ਜ਼ਹਿਰੀਲੀ ਖੇਤੀ ਦੇ ਮਾੜੇ ਅਸਰਾਂ ਕਰਕੇ ਸਾਡੀ ਰੋਗ ਪ੍ਰਤੀਰੋਧੀ ਤਾਕਤ ਕਮਜ਼ੋਰ ਪੈਂਦੀ ਜਾ ਰਹੀ ਹੈ। ਇਸ ਕਾਰਨ ਸਾਨੂੰ ਅਨੇਕਾਂ ਪ੍ਰਕਾਰ ਦੇ ਰੋਗ ਅਸਾਨੀ ਨਾਲ ਹੀ ਆਪਣਾ ਸ਼ਿਕਾਰ ਬਣਾ ਲੈਂਦੇ ਹਨ। ਜਿਵੇਂ ਵਾਰ-ਵਾਰ ਜੁਕਾਮ ਲੱਗਣਾ, ਵਾਇਰਲ ਬੁਖ਼ਾਰ ਹੋਣਾ, ਕਾਲਾ ਪੀਲੀਆ( ਹੈਪੇਟਾਈਟਸ ਬੀ, ਸੀ, ਈ), ਛੋਟੀ ਮਾਤਾ, ਜਨੇਊ, ਡੇਂਗੂ, ਚਿਕਨ ਗੁਣੀਆਂ, ਫਲੂ, ਦਿਮਾਗੀ ਬੁਖ਼ਾਰ, ਚਮੜੀ ਦੀਆਂ ਅਨੇਕਾਂ ਬਿਮਾਰੀਆਂ ਏਡਜ਼ ਅਤੇ ਭਾਂਤ-ਭਾਂਤ ਕਿੰਨੀਆਂ ਹੀ ਹੋਰ ਇਨਫੈਕਸ਼ਨਾਂ ਹੁਣ ਪਹਿਲਾਂ ਦੇ ਮੁਕਾਬਲੇ ਵੱਧ ਤੀਬਰਤਾ ਨਾਲ ਅਤੇ ਵੱਡੇ ਪੱਧਰ 'ਤੇ ਆਪਣਾ ਅਸਰ ਵਿਖਾ ਰਹੀਆਂ ਹਨ। ਕੈਂਸਰ ਦੇ ਮਰੀਜ਼ਾਂ ਦੀ ਗਿਣਤੀ ਵਧਣ ਵਿੱਚ ਵੀ ਸਰੀਰ ਦੀ ਕਮਜ਼ੋਰ ਰੱਖਿਆ ਪ੍ਰਣਾਲੀ ਦਾ ਵੱਡਾ ਯੋਗਦਾਨ ਹੈ । ਕੁੱਝ ਲੋਕਾਂ ਵਿੱਚ ਰੋਗ ਪ੍ਰਤੀਰੋਧੀ ਸ਼ਕਤੀ ਦੇ ਸਹੀ ਕੰਮ ਨਾ ਕਰਨ ਕਾਰਨ ਕੁੱਝ ਵਾਇਰਸ ਸਰੀਰ 'ਤੇ ਭਾਰੂ ਹੋ ਜਾਂਦੇ ਹਨ ਜਿਹਨਾਂ ਕਰਕੇ ਕੈਂਸਰ ਹੋ ਜਾਂਦਾ ਹੈ। ਇਹ ਵਿਗਿਆਨਿਕ ਸੱਚ ਹੈ ਕਿ ਕੈਂਸਰ ਸੈੱਲ ਅਕਸਰ ਹੀ ਸਰੀਰ ਵਿੱਚ ਬਣਦੇ ਰਹਿੰਦੇ ਹਨ। ਜੇਕਰ ਸਰੀਰ ਦੀ ਰੱਖਿਆ ਪ੍ਰਣਾਲੀ ਮਜਬੂਤ ਹੋਵੇ ਤਾਂ ਇਹ ਕੈਂਸਰ ਸੈੱਲਾਂ ਨੂੰ ਬਿਮਾਰੀ ਦਾ ਰੂਪ ਧਾਰਣ ਤੋਂ ਪਹਿਲਾਂ ਹੀ ਖਤਮ ਕਰ ਦਿੰਦੀ ਹੈ।