ਮਨੁੱਖ 'ਸ਼ਬਦ ਕਾ ਰੂਪ' ਕਦੋਂ ਹੋਵੇਗਾ ?
“ਗੁਰਮੁਖਿ ਛਤ੍ਰ ਨਿਰੰਜਨੀ
ਪੂਰਨ ਬ੍ਰਹਮ ਪਰਮਪਦ ਪਤਾ।
ਵੇਦ ਕਤੇਬ ਅਗੋਚਰਾ
ਗੁਰਮੁਖਿ ਸਬਦੁ ਸਾਧਸੰਗੁ ਸਤਾ॥
(ਵਾਰ ੨੪/੨੦)
ਸਾਧਸੰਗਤਿ ਹੈ ਗੁਰੁ ਸਭਾ
ਰਤਨ ਪਦਾਰਥ ਵਣਜ ਸਹਤਾ।"
(ਵਾਰ ੨੪/੧੯)
ਇਨ੍ਹਾਂ ਪੰਕਤੀਆਂ ਤੋਂ ਭਾਵ ਹੈ ਕਿ ਇਹ ਜਿਹੜੀ ਸਾਧਸੰਗਤ ਹੈ, ਇਹ "ਗੁਰੂ ਕੀ ਸਭਾ" ਹੈ। ਗੁਰੂ ਕਾ ਦਰਬਾਰ ਹੈ ਔਰ ਇਸ ਦਰਬਾਰ ਵਿਚ ਸੰਸਾਰ ਦੀਆਂ, ਗੱਲਾਂ ਨਹੀਂ ਹੁੰਦੀਆਂ। ਈਰਖਾ ਦੀਆਂ, ਨਿੰਦਾ ਦੀਆਂ, ਚੁਗਲੀ ਦੀਆਂ ਗੱਲਾਂ ਨਹੀਂ ਹੁੰਦੀਆਂ। ਬਲਕਿ ਇਸ ਸਭਾ ਵਿਚ ਰਤਨ ਪਦਾਰਥ ਵਣਜੇ ਜਾਂਦੇ ਹਨ। ਭਾਵ ਕਿ ਸੱਤ, ਸੰਤੋਖ, ਦਇਆ, ਧਰਮ, ਧੀਰਜ, ਨੇਕੀ, ਪਰਉਪਕਾਰ, ਸਹਿਨਸ਼ੀਲਤਾ। ਇਹ ਇਸ ਦੁਕਾਨ ਦੇ ਹੀਰੇ ਹਨ। ਔਰ ਇਸ ਵਣਜ ਦਾ ਤੇ ਕੋਈ ਵਿਰਲਾ ਹੀ ਵਪਾਰੀ ਹੋਵੇਗਾ। ਮੇਰੇ ਸਾਹਿਬ "ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਨੇ ਬੜੀ ਉੱਚੀ ਅਵਸਥਾ ਦਾ ਬਚਨ ਮੇਰੀ ਝੋਲੀ ਵਿਚ ਪਾ ਦਿੱਤਾ ਹੈ :
"ਹਰਿ ਕਾ ਗਾਹਕੁ ਹੋਵੈ ਸੋ ਲਏ........
ਹੋਰਨਾਂ ਗੱਲਾਂ ਦੇ ਗਾਹਕ ਸਾਨੂੰ ਬੇਅੰਤ ਮਿਲ ਜਾਣਗੇ, ਲੇਕਿਨ 'ਵਾਹਿਗੁਰੂ ਦੇ ਨਾਮ’ ਦੀ ਕਥਾ ਦਾ ਗਾਹਕ ਸਾਨੂੰ ਬਹੁਤ ਵਿਰਲਾ ਮਿਲਦਾ ਹੈ। ਇਸੇ ਕਰਕੇ ਤਾਂ ਇਸਦੀ ਕੀਮਤ ਬਿਆਨ ਨਹੀਂ ਨਾ ਕੀਤੀ ਜਾਂਦੀ। ਸਾਹਿਬ ਸੱਚਾ ਪਾਤਸ਼ਾਹ ਕਹਿੰਦੇ ਨੇ :
ਕੋਟਨ ਮੈ ਨਾਨਕ ਕੋਊ ਨਾਰਾਇਨੁ ਜਿਹ ਚੀਤਿ॥੨੪॥
(ਸਲੋਕ ਮਹਲਾ ੯)
ਭਾਵ ਕਿ ਕਰੋੜਾਂ ਵਿਚੋਂ ਹੀ ਕੋਈ ਇਕ ਹੈ ਨਾ, ਜਿਹੜਾ ਇਥੇ ਆ ਕੇ ਜੁੜ ਜਾਏ, ਇਕ-ਮਿਕ ਹੋ ਜਾਏ। ਇਸ ਹਰੀ ਪ੍ਰਮਾਤਮਾ ਦੇ ਨਾਮ ਦੀ ਕੀਮਤ ਕਹੀ ਨਹੀਂ ਜਾਂਦੀ।