ਚੰਦਾ ਤੇ ਕੋਸ਼ਬ ਦੋਵੇਂ ਮੁਬਾਰਕ ਹਵੇਲੀ ਵਿਚ ਖਾਜਾ ਸਰਾ ਨਾਜ਼ਮ ਹਰਮ ਦੀਆਂ ਮੁੱਠੀਆਂ ਭਰ ਰਹੀਆਂ ਸਨ।
'ਅੱਜ ਸ਼ਾਹ ਤੇ ਬੇਗਮ ਦਾ ਚਿਹਰਾ ਉਡਿਆ ਉਡਿਆ ਹੋਇਐ। ਹਵਾਈਆਂ ਉਡੀਆਂ ਹੋਈਆਂ ਨੇ! ਪਤਾ ਨਹੀਂ ਕੀ ਗੱਲ ਏ । ਕੋਸ਼ਬ ਬੋਲੀ।
ਮੁਬਾਰਕ ਹਵੇਲੀ ਹਿਰਾਸਤ ਵਿਚ ਲੈ ਲਈ ਗਈ ਏ।' ਖਾਜਾ ਸਰਾ ਬਟੇਰੇ ਵਾਂਗੂੰ ਪਟਾਕਿਆ।
"ਜਦੋਂ ਹੀਰਾ ਕੋਲ ਏ ਤੇ ਦੇਣ ਵਿਚ ਕੀ ਇਤਰਾਜ਼?' ਚੰਦਾ ਨੇ ਮਲਕੜੇ ਜਿਹੇ ਛਛੂੰਦਰ ਛਡੀ।
'ਹੀਰਾ ਦਿੰਦਿਆਂ ਬੇਗਮ ਨੂੰ ਡੋਬ ਪੈਂਦੇ ਹਨ। ਕਲੇਜਾ ਕੰਬਦੈ, ਗਸ਼ ਪੈ ਪੈ ਜਾਂਦੀ ਏ। ਸਭ ਕੁਝ ਕੋਲ ਸੂ ਪਰ ਜਾਨ ਖੁਸਦੀ ਏ। ਕੋਹਨੂਰ ਹੀਰਾ ਕੋਈ ਕਿਦਾਂ ਦੇ ਦੇਵੇ ਸਿਧੇ ਹੱਥੀਂ।' ਖਾਜਾ ਸਰਾ ਰੰਗ ਵਿਚ ਆ ਗਿਆ।
ਚੰਦਾ ਤੇ ਕੋਸ਼ਬ ਨੇ ਅਫੀਮਚੀ ਖਾਜਾ ਸਰਾ ਨੂੰ ਅਫੀਮ ਦੀ ਗੋਲੀ ਛਕਾ ਦਿਤੀ। ਕੁਝ ਹੀ ਪਲਾਂ 'ਚ ਉਹ ਸੌਂ ਗਿਆ। ਫਿਰ ਦੋਵੇਂ ਆਪਣੇ ਕੰਮ 'ਚ ਰੁਝ ਗਈਆਂ।
ਕੋਸ਼ਬ ਤੇ ਚੰਦਾ ਨੇ ਹਰਮ ਦਾ ਇਕ ਕਮਰਾ ਛੱਡ ਕੇ ਬਾਕੀ ਸਾਰੀ ਹਵੇਲੀ ਠੁਕਰਾਂ ਤੀਕ ਫੋਲ ਮਾਰੀ। ਇਕ ਲੀਰਾਂ ਦੀ ਗਠੜੀ ਵਿਚੋਂ ਚਮਕ ਵਜੀ।
'ਇਹ ਹੀਰਾ ਏ!'
ਪਾਗ਼ਲ ਏ. ਹੀਰਾ ਇਸ ਤਰ੍ਹਾਂ ਲਾਪਰਵਾਹੀ 'ਚ ਥੋੜ੍ਹਾ ਰਖਿਆ ਜਾਂਦੈ!' ਕੋਸ਼ਬ ਨੇ ਕਾਹਲੀ 'ਚ ਆਖਿਆ।
'ਲਾਪਰਵਾਹੀ ਨਾਲ ਈ ਹੀਰਾ ਬਚ ਸਕਦੈ ਵਰਨਾ ਸੰਭਾਲ ਨਾਲ ਹੀਰਾ ਕਦੇ ਦਾ ਚੋਰੀ ਹੋ ਗਿਆ ਹੁੰਦਾ।'
'ਲੀਰਾਂ ਕੋਈ ਨਹੀਂ ਫੈਲਦਾ। ਸੰਦੂਕ ਵੇਖਦੇ ਹਨ। ਬਾਂਸਲੀਆਂ ਫੋਲੀਆਂ ਜਾਂਦੀਆਂ ਹਨ। ਹੀਰਾ ਹਜ਼ਮ ਕਰ ਲਈਏ?' ਚੰਦਾ ਨੇ ਕੋਸ਼ਬ ਨੂੰ ਆਖਿਆ।
'ਲਾਲਚ ਨਾਲ ਢਿਡ ਨਹੀਂ ਭਰ ਸਕਦਾ। ਓਨਾ ਖਾਓ ਜਿਨਾ ਹਜ਼ਮ ਹੋ ਜਾਵੇ। ਇਹ ਗਰੀਬਾ ਦੇ ਰਖਣ ਵਾਲਾ ਨਹੀਂ ਇਹ ਬਾਦਸ਼ਾਹਾਂ ਦੇ ਚੋਂਚਲੇ ਹਨ। ਹੀਰਾ ਪੰਜਾਬ ਦਾ ਏ, ਪੰਜਾਬ ਨੂੰ ਈ ਮਿਲਣਾ ਚਾਹੀਦੈ। ਮੇਰੇ ਬਾਬਲ ਦੇ ਮਹਿਲਾਂ ਵਿਚ ਸੱਤਰੰਗਾ ਕਬੂਤਰ ਬੋਲੇ।' ਚੰਦਾ ਸੋਚ ਰਹੀ ਸੀ।
'ਇਹ ਚਿੜੀਆਂ ਦਾ ਚੰਬਾ, ਬਾਬਲ ਅਸਾਂ ਤੁਰ ਜਾਣਾ।'