਨ੍ਹਾਂ ਹੱਥਾਂ ਨੂੰ ਕਿਵੇਂ ਕੱਟੇਗਾ ਜਿਹੜੇ ਕਹਿਕਸ਼ਾਂ ਤੱਕ ਅੱਪੜੇ ਹੋਏ ਹਨ?" ਫਿਰ ਉਸ ਦੇ ਪੈਰ ਕੱਟ ਦਿੱਤੇ ਗਏ। ਮਨਸੂਰ ਨੇ ਕਿਹਾ, "ਤੁਸੀਂ ਮੇਰੇ ਇਹ ਪੈਰ ਕੱਟ ਦਿੱਤੇ ਹਨ ਸੋ ਭਲਾ ਹੋਇਆ। ਪਰ ਉਹ ਪੈਰ ਕਿਵੇਂ ਕੱਟ ਪਾਉਗੇ ਜਿਹੜੇ ਚਰਖ ਦੇ ਆਖਰੀ ਤਬਕ (ਸੱਤਾਂ ਆਕਾਸ਼ਾ ਤੋਂ ਪਾਰ) ਤੀਕ ਅੱਪੜ ਜਾਂਦੇ ਹਨ ?" ਫਿਰ ਉਸ ਨੇ ਕੱਟੇ ਹੋਏ ਹੱਥਾਂ ਵਿਚੋਂ ਵਗਦਾ ਹੋਇਆ ਖੂਨ ਆਪਣੇ ਚਿਹਰੇ ਉਤੇ ਮਲ ਲਿਆ। ਕਾਜ਼ੀ ਨੇ ਪੁੱਛਿਆ, "ਅਜਿਹਾ ਕਿਉਂ ਕੀਤਾ ਹੈ ?" ਮਨਸੂਰ ਨੇ ਕਿਹਾ, "ਆਸ਼ਕਾਂ ਦਾ ਵੁਜ਼ੂ (ਪੰਜ ਇਸ਼ਨਾਨਾ) ਪਾਣੀ ਨਾਲ ਨਹੀਂ ਖੂਨ ਨਾਲ ਹੁੰਦਾ ਹੈ।"
ਇਬਰਾਹੀਮ ਉਸ ਦਾ ਨਿੱਜੀ ਨੌਕਰ ਸੀ ਜੋ ਬੜੇ ਲੰਮੇ ਸਮੇਂ ਤੋਂ ਮਨਸੂਰ ਅਲਹੱਲਾਜ ਦੀ ਸੇਵਾ ਕਰਦਾ ਆ ਰਿਹਾ ਸੀ। ਫਾਂਸੀ ਲੱਗਣ ਵਾਲੇ ਰਾਹ ਵੱਲ ਜਾਂਦਿਆਂ ਹੱਥ ਜੋੜ ਕੇ ਇਬਰਾਹੀਮ ਨੇ ਅਰਜ਼ ਕੀਤੀ, "ਮਾਲਕ ਮੈਨੂੰ ਵੀ ਕੁੱਝ ਦੇ ਕੇ ਜਾਉ।" ਮਨਸੂਰ ਨੇ ਕਿਹਾ, "ਤੇਨੂੰ ਮੈਂ ਤੇਰਾ ਆਪਾ ਦਿੰਦਾ ਹਾਂ। ਤੇਨੂੰ ਮੈਂ ਤੇਰੇ ਹਵਾਲੇ ਸੋਪਦਾ ਹਾਂ। ਜਾਹ ਅਤੇ ਬੰਦਗੀ ਕਰ।"
ਜਦੋਂ ਉਸ ਨੂੰ ਫਾਂਸੀ ਦੇ ਤਖਤੇ ਤੱਕ ਲਿਜਾਇਆ ਗਿਆ ਤਾਂ ਲੋਕਾਂ ਦੇ ਹੜ੍ਹ ਵਿਚੋਂ ਸ਼ਿਬਲੀ ਦੌੜ ਕੇ ਅੱਗੇ ਆ ਗਿਆ। ਮਨਸੂਰ ਨੇ ਉਸ ਤੋਂ ਇਕ ਕੱਪੜਾ ਮੰਗਿਆ ਜਿਸ ਨੂੰ ਗਲ ਵਿਚ ਪਾ ਕੇ ਉਸ ਨੇ ਅੰਤਿਮ ਅਰਦਾਸ ਕੀਤੀ ਤੇ ਫਿਰ ਮੁਸਕਰਾ ਕੇ ਕਿਹਾ - ਮਹਿਬੂਬ ਦੀ ਜ਼ੁਲਫ ਇਸ ਵਾਰ ਫਾਂਸੀ ਦਾ ਫੰਦਾ ਬਣ ਕੇ ਸਾਹਮਣੇ ਆਈ ਹੈ। ਇਸ ਦਾ ਸੁਆਗਤ ਹੈ।
ਜਲਾਦ ਨੇ ਮਨਸੂਰ ਦੇ ਸਿਰ ਵਿਚ ਲੋਹੇ ਦੀ ਸਲਾਖ ਮਾਰੀ ਤਾਂ ਸ਼ਿਬਲੀ