Back ArrowLogo
Info
Profile
ਕਾਜ਼ੀ ਤੇ ਸਾਰੇ ਗੁਰ ਵਰਤੇ ਗਏ, ਪਰ ਕਾਜ਼ੀ ਨੇ ਇਕ ਵਾਰ ਵੀ ਜ਼ਬਾਨ ਤੇ ਆਪਣੇ ਆਕਾ ਦਾ ਨਾਂ ਨਾ ਲਿਆਂਦਾ। ਸਿਰਫ ਉਹ ਇਹੋ ਈ ਆਖਦਾ ਏ-'ਬੇਸ਼ਕ ਇਹ ਖਤ ਮੇਰਾ ਲਿਖਿਆ ਹੋਇਐ ਤੇ ਬਾਦਸ਼ਾਹ ਵਲੋਂ ਏ, ਪਰ ਬਾਦਸ਼ਾਹ ਨੂੰ ਇਹਦੀ ਮੁਤੱਲਕ ਖਬਰ ਨਹੀਂ।' ਪਾਣੀ ਰਿੜਕਿਆਂ ਕੁਝ ਨਾ ਨਿਕਲਿਆ। ਪੰਜਾਹ ਹਜ਼ਾਰ ਰੁਪਿਆ ਜੁਰਮਾਨਾ ਕੀਤਾ ਗਿਆ, ਕਿਸੇ ਨੂੰ ਤਮਕ ਤੱਕ ਨਾ ਆਈ। ਇਕ ਮਹੀਨਾ ਰੇੜਕਾ ਚਲਦਾ ਰਿਹਾ। ਮਹੀਨੇ ਪਿਛੋਂ ਇਹ ਜੁਰਮਾਨਾ ਸ਼ਾਹ ਸ਼ੁਜਾਹ ਨੇ ਆਪਣੇ ਖਜ਼ਾਨੇ ਵਿਚੋਂ ਦਿਤਾ ਤੇ ਕਾਜ਼ੀ ਦੇ ਪੰਧ ਪੁਰਾਣ ਮੋਕਲੇ ਹੋਏ। ਸਾਜ਼ਿਸ਼ ਵਿਚ ਸ਼ਾਹ ਦਾ ਹੱਥ ਜਾਪਣ ਲਗ ਪਿਆ ਪਰ ਮਾਹਾਰਾਜ਼ ਨੇ ਗੱਲ ਫਿਰ ਵੀ ਨਾ ਥੱਲੀ।

ਮਹਾਰਾਜ ਹਜ਼ੂਰੀ ਬਾਗ ਬਣਵਾਉਣ ਵਿਚ ਰੁਝ ਗਏ। ਬਾਰਾਂਦਰੀ ਬਣ ਰਹੀ ਸੀ ਸੰਗੇਮਰਮਰ ਦੀ। ਤੇ ਏਧਰ ਵਫਾ ਬੇਗਮ ਨੇ ਬੰਦਿਆਂ ਨਾਲ ਇੱਟ-ਸਿਟ ਲੜਾ ਲਈ।

ਕਿਸ਼ਨ ਚੰਦ ਖਤਰੀ ਨੂੰ ਹੀਰਿਆਂ ਦੀ ਝਲਕ ਵਿਖਾਈ ਤੇ ਜ਼ਰਾ ਕੁ ਹੱਸ ਕੇ ਬੋਲੀ ਤੇ ਲੱਟੂ ਕਰ ਲਿਆ।

ਗੌਂਸ ਖਾਂ ਫਕੀਰ ਦਾਤਾ ਗੰਜਬਖਸ਼ ਦੇ ਦਰਬਾਰ ਦਾ ਇਕ ਮਜੌਰ ਸੀ, ਜਿਹੜਾ ਰੋਜ਼ ਮੁਬਾਰਕ ਹਵੇਲੀ 'ਚ ਖਰੈਤ ਲੈਣ ਆਉਂਦਾ। ਤਵੀਤ ਧਾਗੇ ਦਿੰਦਾ, ਪੁਤ ਦਿੰਦਾ, ਡੋਲੇ ਦਿੰਦਾ। ਜੋ ਕੁਝ ਕੋਈ ਮੰਗੇ ਉਹੋ ਕੁਝ ਦਿੰਦਾ। ਪਰ ਆਪ ਸ਼ਾਹ ਦੇ ਦਰਵਾਜਿਉਂ ਖਰੈਤ ਮੰਗਣ ਆਉਂਦਾ।

ਬਾਲਕ ਰਾਮ ਘੋੜਿਆਂ ਦੀ ਡਾਕ ਦਾ ਇੰਚਾਰਜ ਸੀ। ਛੜਾ ਸੀ ਜਮਾਂਦਰੂ। ਉਹਦੀ ਇਹ ਨਬਜ਼ ਫ਼ਕੀਰ ਜਾਣਦਾ ਸੀ।

ਬੇਗਮ ਨੇ ਛਕੀਰ ਤੇ ਆਪਣਾ ਪਟੂ ਪਾ ਲਿਆ ਜਾਂ ਜਲਾਲ ਵਿਚ ਆ ਗਿਆ ਫ਼ਕੀਰ। ਮਿਹਰਬਾਨ ਹੋ ਗਿਆ ਫੱਕਰ ਮੌਲਾ। ਆਖਣ ਲਗਾ 'ਮੰਗ ਜੋ ਚਾਹੇ ਮੁਰਾਦ ਮਿਲੇਗੀ ਦਾਤਾ ਦੇ ਦਰਬਾਰੇ।

'ਮੇਰੀ ਜਾਨ ਅਜ਼ਾਬ 'ਚ ਫਸੀ ਹੋਈ ਏ, ਮੈਨੂੰ ਏਥੋਂ ਕਢੇ।'

ਮੁਬਾਰਕ ਹਵੇਲੀ ਵਿਚੋਂ? ਇਹਦੇ ਵਿਚੋਂ ਤੁਹਾਨੂੰ ਸਿਰਫ ਇਕ ਬੰਦਾ ਕੱਢ ਸਕਦੈ। ਉਹ ਏ ਬਾਲਕ ਰਾਮ ਘੋੜਿਆਂ ਵਾਲਾ ਤੇ ਉਹਦੀ ਇਕ ਕਮਜ਼ੋਰੀ ਮੈਨੂੰ ਪਤਾ ਏ ਤੇ ਉਹ ਏ ਔਰਤ।

'ਬੱਸ, ਏਨੀ ਗੱਲ ਏ? ਮੈਂ ਇਕ ਬਾਂਦੀ ਭੇਜ ਦਿੰਦੀ ਹਾਂ। ਉਹਦਾ ਵਿਆਹ ਈ ਕਰਨਾ ਏ! ਜੇ ਇਹ ਗੱਲ ਬਣ ਜਾਏ ਤੇ ਕਲ੍ਹ ਈ ਨਿਕਾਹ ਕਰ ਦਊਂ।'

'ਠੇਕੇਦਾਰ ਜੀ, ਫ਼ਕੀਰ ਦੀ ਗੱਲ ਮੋੜੀ ਨਹੀਂ ਜਾ ਸਕਦੀ। ਬਾਂਦੀ ਪਸੰਦ ਏ ਨਾ? ਤੁਹਾਡਾ ਨਿਕਾਹ ਕਲ੍ਹ ਹੋ ਜਾਵੇਗਾ। ਬਾਂਦੀ ਤੈਨੂੰ ਵੀ ਮਨਜੂਰ ਏ ਨਾ?

' ਮਨਜ਼ੂਰ ਏ ਮਲਕਾ।'

ਸਤਲੁਜ ਪਾਰ ਕਰਨੈ, ਕਿਸੇ ਨੂੰ ਖਬਰ ਤੱਕ ਨਾ ਹੋਵੇ. ਦਰਿਆ ਦਾ ਪਾਣੀ ਹਿਲੇ ਤੱਕ ਨਾ। ਖ਼ਬਰ ਹਵੇਲੀ ਤੱਕ ਨਾ ਜਾਏ, ਦਰਬਾਰ ਤੱਕ ਨਾ ਜਾਏ।"

'ਪਾਓ ਮੇਰੇ ਕਪੜੇ ਤੇ ਬੈਠੇ ਮੇਰੇ ਘੋੜੇ ਤੇ। ਸਤਲੁਜ ਤਕ ਮੇਰੀ ਜ਼ਿੰਮੇਵਾਰੀ, ਅਗੋਂ ਤੁਹਾਡਾ ਕੰਮ।

ਮੈਂ ਵਾਪਸ ਵੀ ਆਉਣੈ ਅਗਲੇ ਦਿਨ। ਤੂੰ ਮੈਨੂੰ ਦਰਿਆ ਤੇ ਮਿਲਣੈ। ਮੇਰਾ ਉਥੇ ਕੋਈ ਕੰਮ ਨਹੀਂ। ਮੈਂ ਗਈ ਤੇ ਆਈ।'

105 / 111
Previous
Next