ਮੁਰਝਾਉਣੇ ਸ਼ੁਰੂ ਹੋ ਜਾਂਦੇ ਹਨ। ਇਧਰ ਪਾਣੀ ਖਤਮ ਹੋ ਜਾਂਦਾ ਹੈ ਤੇ ਉਧਰ ਕਮਲ ਫੁੱਲ ਦੇ ਪੱਤੇ ਤਬਾਹ ਹੋ ਜਾਂਦੇ ਹਨ। ਜਿਸ ਤਰ੍ਹਾਂ ਪੱਬਣ ਦੇ ਪੱਤੇ, ਉਸ ਦੀਆਂ ਪੰਖੜੀਆਂ, ਉਸਦੀ ਮਕਰੰਦ, ਉਸਦਾ ਰਸ, ਉਸਦੀ ਸੁਗੰਧ ਸਦਾ ਨਹੀਂ ਰਹਿਣੇ, ਇਸੇ ਤਰ੍ਹਾਂ ਐ ਮਨੁੱਖ ! ਤੇਰਾ ਇਹ ਜੀਵਨ ਵੀ ਸਦਾ ਨਹੀਂ ਰਹਿਣਾ। ਇਸੇ ਲਈ ਸਾਹਿਬ ਸੱਚੇ ਪਾਤਸ਼ਾਹ ਇਹ ਬਚਨ ਦੁਬਾਰਾ ਫੁਰਮਾਉਂਦੇ ਹਨ:
"ਧਨੁ ਜੋਬਨੁ ਅਰੁ ਫੁਲੜਾ
ਨਾਠੀਅੜੇ ਦਿਨ ਚਾਰਿ॥"
ਔਰ 'ਰਹਾਉ' ਵਾਲੀ ਤੁੱਕ ਹੈ, ਜਿਸ ਵਿਚ ਸਾਹਿਬ ਨੇ ਹੁਲਾਰਾ ਦਿੱਤਾ ਹੈ :
"ਮੇਰੇ ਪਿਆਰਿਆ ਜੀ......
ਰੰਗੁ ਮਾਣਿ ਲੈ ਪਿਆਰਿਆ॥“
ਗੁਰਦੇਵ ਜੀ ਕਹਿੰਦੇ ਜਿੰਨਾ ਚਿਰ ਤੇਰੇ ਜੋਬਨ ਦਾ ਹੁਲਾਰਾ ਨਵਾਂ ਨਰੋਆ ਹੈ, ਉਨਾ ਚਿਰ ਤੂੰ ਕੁਕਰਮ ਛੱਡ ਕੇ ਵਾਹਿਗੁਰੂ ਦੇ ਪਿਆਰ ਦਾ ਹੁਲਾਰਾ ਲੁੱਟ ਲੈ:
"ਕਬੀਰ ਲੂਟਨਾ ਹੈ ਤ ਲੂਟਿ ਲੈ
ਰਾਮ ਨਾਮ ਹੈ ਲੂਟਿ॥
ਫਿਰਿ ਪਾਛੈ ਪਛੁਤਾਹੁਗੇ
ਪ੍ਰਾਨ ਜਾਹਿੰਗੇ ਛੂਟਿ ॥ ੪੧॥
(ਪੰਨਾ ੧੩੬੬)
ਭਾਈ ਸਾਹਿਬ ਭਾਈ ਵੀਰ ਸਿੰਘ ਦੇ ਚਾਰ ਅੱਖਰ ਨੇ ਕਿ ਮੈਂ ਬੜੇ ਤਰਲੇ ਲਏ, ਲੇਕਿਨ ਸਮੇਂ ਨੇ ਮੇਰੀ ਇਕ ਨਾ ਸੁਣੀ। ਕਿਉਂਕਿ ਵਕਤ ਕਿਸੇ ਦਾ ਬੱਧਾ ਹੋਇਆ ਨਹੀਂ ਤੇ ਵਕਤ ਕਿਸੇ ਦੇ ਵੱਸ ਵਿਚ ਵੀ ਨਹੀਂ। ਉਹ ਤਾਂ ਆਪਣੀ ਚਾਲ ਵਿਚ ਹੀ ਤੁਰਿਆ ਜਾਂਦਾ ਹੈ। ਉਹ ਤਾਂ ਅੱਖਾਂ ਦੇ ਚਮਕਾਰੇ ਨਾਲ ਹੀ ਤੁਰਿਆ ਚਲਾ ਜਾਂਦਾ ਹੈ। ਲੇਕਿਨ ਮਨੁੱਖ ਅਜੇ ਇਹ ਗੱਲ ਸਮਝ ਨਹੀਂ ਰਿਹਾ ਹੈ।
ਜਿਸ ਜੋਬਨ ਜਵਾਨੀ, ਜਿਸ ਫੁੱਲ ਦੇ ਖੇੜੇ ਦੀ ਪ੍ਰਾਪਤੀ ਕਰਕੇ ਤੂੰ ਆਕੜਿਆ ਫਿਰਦਾ ਹੈਂ ਨਾ। ਇਹ ਸਾਰੀ ਥੋੜੇ ਕੁ ਦਿਨਾਂ ਦੀ ਗੱਲ ਹੈ। ਕਿਉਂਕਿ ਇਹ ਸਾਰੇ ਦਿਨ ਖਤਮ ਹੋ ਜਾਣੇ ਨੇ। ਔਰ ਇਹ ਜਿਹੜਾ ਕਾਇਆਂ ਦਾ ਚੋਲਾ ਹੈ, ਕਾਇਆਂ ਦਾ ਲਿਬਾਸ ਹੈ, ਉਸ ਨੇ ਪੁਰਾਣਾ ਹੋ ਜਾਣਾ ਹੈ ਤੇ ਇਸ ਵਿਚੋਂ ਬਦਬੂ ਵੀ ਆਉਣ ਲੱਗਣੀ ਹੈ। ਜਿਵੇਂ ਪੁਰਾਣੇ ਕਪੜੇ ਦੀਆਂ ਧੱਜੀਆਂ ਉੱਡ ਜਾਂਦੀਆਂ ਨੇ, ਲੀਰਾਂ ਹੋ ਜਾਂਦੀਆਂ ਨੇ। ਇਸੇ ਤਰ੍ਹਾਂ ਤਨ ਵੀ ਪੁਰਾਣਾ ਹੋ ਜਾਂਦਾ ਹੈ। ਗੋਡੇ ਖੜਕਣ ਲੱਗ ਪੈਂਦੇ ਹਨ ਤੇ ਆਪਣਾ ਆਪ ਵੀ ਸੰਭਾਲਿਆ ਨਹੀਂ ਜਾਂਦਾ। ਇਥੋਂ ਤੱਕ ਕਿ ਅੱਖਾਂ ਕਮਜ਼ੋਰ, ਤਨ ਕਮਜ਼ੋਰ ਵੀ ਹੋ ਜਾਂਦਾ ਹੈ।