ਬਾਦਸ਼ਾਹ ਬੇਗਮ
ਆਖਿਰ ਆਈ ਨਾ ਗੱਲ ਉਹੀ, ਬਾਬੇ ਬਿਨਾਂ ਬੱਕਰੀਆਂ ਨਹੀਂ ਚਰਦੀਆਂ ।
ਸ਼ਾਹ ਜਮਾਨ ਨੇ ਹੀਰਾ ਦੇ ਕੇ ਬਲਦੀ ਅੱਗ ਤੇ ਪਾਣੀ ਤੇ ਪਾ ਦਿਤਾ ਪਰ ਪਾਣੀ ਨਾਲ ਅੱਗ ਪੂਰੀ ਬੁਝੀ ਨਾ। ਧੁਖਦੀ ਰਹੀ ਸੁਲਗਦੀ ਰਹੀ ਵਿਚੋਂ ਵਿਚ।
'ਕੇਹਨੂਰ ਏਨੀ ਜਲਦੀ ਬਿਨਾ ਖੂਨ-ਖਰਾਬੇ ਤੋਂ ਸ਼ਾਹ ਜਮਾਨ ਇਸ ਤਰ੍ਹਾਂ ਦੇ ਗਿਆ ਜਿਦਾਂ ਜੱਟ ਪੱਤ ਲੱਥੀ ਵਿਚੋਂ ਗੁੜ ਦੀ ਰੋੜੀ ਫੜਾ ਦੇਵੇ। ਮੈਨੂੰ ਇਹਦੇ ਵਿਚ ਜ਼ਰੂਰ ਫਰੇਬ ਜਾਪਦੈ।' ਨਲੂਆ ਆਖਣ ਲਗਾ।
'ਸਾਰੀ ਦੁਨੀਆਂ ਝੂਠ ਬੋਲ ਸਕਦੀ ਏ। ਸ਼ਾਹ ਵੀ ਕਿਸੇ ਨੂੰ ਫਰੇਬ ਦੇ ਸਕਦੈ। ਪਰ ਮੇਰੇ ਨਾਲ ਸ਼ਾਹ ਜਮਾਨ ਕਦੇ ਵੀ ਗਲਤ-ਬਿਆਨੀ ਨਹੀਂ ਕਰ ਸਕਦਾ। ਉਸ ਬੜੀ ਅਕਲਮੰਦੀ ਤੋਂ ਕੰਮ ਲਿਆ ਏ, ਨਹੀਂ ਤੇ ਸਾਡਾ ਸਾਰਾ ਸਲੂਕ ਖਤਮ ਹੋ ਗਿਆ ਹੁੰਦਾ। ਮਹਾਰਾਜ ਦੇ ਆਪਣੇ ਸੋਚਣ ਦਾ ਢੰਗ ਕੁਝ ਇਸ ਤਰ੍ਹਾਂ ਸੀ।
'ਸੱਪ ਜ਼ਰਾ ਵੀ ਸਿਰ ਚੁਕੇ ਤੇ ਉਸੇ ਵੇਲੇ ਸਿਰ ਚਿੱਥ ਦੇਣਾ ਚਾਹੀਦੈ। ਜੇ ਗ਼ਫਲਤ ਤੋਂ ਜ਼ਰਾ ਵੀ ਕੰਮ ਲਿਆ ਗਿਆ ਤੇ ਫੇਰ ਸੱਪ ਵਾਰ ਕਰਨੇ ਕਦੀ ਵੀ ਨਹੀਂ ਉੱਕਦਾ। ਸੱਪਾਂ ਦੇ ਪੁਤ ਮਿੱਤ ਨਹੀਂ ਬਣਦੇ ਭਾਵੇਂ ਲੱਖ ਵਾਰ ਦੁਧ ਪਿਆਵੈ। ਦੀਵਾਨ ਮੋਹਕਮ ਚੰਦ ਦੀ ਆਵਾਜ਼ ਉਭਰੀ।
'ਤੇਰੀ ਗੱਲ ਪੱਥਰ ਤੇ ਲੀਕ ਏ। ਉਨ੍ਹਾਂ ਕੋਹਨੂਰ ਹੀਰਾ ਦਿਤੈ। ਇਹ ਉਨ੍ਹਾਂ ਦੀ ਦਰਿਆ ਦਿਲੀ ਏ। ਸਾਨੂੰ ਵੀ ਧੀਰਜ ਤੋਂ ਕੰਮ ਲੈਣਾ ਚਾਹੀਦੈ। ਢਿੱਲ ਦਿਓ ਵਕਤ ਦਿਓ. ਸਹੂਲਤਾਂ ਦਿਓ, ਵੇਖੋ ਤੇ ਮੂੰਹ ਲਾਂਭੇ ਕਰ ਲਓ। ਹਵੇਲੀ ਦਾ ਪੈਰ੍ਹਾ ਨਰਮ ਕੀਤਾ ਜਾਵੇ। ਸ਼ਾਹ ਪਰ ਲਾ ਕੇ ਨਹੀਂ ਉਡ ਚਲਿਆ। ਉਹਦੇ ਕੋਲ ਅਲਾਦੀਨ ਦਾ ਚਰਾਗ ਥੋੜੈ।' ਮਹਾਰਾਜ ਅਜੇ ਵੀ ਧੀਰਜ ਤੋਂ ਕੰਮ ਲੈ ਰਹੇ ਸਨ।
'ਅੰਗਰੇਜ਼ ਲਤ ਨਾ ਅੜਾਏ। ਫੇਰ ਭੀੜ ਬਣ ਜਾਊ। ਨਲੂਏ ਨੇ ਆਖ ਈ ਦਿਤਾ।
'ਮੇਰੇ ਜਿਉਂਦਿਆਂ ਅੰਗਰੇਜ਼ ਪੰਜਾਬ 'ਚ ਪੈਰ ਨਹੀਂ ਧਰ ਸਕਦਾ, ਪੈਰ ਟੁੱਕ ਦੇਊਂ। ਇਹ ਗੱਲ ਮੇਰੇ ਜਿਉਦਿਆਂ ਸੱਚੀ ਵੀ ਨਹੀਂ ਹੋ ਸਕਦੀ। ਫਿਲੌਰ ਦਾ ਕਿਲਾ ਅੰਗਰੇਜ਼ ਨੂੰ ਸਤਲੁਜ ਨਹੀਂ ਟਪਣ ਦਿੰਦਾ। ਲਛਮਣ ਰੇਖਾ ਸਮਝੇ ਸਤਲੁਜ।' ਦੀਵਾਨ ਹਿੱਕ ਤੇ ਹੱਥ ਧਰ ਕੇ ਆਖ ਰਿਹਾ ਸੀ।