(੮) ਚਾਖਤ ਚਾਖਤ ਜੈਸੇ
ਭੋਗੀ ਰਸ ਭੀਨ ਹੈ॥" ੫੮੮॥
ਇਸ ਤੋਂ ਭਾਵ ਹੈ ਕਿ ਜਿਹੜਾ ਰੋਜ਼ ਸਵਾਦ ਚੱਖਦਾ ਹੈ ਕਿ ਅੱਜ ਪੂੜੀਆਂ ਨੇ, ਅੱਜ ਭਠੂਰੇ ਨੇ, ਅੱਜ ਸਮੋਸਾ ਹੈ, ਅੱਜ ਪਰੌਂਠਾ ਹੈ। ਇਹ ਗੋਬਿੰਦ ਭੋਗ ਚਾਵਲ ਹਨ। ਫਿਰ ਉਹ ਕਈ ਵਰ੍ਹਿਆਂ ਦੇ ਬਾਅਦ ਬੜਾ ਵੱਡਾ ਚਾਖੂ ਬਣ ਜਾਵੇਗਾ। ਭਾਵ ਕਿ ਉਹ ਰਸਾਂ ਨੂੰ ਚੱਖਣ ਵਾਲਾ ਬੜਾ ਵੱਡਾ ਪ੍ਰੋਫੈਸਰ ਬਣ ਜਾਵੇਗਾ। ਫਿਰ ਲੋਕੀਂ ਵੀ ਉਸ ਕੋਲੋਂ ਪੁੱਛਣ ਆਉਣਗੇ। ਇਕ ਦਿਨ ਕੋਈ ਚੀਜ਼ ਚੱਖਣ ਨਾਲ ਉਹ ਇਹ ਕਹੇ ਕਿ ਮੈਨੂੰ ਸਭ ਚੀਜ਼ਾਂ ਦਾ ਗਿਆਨ ਹੋ ਗਿਆ ਹੈ ਤਾਂ ਉਸ ਦੇ ਇੰਝ ਕਹਿ ਦੇਣ ਨਾਲ ਉਹ ਕੋਈ ਪ੍ਰੋਫੈਸਰ ਨਹੀਂ ਕਹਿਲਾਵੇਗਾ। ਹੁਣ ਤੁਸੀਂ ਸਾਰੇ ਪ੍ਰਮਾਣ ਇਕੱਠੇ ਕਰੋ।
"ਜੈਸੇ ਦੀਪ ਦੀਪਤ ਪਤੰਗ ਲੋਟ ਪੋਟ ਹੋਤ,
ਕਬਹੂੰ ਕੈ ਜ੍ਵਾਰਾ ਮੈ ਪਰਤ ਜਰਿ ਜਾਇ ਹੈ॥
ਜੈਸੇ ਖਗ ਦਿਨ ਪ੍ਰਤਿ ਚੋਗ ਚੁਗਿ ਆਵੈ ਉਡਿ,
ਕਾਹੂ ਦਿਨ ਫਾਸੀ ਫਾਸੈ ਬਹੁਰਿ ਨ ਆਇ ਹੈ॥...
ਤੈਸੇ ਗੁਰਬਾਨੀ ਅਵਗਾਹਨ ਕਰਤ ਚਿਤ,
ਕਬਹੂ ਮਗਨ ਹ੍ਵੈ ਸਬਦਿ ਉਰਝਾਇ ਹੈ॥ ੫੯੦॥
ਪੇਖਤ ਪੇਖਤ ਜੈਸੇ ਰਤਨ ਪਾਰੁਖੁ ਹੋਤ,
ਸੁਨਤ ਸੁਨਤ ਜੈਸੇ ਪੰਡਿਤ ਪ੍ਰਬੀਨ ਹੈ॥
ਸੂੰਘਤ ਸੂੰਘਤ ਸੋਧਾ ਜੈਸੇ ਤਉ ਸੁਬਾਸੀ ਹੋਤ,
ਗਾਵਤ ਗਾਵਤ ਜੈਸੇ ਗਾਇਨ ਗੁਨੀਨ ਹੈ॥
ਲਿਖਤ ਲਿਖਤ ਲੇਖ ਜੈਸੇ ਤਉ ਲੇਖਕ ਹੋਤ,
ਚਾਖਤ ਚਾਖਤ ਜੈਸੇ ਭੋਗੀ ਰਸੁ ਭੀਨ ਹੈ ।।
ਇਸੇ ਤਰ੍ਹਾਂ :
ਚਲਤ ਚਲਤ ਜੈਸੇ ਪਹੁੰਚੈ ਠਿਕਾਨੈ ਜਾਇ,
ਖੋਜਤ ਖੋਜਤ ਗੁਰ ਸਬਦੁ ਲਿਵ ਲੀਨ ਹੈ॥ ੫੮੮॥
ਭਾਵ ਕਿ ਜੇਕਰ ਰੋਜ਼ ਸ਼ਬਦ ਖੋਜਦਾ ਰਹੇ, ਰੋਜ਼ ਸ਼ਬਦ ਖੋਜਦਾ ਰਹੇ। ਫਿਰ ਇਕ ਦਿਨ ਐਸਾ ਆਵੇਗਾ ਕਿ ਤੂੰ ਅਲਮਸਤ ਦੀਵਾਨਾ ਹੋ ਜਾਵੇਂਗਾ। ਪਰ ਇਸ ਵਾਸਤੇ ਤੈਨੂੰ ਕਾਫੀ ਮਿਹਨਤ ਕਰਨੀ ਪਵੇਗੀ, ਬੜੀ ਘਾਲਣਾ ਘਾਲਣੀ ਪਵੇਗੀ, ਤਾਂ ਜਾ ਕੇ ਤੈਨੂੰ ਗੁਰੂ ਕੇ ਸ਼ਬਦ ਦੀ ਪ੍ਰਾਪਤੀ ਹੋਵੇਗੀ। ਫਿਰ ਤੂੰ ਉਸ ਦੀ ਲਿਵ ਵਿਚ ਆਪਣੇ ਆਪ ਨੂੰ ਜੋੜੇਂਗਾ।