"ਹਜੂਰ ਮੈਂ ਚੱਲੀ ਬਾਲੜੀ ਏ ਕਿਤੇ ਉਦਾਸ ਨਾ ਹੋ ਜਾਏ। ਮੇਰਾ ਮਨ ਮੋਹਰਾਂ ਤੇ ਨਹੀਂ ਟਿਕਦਾ ਮੈਂ ਤੇ ਹੀਰੇ ਦੀ ਸ਼ੌਕੀਨ ਹਾਂ। ਫੀਰੋਜੇ ਜੜੀ ਨੱਥ ਪਾਉਣ ਨੂੰ ਜੀ ਕਰਦਾ ਏ।"
'' ਨੱਥ ਘੜਾ ਦਿਆਂਗੇ ਗੱਲ ਕੇਹੜੀ ਏ, ਨਿਕਾਹ ਤੇ ਹੋਣ ਦੇ" ਅਲੀ ਖਾਂ ਦੇ ਬੋਲ ਸਨ।
ਖਾਨ ਦਾ ਘੋੜਾ ਤਿਆਰ ਸੀ. ਪਲਾਕੀ ਮਾਰੀ ਔਹ ਗਿਆ. ਔਹ ਗਿਆ, ਔਹ ਗਿਆ। ਚੰਦਾ ਚੰਟ ਸੀ, ਬੰਬ ਦਾ ਗੋਲਾ ਸੀ ਉਹਦਾ ਅੰਗ ਅੰਗ ਨਚਦਾ ਸੀ ਰਾਹ ਜਾਂਦਿਆਂ ਅੱਖਾਂ ਨਾਲ ਤੇ ਗੱਲਾਂ ਕਰਦੀ। ਨੈਣ ਸੀ ਕੋਈ ਮਖੌਲ ਥੋੜ੍ਹਾ ਸੀ ਗਹਿਣਾ ਗੱਟਾ ਬਾਂਦੀਆਂ ਸਾਹਮਣੇ ਵਿਖਾਇਆ, ਬਾਂਦੀਆਂ ਨੂੰ ਤੋਰਿਆ, ਗਹਿਣਾ-ਗੱਟਾ ਬੰਨ੍ਹਿਆ ਆਪਣੇ ਕਪੜੇ ਬਦਲੇ ਤੇ ਮੁਟਿਆਰ ਦੇ ਕਪੜੇ ਬਦਲਵਾਏ ਤੇ ਉਹਦੇ ਕੰਨ ਵਿਚ ਫੂਕ ਮਾਰੀ।
ਅਮੀਰ ਖਾਨ ਨੂੰ ਉਸ ਨੇ ਹੱਥਾਂ ਤੇ ਪਾਇਆ ਹੋਇਆ ਸੀ। ਜ਼ਰਾ ਕੁ ਮੁਸਕਰਾ ਕੇ ਬੋਲੀ, ਗੰਢ ਲਿਆ ਹਿਰਸੀ, ਚੰਦਾ ਜਾਹਰਾ ਭੰਬੀਰੀ ਭਵਾਈ ਭਵਾਂਟਰੀ ਦਿਤੀ ਅਮੀਰ ਖਾਨ ਦੇ ਘੋੜੇ ਮਗਰ ਮਲੋ ਮਲੀ ਮੁਟਿਆਰ ਚਾੜ੍ਹ ਦਿਤੀ, ਅਮੀਰ ਖਾਨ ਬੜਾ ਖੁਸ਼ ਸੀ। ਚੰਦਾ ਅਜ ਕਬਜ਼ੇ ਵਿਚ ਏ, ਚੰਦਾ ਹੁਣ ਮੇਰੀ ਬਣ ਕੇ ਰਹੇਗੀ ਹੁਣ ਸਾਡੇ 'ਚ ਕੋਈ ਦੁਫਾੜ ਨਹੀਂ ਪਾ ਸਕਦਾ। ਸੂਰਜ ਚੜ੍ਹਨ ਵੇਲੇ ਚੰਦਾ ਮੇਰੇ ਘਰ ਦੀ ਮਾਲਕਨ ਹੋਵੇਗੀ।
ਅਟਕ ਪਾਰ ਘਰ ਸੀ ਘੋੜਾ ਦੁੜਕੀ ਪਿਆ ਹੋਇਆ ਸੀ। ਜਾ ਰਿਹਾ ਸੀ ਅਮੀਰ ਖਾਨ। ਸਾਰੀ ਰਾਹ ਗੱਲ ਕਰਨ ਦਾ ਮੌਕਾ ਹੀ ਨਾ ਮਿਲਿਆ ਭੱਜਣ ਦੀ ਕਾਹਲ ਸੀ ਛੜੇ ਜਾਣ ਦਾ ਡਰ ਸੀ। ਚੋਰ ਦੇ ਵੀ ਕਦੀ ਪੈਰ ਹੁੰਦੇ ਨੇ।
ਅਟਕ ਪੁੱਜੇ ਰੌਲਾ ਪਾ ਦਿੱਤਾ ਮੁਟਿਆਰ ਨੇ ਉਹ ਸਿੱਖਾਂ ਦੀ ਛਾਉਣੀ ਸੀ ਪੰਜਾਬੀ ਇੱਕਠੇ ਹੋ ਗਏ ਡਾਂਗਾਂ ਮਾਰ ਮਾਰ ਕੇ ਮੜ ਉਧੇੜ ਦਿਤਾ ਅਧ ਮੋਇਆ ਕਰ ਦਿੱਤਾ ਅਮੀਰ ਖਾਨ ਨੂੰ ਤੇ ਮੁਟਿਆਰ ਨੂੰ ਹਰੀ ਸਿੰਘ ਨਲੂਏ ਦੇ ਪੇਸ਼ ਕੀਤਾ ਗਿਆ।
ਚੰਦਾ ਅਮੀਰ ਖਾਨ ਦੇ ਸੁਪਨਿਆਂ ਦੀ ਮਲਕਾ ਅਜੇ ਵੀ ਉਹਨੂੰ ਉਂਗਲੀ ਲਾ ਕੇ ਲਈ ਜਾ ਰਹੀ ਸੀ। ਬੇਹੋਸ਼ੀ ਵਿਚ ਅਮੀਰ ਖਾਨ ਆਖ ਰਿਹਾ ਸੀ।
'ਚੰਦਾ ਹੁਣ ਸਾਨੂੰ ਕੋਈ ਅੱਡ ਨਹੀਂ ਕਰ ਸਕਦਾ।'