

24
ਅੰਮ੍ਰਿਤਸਰ
੪.੧੨.੩੬
ੴ ਸ੍ਰੀ ਵਾਹਿਗੁਰੂ ਜੀ ਕੀ ਫਤੇ
ਪਰਮ ਕ੍ਰਿਪਾਲੂ ਜੀਓ ਜੀ
ਆਪ ਜੀ ਦੇ ਸਤਿਕਾਰਯੋਗ ਭਰਾਤਾ ਸ੍ਰੀ ਭਾਈ...ਜੀ ਦੇ ਅਕਾਲ ਚਲਾਣੇ ਦੀ ਖ਼ਬਰ ਸੁਣ ਕੇ ਬਹੁਤ ਸ਼ੋਕ ਹੋਇਆ । ਮੈਂ ਜੋ ਉਨ੍ਹਾਂ ਦੇ ਪੁਰਾਤਨ ਸਿੰਘਾਂ ਵਾਲੇ ਗੁਣ ਸੁਣੇ ਹਨ, ਉਨ੍ਹਾਂ ਕਰ ਕੇ ਇਸ ਸ਼ੋਕ ਦੇ ਨਾਲ ਮੇਰਾ ਸ਼ੋਕ ਹੋਰ ਵਧ ਗਿਆ ਜਦ ਕਿ ਖਯਾਲ ਇਸ ਘਾਟੇ ਵਲ ਗਿਆ ਜੋ ਰਹਿਣੀ ਬਹਿਣੀ ਦੇ ਸਿੰਘਾਂ ਦੇ ਦਿਨੋ ਦਿਨ ਟੁਰਦੇ ਚਲੇ ਜਾਣ ਨਾਲ ਪੰਥ ਨੂੰ ਪੈ ਰਿਹਾ ਹੈ ! ਆਪ ਜੀ ਦੇ ਧਰਮ ਜੀਵਨ ਵਾਲੇ ਉਪਕਾਰੀ ਤੇ ਬਾਣੀ ਰਸੀਏ ਵੀਰ ਦਾ ਵਿਛੋੜਾ ਆਪ ਦੇ ਵੀਰ ਵਿਛੋੜੇ ਦੇ ਨਾਲ ਇਕ ਵਡਾ ਪੰਥਕ ਵਿਛੋੜਾ ਹੈ । ਸਿੱਖ ਮੰਦਰਾਂ ਵਿਚੋਂ ਧਰਮੀ ਸੇਵਕਾਂ ਦਾ ਟੁਰ ਜਾਣਾ ਉਸ ਮੰਡਲ ਵਿਚ ਅਗੇ ਹੀ ਪੈ ਰਹੇ ਘਾਟੇ ਨੂੰ ਵਧੇਰੇ ਦੁਖਦਾਈ ਬਣਾਉਂਦਾ ਹੈ। ਪਰ ਅਸਾਂ ਦੁਖ ਸੁਖ ਹਰ ਹਾਲ ਵਿਚ ਗੁਰੂ ਮਤਿ ਵਲ ਤਕਣਾ ਹੈ ਜਿਸ ਵਿਚ ਗੁਰੂ ਸੱਚੇ ਪਾਤਸ਼ਾਹ ਦਾ ਮੁੱਖ ਅਸੂਲ ਸਾਡੇ ਲਈ ਭਾਣਾ ਮੰਨਣਾ ਦਸਿਆ ਹੈ, ਤੇ ਨਾਲ ਹੀ ਬਾਣੀ ਆਗਿਆ ਕਰਦੀ ਹੈ ਕਿ ਅਗੇ ਜਾ ਕੇ ਮੇਲੇ ਹੋਣੇ ਹੈਨ ਤਦ ਇਹ ਆਸ ਉਸ ਵਿਯੋਗ ਨੂੰ ਸਦਾ-ਵਿਯੋਗ ਦਾ ਰੂਪ ਨਹੀਂ ਲੈਣ ਦੇਂਦੀ, ਇਸ ਤਰ੍ਹਾਂ ਆਸ ਦੀ ਤਾਰ ਦੀ ਅਟੁੱਟਤਾ ਰਜ਼ਾ ਨਾਲ ਇਕ ਸ੍ਵਰਤਾ ਕੁਛ ਛੇਤੀ ਪ੍ਰਦਾਨ ਕਰ ਦੇਂਦੀ ਹੈ। ਇਸ ਕਰ ਕੇ ਉਸ ਪਰਮ ਪਿਤਾ ਜੀ ਦੀ ਰਜ਼ਾ ਅਗੇ ਸਿਰ ਝੁਕਾਉਣਾ ਤੇ ਉਨ੍ਹਾਂ ਦੀ ਪਵਿੱਤ੍ਰ ਮਰਜ਼ੀ ਵਿਚ ਅਪਣੀ ਮਰਜ਼ੀ ਨੂੰ ਇਕ ਸ੍ਵਰ ਕਰ ਕੇ ਮੇਲਣਾ ਇਹੀ ਸਾਡੇ ਲਈ ਕਲਯਾਣਕਾਰੀ ਹੈ ।
ਜੋ ਕਿਛੁ ਕਰੇ ਸੋ ਭਲਾ ਕਰਿ ਮਾਨੀਐ ਹਿਕਮਤਿ ਹੁਕਮੁ ਚੁਕਾਈਐ ॥
ਆਪ ਵੀਚਾਰ ਸ਼ੀਲ ਹੋ ਗੁਰਬਾਣੀ ਦੀ ਟੇਕ ਆਪ ਨੂੰ ਇਹੋ ਆਸਰਾ ਦੇ ਰਹੀ ਹੋਸੀ । ਸੱਜਣਾਂ ਮਿੱਤਰਾਂ ਨੇ ਬੀ ਅਪਣੀ ਦਿਲੀ ਹਮਦਰਦੀ ਪ੍ਰਗਟ ਕਰਦੇ ਹੋਏ ਇਹੀ ਅਰਦਾਸ ਕਰਨੀ ਹੈ ਕਿ ਆਪ ਸਾਰੇ ਸਾਹਿਬਾਨ ਨੂੰ ਵਾਹਿਗੁਰੂ ਜੀ ਭਾਣਾ ਮੰਨਣ ਦੀ ਦਾਤ ਬਖ਼ਸ਼ਣ ਤੇ ਵਿਛੜ ਗਏ ਪਿਆਰੇ ਨੂੰ ਅਪਣੀ ਮਿਹਰ ਦੀ ਛਾਵੇਂ ਨਿਵਾਸ ਬਖ਼ਸ਼ੇ ।
ਇਸ ਵਿਛੋੜੇ ਵਿਚ ਮੇਰੀ ਦਿਲੀ ਹਮਦਰਦੀ ਆਪ ਜੀ ਤੇ ਆਪ ਜੀ ਦੇ ਸਾਰੇ ਪਰਿਵਾਰ ਨਾਲ ਹੈ, ਗੁਰੂ ਸੱਚਾ ਪਾਤਸ਼ਾਹ ਨਾਮ ਦਾਨ ਤੇ ਸਿੱਖੀ ਸਿਦਕ ਦਾਨ ਕਰੇ ਜੋ ਸੰਸਾਰ ਦੇ ਇਸ ਤਰ੍ਹਾਂ ਦੇ ਮੁਸ਼ਕਲ ਮਾਮਲੇ ਸੁਖੈਨਤਾ ਤੇ ਭਰੋਸੇ ਨਾਲ ਝੱਲੇ ਜਾਣ।
ਹਿਤਕਾਰੀ
ਵ. ਸ.