ਖਾਂ ਦੀ ਹਕੂਮਤ ਏ ਤਾਂ ਕੀ ਏ? ਗਰੀਬ ਦਾ ਕੌਣ ਵਾਰਸ ਏ। ਸਾਨੂੰ ਤੇ ਉਹ ਦੱਸੋ। ਸਾਨੂੰ ਤੇ ਉਹਦਾ ਮੂੰਹ ਵਿਖਾਓ ਜਿਹਨੇ ਸਾਡੀ ਸੁਨਣੀ ਏ। ਅਸੀਂ ਨਹੀਂ ਜਾਣਦੇ ਕਿ ਮੁਲਤਾਨ ਤੇ ਕਿਹਦਾ ਰਾਜ ਏ? ਕੌਣ ਮੁਲਤਾਨ ਨੂੰ ਜਿੱਤੇਗਾ। ਸਾਨੂੰ ਇਹ ਵੇਖਣ ਦੀ ਲੋੜ ਨਹੀਂ। ਸਾਡੀ ਰੋਟੀ ਦਾ ਕੌਣ ਮਾਲਕ ਏ? ਲੜਨਾ ਏ ਤੇ ਸਿੱਧੇ ਹੋ ਕੇ ਲੜੇ। ਮਰਨਾ ਏ ਤੇ ਮਰਦਾਂ ਵਾਂਗੂੰ ਮਰੋ। ਖੁਦਾ ਦੀ ਖੁਦਾਈ ਨੂੰ ਭੁੱਖੇ ਨਾ ਮਾਰੋ। ਅੱਤ ਖੁਦਾ ਦਾ ਵੈਰ ਏ। ਮੁਲਤਾਨ ਨੇ ਕੀ ਗੁਨਾਹ ਕੀਤਾ ਏ। ਭਲਾ ਅਸਾਂ ਕਿਹਦੇ ਮਾਂਹ ਪੁੱਟੇ ਨੇ, ਸਾਡੇ ਢਿੱਡ ਤੇ ਕਿਉਂ ਲੱਤ ਮਾਰੀ ਜਾ ਰਹੀ ਏ? ਸਾਡੀਆਂ ਤੇ ਔਰਤਾਂ ਹੁਣ ਘਰ ਵਿਚ ਬਹਿ ਕੇ ਆਜਜ਼ ਆ ਗਈਆਂ ਨੇ। ਅੰਜਾਣੇ ਡਰਦੇ ਉਚੀ ਸਾਹ ਨਹੀਂ ਲੈਂਦੇ। ਐਧਰ ਸਿੱਖਾਂ ਦੇ ਰਹਿਕਲੇ ਛੁੱਟ ਰਹੇ ਹਨ, ਫੌਜਾਂ ਨੇ ਭੜਥੂ ਪਾ ਰਖਿਆ ਏ। ਤੇ ਉਧਰ ਕਿਲੇ ਵਿਚੋਂ ਤੋਪ ਮੂੰਹ ਖੋਲ੍ਹਦੀ ਏ। ਮੁਲਤਾਨ ਵਾਲੇ ਕਿਥੇ ਜਾਣ। ਖੁਦਾ ਦਿਓ ਬੰਦਿਓ, ਰੱਬ ਤੋਂ ਡਰੋ। ਉਹ ਬੜਾ ਬੇਨਿਆਜ਼ ਏ। ਕਿਸੇ ਨੂੰ ਕੁਝ ਜਾਗੀਰ ਮਿਲ ਜਾਊ, ਕੋਈ ਬਾਦਸ਼ਾਹ ਬਣ ਜਾਏਗਾ। ਕਿਸੇ ਨੂੰ ਨਵਾਬੀ ਮਿਲ ਗਈ, ਕੋਈ ਤਖਤ ਦਾ ਵਾਰਸ ਬਣਿਆ ਕਿਸੇ ਨੂੰ ਖੱਲਤ ਮਿਲੀ, ਕਿਸੇ ਨੂੰ ਕੰਠੇ ਮਿਲਣਗੇ, ਬੁਗਤੀਆਂ ਮਿਲਣਗੀਆਂ, ਮੋਹਰਾਂ ਦੀਆਂ ਗੰਢਾਂ ਲੱਭਣਗੀਆਂ ਪਰ ਸਾਨੂੰ ਕੀ ਮਿਲਿਆ, ਭੁੱਖ ਨੰਗ। ਉਹ ਮੁਲਤਾਨ ਜਿੱਥੇ ਕਲ੍ਹ ਆਦਮੀਆਂ ਦੇ ਮੋਢੇ ਨਾਲ ਮੋਢਾ ਖਹਿੰਦਾ ਸੀ, ਅੱਜ ਲੜਾਈ ਹੋਈ ਤੇ ਉਲੂ ਬੋਲਦੇ ਨਜ਼ਰ ਆਉਣਗੇ। ਮੁਲਤਾਨ, ਮੁਲਤਾਨ ਨਹੀਂ ਰਹੇਗਾ, ਕਬਰਸਤਾਨ ਬਣ ਜਾਏਗਾ। ਸਾਨੂੰ ਚੰਗਾ ਰਾਜ ਚਾਹੀਦਾ ਏ। ਸਾਨੂੰ ਢਿੱਡ ਭਰਵੀਂ ਰੋਟੀ ਚਾਹੀਦੀ ਏ। ਰਾਜ ਕਿਸੇ ਦਾ ਵੀ ਹੋਵੇ। ਅਸਾਂ ਕੀ ਲੈਣਾ ਏ? ਸਾਡਾ ਕੰਮ ਏ ਜੀ ਹਜ਼ੂਰੀ ਕਰਨੀ, ਸਤਿਕਾਰ ਕਰਨਾ ਹਕੂਮਤ ਦਾ। ਮੁਲਤਾਨ ਦੇ ਇਕ ਬੰਦੇ ਦੀ ਆਤਮਾ ਬੋਲ ਰਹੀ ਸੀ।
ਜਾਓ। ਸ਼ਹਿਰ ਵਾਸੀਓ, ਅੱਖਾਂ ਮੀਟ ਕੇ ਸੌਂ ਜਾਓ। ਤੁਹਾਨੂੰ ਕਿਤੇ ਤਤੀ ਵਾ ਨਹੀਂ ਲੱਗਣ ਲਗੀ। ਇਹਨਾਂ ਨੂੰ ਹੌਕੇ ਮਾਰਨ ਦਿਓ, ਮੁਲਤਾਨ ਦਾ ਕੋਈ ਵਾਲ ਵਿੰਗਾ ਨਹੀਂ ਕਰ ਸਕਦਾ। ਮੁਲਤਾਨ ਦੀ ਕਿਸਮਤ ਦਾ ਫੈਸਲਾ ਮੈਂ ਕਰਾਂਗਾ। ਮੁਲਤਾਨ ਦੀ ਕਿਸਮਤ ਦਾ ਫੈਸਲਾ ਮੇਰੀ ਮੁੱਠ ਵਿਚ ਏ। ਇਕ ਮਸਤ ਮਲੰਗ ਫਕੀਰ ਮੌਲਾ ਆਖ ਕੇ ਚੁੱਪ ਹੋ ਗਿਆ।
ਰਾਤ ਦੀ ਚੁੱਪ, ਹਨੇਰੇ ਤੇ ਖਾਮੋਸ਼ੀ ਨੇ ਸਾਰੀਆਂ ਆਵਾਜਾਂ ਦਾ ਗਲ ਘੁੱਟ ਲਿਆ। ਮੁਲਤਾਨ ਦੇ ਕਿਲੇ ਤੇ ਸ਼ਹਿਰ ਤੇ ਜਾਂ ਹਨੇਰਾ ਜਾਂ ਚੁੱਪ। ਸਾਰੀ ਖੁਚਾਈ ਲੱਤ ਤੇ ਲੱਤ ਧਰ ਕੇ ਸੁੱਤੀ ਹੋਈ ਸੀ। ਜਾਗ ਰਹੇ ਸਨ ਹਕੂਮਤ ਦੇ ਹਿਰਸੀ, ਲਾਲਚੀ ਤੇ ਰਾਜ ਦੇ ਚਾਹਵਾਨ।