ਇਹ ਮਨਮੁਖ ਦੀ ਅੰਦਰਲੀ ਅਵਸਥਾ ਹੈ। ਸੰਤਾਂ ਨਾਲ, ਮਹਾਤਮਾ ਨਾਲ, ਨੇਕੀ ਦਾ ਰਾਹ ਦੱਸਣ ਵਾਲਿਆਂ ਨਾਲ ਵੈਰ ਤੇ ਦੁਸ਼ਟਾਂ ਨਾਲ ਗਲਵਕੜੀਆਂ ਪਾ ਕੇ ਮਿਲਦਾ ਹੈ। ਫਿਰ ਸਾਹਿਬਾਂ ਨੇ ਇਹੋ ਜਿਹੇ ਲੋਕਾਂ ਦਾ ਫੈਸਲਾ ਵੀ ਸੁਣਾਇਆ ਹੈ ਕਿ ਇਹੋ ਜਿਹੇ ਲੋਕਾਂ ਨੂੰ ਨਾ ਇਸ ਦੁਨੀਆਂ ਵਿਚ ਸੁਖ ਹੈ ਤੇ ਨਾ ਓਸ ਦੁਨੀਆਂ ਵਿਚ ਸੁਖ ਹੈ। ਜੰਮਣ-ਮਰਨ ਦੇ ਗੇੜ ਵਿਚੋਂ ਉਹ ਕਦੇ ਵੀ ਬਾਹਰ ਨਹੀਂ ਨਿਕਲ ਸਕਦੇ। ਉਹ ਬਾਰ-ਬਾਰ ਮਰਨਗੇ ਤੇ ਬਾਰ-ਬਾਰ ਜਨਮ ਲੈਣਗੇ। ਉਹ ਧੰਨ ਗੁਰੂ ਕੇ ਸਿੱਖ ਨੇ ਜਿਹੜੇ ਬਾਣੀ ਨੂੰ ਆਪਣਾ ਜੀਵਨ ਸਮਝਦੇ ਨੇ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਬਚਨ ਹੈ:
"ਘਰ ਹੀ ਮਹਿ ਅੰਮ੍ਰਿਤੁ ਭਰਪੂਰੁ ਹੈ
ਮਨਮੁਖਾ ਸਾਦੁ ਨ ਪਾਇਆ॥"
(ਪੰਨਾ ੬੪੪)
ਭਾਵ ਕਿ ਸਭ ਕੁਝ ਘਰ ਵਿਚ ਹੀ ਹੈ। ਲੇਕਿਨ ਫਿਰ ਵੀ ਮਨਮੁਖ ਬਾਹਰ ਨੂੰ ਹੀ ਭਟਕਦਾ ਹੈ। ਬਾਹਰਲੀਆਂ ਚੀਜ਼ਾਂ ਨੂੰ ਹੀ ਮੂੰਹ ਮਾਰਦਾ ਹੈ।
ਲੇਕਿਨ ਜਿਨ੍ਹਾਂ ਨੇ ਅੰਦਰ ਝਾਤੀ ਹੀ ਨਾ ਪਾਈ, ਜਿਨ੍ਹਾਂ ਦੀ ਅੰਦਰ ਸੁਰਤ ਹੀ ਨਾ ਜੁੜੀ, ਜਿਨ੍ਹਾਂ ਨੇ ਅੰਦਰ ਧਿਆਨ ਹੀ ਨਾ ਪਾਇਆ। ਫਿਰ ਉਹਨਾਂ ਦੇ ਘਰ ਵਿਚ ਅੰਮ੍ਰਿਤ ਹੁੰਦਿਆਂ ਹੋਇਆਂ ਵੀ ਉਹ ਪਿਆਸੇ ਰਹੇ। ਕਿਉਂਕਿ ਉਹਨਾਂ ਨੇ ਨਹੀਂ ਧਿਆਇਆ "ਸਤਿਨਾਮ-ਵਾਹਿਗੁਰੂ", ਉਹਨਾਂ ਨੇ ਨਹੀਂ ਅਰਾਧਿਆ "ਸਤਿਨਾਮ-ਵਾਹਿਗੁਰੂ"। ਫਿਰ ਜਿਨ੍ਹਾਂ ਨੇ ਜਪਿਆ ਹੀ ਨਹੀਂ ਤੇ ਉਹਨਾਂ ਨੂੰ ਸੁਆਦ ਕਿਸ ਤਰ੍ਹਾਂ ਆ ਸਕਦਾ ਹੈ? ਉਹਨਾਂ ਨੂੰ ਨਾਮ ਦੀ ਪ੍ਰਾਪਤੀ ਕਿਸ ਤਰ੍ਹਾਂ ਹੋ ਸਕਦੀ ਹੈ? ਇਹ ਪ੍ਰਾਪਤੀ ਤਾਂ ਸਿਰਫ ਉਹਨਾਂ ਨੂੰ ਹੀ ਹੋ ਸਕਦੀ ਹੈ ਜਿਨ੍ਹਾਂ ਨੇ ਆਪਣਾ ਅੰਦਰਲਾ ਜਗਾਇਆ ਭਾਵ ਕਿ ਆਪਣੀ ਅੰਤਰ-ਆਤਮਾ ਨੂੰ ਜਗਾਇਆ। ਉਹਨਾਂ ਨੂੰ ਇਹ ਬੀਰ-ਰਸ ਦੀ ਪ੍ਰਾਪਤੀ ਹੋ ਸਕਦੀ ਹੈ। ਔਰ ਜਿਨ੍ਹਾਂ ਨੇ ਜਗਾਇਆ ਹੀ ਨਹੀਂ ਆਪਣੇ ਆਪ ਨੂੰ ਫਿਰ ਉਹਨਾਂ ਨੂੰ ਸੁਆਦ ਕਿਸ ਤਰ੍ਹਾਂ ਆ ਸਕਦਾ ਹੈ ? ਫਿਰ ਉਹਨਾਂ ਨੂੰ ਗੁਰੂ ਦੀ ਪ੍ਰਾਪਤੀ ਕਿਸ ਤਰ੍ਹਾਂ ਹੋ ਸਕਦੀ ਹੈ?
ਗੁਰੂ ਦੀ ਪ੍ਰਾਪਤੀ ਲਈ ਆਪ ਪਹਿਲਾਂ ਗੁਰੂ ਵਾਲਾ ਬਣਨਾ ਪਵੇਗਾ। ਆਪ ਪਹਿਲਾਂ ਔਗੁਣਾਂ ਨੂੰ ਛੱਡ ਕੇ ਗੁਣਾਂ ਨੂੰ ਅਪਣਾਉਣਾ ਪਵੇਗਾ, ਤਾਂ ਹੀ ਤੁਹਾਡਾ ਜਨਮ ਸਫਲਾ ਹੋ ਸਕੇਗਾ।
***