ਛੱਤ 'ਤੇ ਸਬਜ਼ੀਆਂ ਲਗਾਉਣ ਲਈ ਮਿੱਟੀ ਦੇ ਵੱਡੇ ਗਮਲਿਆਂ, ਸੇਬਾਂ ਆਦਿ ਵਾਲੀਆਂ ਲੱਕੜੀ ਦੀਆਂ ਖਾਲੀ ਪੇਟੀਆਂ ਅਤੇ ਜੂਟ ਦੇ ਬੋਰਿਆਂ ਦਾ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ । ਕਈ ਘਰ ਮਿਲ ਕੇ ਘਰ ਦੇ ਕੋਲ ਜਾਂ ਨੇੜੇ ਦੇ ਪਾਰਕ ਵਿੱਚ ਖਾਲੀ ਪਈ ਜਗ੍ਹਾ ਵਿੱਚ ਸਬਜ਼ੀਆਂ ਉਗਾ ਸਕਦੇ ਹਨ । ਇਸ ਤਰ੍ਹਾਂ ਕਰਨ ਨਾਲ ਜਗ੍ਹਾ ਦਾ ਉੱਤਮ ਉਪਯੋਗ ਕੀਤਾ ਜਾ ਸਕਦਾ ਹੈ।
ਸ਼ਹਿਰ ਵਿੱਚ ਘਰੇਲੂ ਬਗੀਚੀ ਲਗਾਉਣ ਦੇ ਫਾਇਦੇ
ਜਲਵਾਯੂ ਪਰਿਵਰਤਨ ਵਿੱਚ ਫਾਇਦੇ:- ਘਰੇਲੂ ਬਗੀਚੀ ਲਾਉਣ ਨਾਲ ਗਲੋਬਲ ਵਾਰਮਿੰਗ ਦੇ ਪ੍ਰਭਾਵ ਨੂੰ ਘੱਟ ਕੀਤਾ ਜਾ ਸਕਦਾ ਹੈ । ਜਿਵੇਂ ਕਿ:
• ਛੱਤ ਵਾਲੀ ਬਗੀਚੀ ਇਮਾਰਤ ਨੂੰ ਅੰਦਰੋਂ ਜ਼ਿਆਦਾ ਸ਼ਾਂਤ ਅਤੇ ਗਰਮੀਆਂ ਵਿੱਚ ਠੰਡੀ ਅਤੇ ਸਰਦੀਆਂ ਵਿੱਚ ਗਰਮ ਰੱਖ ਕੇ ਊਰਜਾ ਦੀ ਬੱਚਤ ਵਿੱਚ ਮੱਦਦ ਕਰਦੀ ਹੈ।
• ਬਗੀਚੀ ਸ਼ਹਿਰ ਦੀ ਗੈਰ-ਕੁਦਰਤੀ ਕਾਰਨਾਂ ਕਰਕੇ ਗਰਮ ਹੋਈ ਹਵਾ ਨੂੰ ਠੰਡਾ ਅਤੇ ਸਾਫ ਕਰਦੀ ਹੈ । ਹਵਾ ਵਿਚਲੇ ਧੂੰਏ ਦੇ ਕਣਾਂ ਨੂੰ ਵੀ ਸਾਫ ਕਰਦੀ ਹੈ।
• ਛੱਤ ਵਾਲੀ ਬਗੀਚੀ ਮੀਂਹ ਦੇ ਪਾਣੀ ਨੂੰ ਅਜਾਂਈ ਜਾਣ ਤੋਂ ਰੋਕਦੀ ਹੈ। ਬਗੀਚੀ ਦੀ ਮਿੱਟੀ ਵਰਖਾ ਦੇ ਪਾਣੀ ਨੂੰ ਸੋਖਦੀ ਹੈ ਅਤੇ ਸਾਫ ਕਰਦੀ ਹੈ। ਪੌਦੇ ਇਸ ਪਾਣੀ ਨੂੰ ਫਿਰ ਤੋਂ ਵਾਤਾਵਰਨ ਵਿੱਚ ਵਾਪਸ ਭੇਜਦੇ ਹਨ।
• ਘਰ ਦੇ ਜੈਵਿਕ ਕਚਰੇ ਤੋਂ ਕੰਪੋਸਟ ਤਿਆਰ ਕੀਤੀ ਜਾ ਸਕਦੀ ਹੈ ਜਿਸ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਵਧੇਗੀ ਅਤੇ ਬਗੀਚੀ ਨੂੰ ਲੋੜੀਂਦੇ ਪੋਸ਼ਕ ਤੱਤ ਲੋੜ ਅਨੁਸਾਰ ਦਿੱਤੇ ਜਾ ਸਕਣਗੇ। ਇਸ ਤਰ੍ਹਾਂ ਨਾਲ ਕਚਰੇ ਦੇ ਪ੍ਰਬੰਧਨ ਵਿੱਚ ਵੀ ਸਹਾਇਤਾ ਮਿਲੇਗੀ ਕਿਉਂਕਿ ਅੱਜਕੱਲ੍ਹ ਸ਼ਹਿਰਾਂ ਵਿੱਚ ਕਚਰੇ ਦੇ ਪ੍ਰਬੰਧਨ ਲਈ ਜਗ੍ਹਾ ਦੀ ਕਮੀ ਦੀ ਮੁਸ਼ਕਿਲ ਆ ਰਹੀ ਹੈ। ਕੰਪੋਸਟ ਬਣਾਉਣ ਨਾਲ ਸ਼ਹਿਰਾਂ ਵੱਲੋਂ ਪੈਦਾ ਕੀਤੀਆਂ ਗ੍ਰੀਨ ਹਾਊਸ ਗੈਸਾਂ ਵਿੱਚ ਕਾਰਬਨ ਦੀ ਮਾਤਰਾ ਨੂੰ ਘੱਟ ਕੀਤਾ ਜਾ ਸਕਦਾ ਹੈ।