ਇਸ ਵਿਚ ਜੀਵ-ਆਤਮਾ ਪਾਈ ਤੇ ਉਸ ਦੀ ਕਦੇ ਅਸੀਂ ਪ੍ਰੇਮਾ-ਭਗਤੀ ਨਹੀਂ ਕੀਤੀ। ਇਹ ਸਾਡਾ ਚੌਥਾ ਅਪਰਾਧ ਹੈ।
"ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ' ਸਾਨੂੰ ਹੋਕਾ ਦੇ ਕੇ ਕਹਿੰਦੇ ਹਨ:
"ਜਿਹ ਘਰਿ ਕਥਾ ਹੋਤ ਹਰਿ ਸੰਤਨ
ਇਕ ਨਿਮਖ ਨ ਕੀਨੋ ਮੈ ਫੇਰਾ॥"
(ਪੰਨਾ ੯੭੧)
ਇਸ ਤੋਂ ਭਾਵ ਹੈ ਕਿ ਜਿਥੇ ਤਾਂ ਵਾਹਿਗੁਰੂ ਦੇ ਨਾਮ ਦਾ ਕਥਾ ਕੀਰਤਨ ਹੁੰਦਾ ਹੈ, ਉਥੇ ਤਾਂ ਮੈਂ ਇਕ ਮਿੰਟ ਵੀ ਫੇਰਾ ਨਹੀਂ ਪਾਇਆ। ਉਥੇ ਤਾਂ ਮੈਂ ਸਕਿੰਟ ਵੀ ਜਾ ਕੇ ਨਹੀਂ ਬੈਠਾ। ਉਸ ਕਥਾ ਨਾਲ ਮੈਨੂੰ ਪਿਆਰ ਹੀ ਨਹੀਂ ਆਇਆ, ਸ਼ਰਧਾ ਹੀ ਨਹੀਂ ਆਈ।
ਗੋਬਿੰਦ ਹਮ ਐਸੇ ਅਪਰਾਧੀ॥
ਹਮ ਐਸੇ ਅਪਰਾਧੀ॥
ਹੇ ਵਾਹਿਗੁਰੂ ਕਾਮ ਵਾਸ਼ਨਾ ਸਾਡੇ ਵਿਚ ਬੜੀ ਪ੍ਰਬਲ ਹੈ।
"ਕ੍ਰੋਧ"
ਗੁੱਸਾ ਵੀ ਸਾਡੇ ਵਿਚ ਭਰਿਆ ਪਿਆ ਹੈ।
"ਮਾਇਆ ਮਧ”
ਮਾਇਆ ਕਾ ਨਸ਼ਾ ਭਾਵ ਮਾਇਆ ਕੀ ਮਸਤੀ।
ਇਹ ਵੀ ਸਾਡੇ ਵਿੱਚ ਹੈ।
"ਮਤਸਰ”
ਭਾਵ ਕਿ ਈਰਖਾ। ਕਿਸੇ ਦੂਜੇ ਭਰਾ ਦਾ ਕੰਮ-ਕਾਰ ਚਲਦਿਆਂ ਵੇਖ ਕੇ ਸੜ ਬਲ ਕੇ ਕੋਲਾ ਹੋ ਜਾਂਦਾ ਹੈ। ਔਰ ਸੋਚਦਾ ਹੈ ਕਿ ਕਦੋਂ ਇਸਦਾ ਬੇੜਾ ਗਰਕ ਹੋਵੇ, ਕਦੋਂ ਇਸ ਨੇ ਠੂਠਾ ਫੜਿਆ ਹੋਵੇ। ਇਹ ਸਭ ਈਰਖਾ ਸਾਡੇ ਅੰਦਰ ਹੈ। ਔਰ ਸਾਨੂੰ ਘਾਟਾ ਕਾਹਦਾ ਹੈ ?
"ਦਇਆ ਧਰਮੁ ਅਰੁ ਗੁਰ ਕੀ ਸੇਵਾ”
(ਪੰਨਾ ੯੭੧)
ਇਹ ਚੰਗੀਆਂ ਚੀਜ਼ਾਂ ਤਾਂ ਸਾਡੇ ਸੁਪਨੇ ਅੰਦਰ ਵੀ ਨਹੀਂ ਆਈਆਂ। ਇਸ ਲਈ :
"ਗੋਬਿੰਦ ਹਮ ਐਸੇ ਅਪਰਾਧੀ॥"
ਹਮ ਐਸੇ ਅਪਰਾਧੀ॥
(ਪੰਨਾ ੯੭੧)