ਕੰਧ ਪਾੜੀ, ਤੇ ਸਾਰੇ ਜਣੇ ਬਾਹਰ ਨਿਕਲ ਗਏ, ਤੇ ਜਾਂਦੀ ਵਾਰ ਇਕ ਬੰਦਾ ਕੋਸ਼ਬ ਨੂੰ ਵੀ ਖੰਜਰ ਨਾਲ ਵਿਨ੍ਹ ਗਿਆ। ਦੂਜੇ ਨੇ ਵੀ ਰੀਝ ਲਾਹ ਲਈ।
ਸਤਵਾਂ ਪਹਿਰ ਇਸ ਖੂਨ ਖਰਾਬੇ ਵਿਚ ਗੁਜ਼ਰ ਗਿਆ। ਜਦ ਅਠਵਾਂ ਪਹਿਰ ਸ਼ੁਰੂ ਹੋਇਆ ਤਾਂ ਚਿਟਾ ਦਿਨ ਚੜ੍ਹ ਚੁੱਕਾ ਸੀ।
'ਹਰੀ ਸਿੰਘ ਨਲੂਆ ਆਪਣੇ ਦੋਸਤਾਂ ਨਾਲ ਮੁਬਾਰਕ ਹਵੇਲੀ ਵਿਚ ਦਾਖਲ ਹੋਇਆ। ਤਲਵਾਰ ਚਮਕ ਰਹੀ ਸੀ।
ਕੋਸ਼ਬ ਅਜੇ ਸਾਹ ਲੈ ਰਹੀ ਸੀ।
'ਕਿਥੇ ਗਏ ਨੀਂ ਹਵੇਲੀ ਵਾਲੇ?'
'ਸਾਰੇ ਦੇ ਸਾਰੇ ਨਸ ਗਏ।'
ਕਿਦਾਂ ?'
'ਸਾਮ੍ਹਣੀ ਕੰਧ ਪਾੜ ਕੇ।'
'ਉਨ੍ਹਾਂ ਨੂੰ ਰਾਹ ਕਿਸ ਦਸਿਆ?'
'ਤੇ ਤੈਨੂੰ ਕਿਥੋਂ ਪਤਾ ਲੱਗਾ?'
'ਮੈਨੂੰ ਚੰਦਾ ਨੇ ਦਸਿਆ ਸੀ।
'ਚੰਦਾ ਕਿਥੇ ਆ।'
'ਉਹਨੂੰ ਕਤਲ ਕਰ ਦਿਤਾ ਗਿਐ। ਤੇ ਫਿਰ ਮੇਰੀ ਸੰਘੀ ਤੇ ਨਹੁੰ ਦੇ ਕੇ ਮੈਥੋਂ ਪੁਛਿਆ ਗਿਆ।
'ਕਿਉਂ? '
'ਉਸ ਰਾਹ ਦੱਸਣ ਤੋਂ ਇਨਕਾਰ ਕਰ ਦਿਤਾ ਸੀ। ਉਹ ਆਖਦੀ ਸੀ ਕਿ ਮੈਂ ਬੁਰ ਤੋਂ ਬੁਰਾ ਕੰਮ ਕਰ ਸਕਦੀ ਹਾਂ ਪਰ ਦੇਸ਼ ਨਾਲ ਗਦਾਰੀ ਨਹੀਂ ਕਰ ਸਕਦੀ। ਉਹਨੂੰ ਹੀਰਿਆਂ ਦਾ ਲਾਲਚ ਦਿੱਤਾ ਗਿਆ। ਉਹਦੇ ਨਾਲ ਪਿਆਰ ਕੀਤਾ ਗਿਆ। ਸੁਨਹਿਰੀ ਬਾਗ ਵਿਖਾਏ ਗਏ, ਮੋਤੀਆਂ ਦੀਆਂ ਝਾਲਰਾਂ, ਜੜਾਊ ਗਹਿਣੇ, ਪੰਜੇਬਾਂ ਪਰੀ ਬੰਦ, ਗੋਖੜੂ ਪਰ ਉਸ ਤੇ ਇਕੋ ਨੰਨਾ ਈ ਪੜ੍ਹਿਆ ਹੋਇਆ ਸੀ, 'ਕਿ ਮੈਂ ਕੁਝ ਨਹੀਂ ਜਾਣਦੀ, ਜੇ ਮੈਂ ਜਾਣਦੀ ਵੀ ਹਾਂ ਤੇ ਮੈਂ ਦੱਸਣਾ ਨਹੀਂ।' ਬਸ ਫਿਰ ਕੀ ਸੀ ਸ਼ਾਹ ਲਾਲ ਪੀਲਾ ਹੋ ਗਿਆ। ਇਕ ਖੰਜਰ ਨੇ ਈ ਚੰਦਾ ਦੀ ਜਾਨ ਲੈ ਲਈ। ਹੀਰੇ ਸਾਰੇ, ਜਿਹੜੇ ਉਸ ਜ਼ਿੰਦਗੀ 'ਚ ਇਕਠੇ ਕੀਤੇ ਸਨ, ਖਿਲਰੇ ਪਏ ਸਨ ਤੇ ਚੰਦਾ ਹਸ ਰਹੀ ਸੀ। ਚੰਦਾ ਆਪ ਤੇ ਮਰ ਗਈ ਪਰ ਮੈਨੂੰ ਨਾਲ ਲੈ ਕੇ ਨਾ ਮਰੀ। ਕੋਸ਼ਬ ਦੀ ਜ਼ਬਾਨ 'ਚ ਵਲ ਪੈਣ ਲੱਗ ਪਏ।
ਹਰੀ ਸਿੰਘ ਨਲੂਏ ਨੇ ਆਪਣੀ ਤਲਵਾਰ ਨੂੰ ਮਿਆਨ ਵਿਚ ਪਾਇਆ।