ਸ਼ਾਹ ਦੇ ਖੇਮੇ ਦੀਆਂ ਡੋਰੀਆਂ ਈ ਦਸ ਦਿੰਦੀਆਂ ਹਨ ਕਿ ਇਹ ਸ਼ਾਹ ਦਾ ਖੇਮਾਂ ਏਂ। ਇਹਦਾ ਰੰਗ ਰੂਪ ਈ ਵਖਰਾ ਏ। ਭਾਵੇਂ ਪਠਾਣਾਂ ਤੋਂ ਹੱਥ ਫਿਰਵਾ ਹੀ ਲੈਣਾ ਸੀ ਪਰ ਜੁਲਫਕਾਰ ਅਲੀ ਖਾਂ ਤਕ ਪੁਜ ਜਾਣਾ ਚੰਦਾ ਦਾ ਕੰਮ ਏ ਤੇ ਉਤੋਂ ਤੁੱਰਾ ਏ ਕਿ ਸ਼ਾਹ ਨਾਲ ਮਿਲਣ ਲਈ ਵਕਤ ਵੀ ਮੁਕੱਰਰ ਕਰ ਲਿਆ। ਜਿੰਨਾ ਚਿਰ ਤੱਕ ਸ਼ਾਹ ਦਾ ਹੁਕਮ ਨਾ ਆਇਆ ਓਨਾ ਚਿਰ ਜ਼ੁਲਫਕਾਰ ਅਲੀ ਖਾਂ ਹੱਥ ਫੇਰ ਕੇ ਆਪਣਾ ਰਾਂਝਾ ਰਾਜ਼ੀ ਕਰਦਾ ਰਿਹਾ। ਹਿਰਸੀ ਆਸ਼ਕ ਮਜਾਜ਼ ਬੁੱਢਾ ਖੌਸਟ।
ਨਜ਼ਰਾਨਾ।
ਚੰਦਾ ਹਸ ਪਈ, ਡੂੰਘ ਪੈ ਗਿਆ ਚਾਹੇਜ਼ਕਨ ਵਿਚ, ਫੁੱਲ ਖਿੜ ਪਿਆ ਅਨਾਰ ਦਾ, ਨਾਸ਼ਪਾਤੀ ਦੱਬੀ ਜਿਹੀ ਜ਼ਬਾਨ ਵਿਚ ਬੋਲ ਪਈ, 'ਸ਼ਾਹ ਦਾ ਇਕ ਪੈਗਾਮ ਲੈ ਕੇ ਆਈ ਹਾਂ ਅਟਕ ਤੋਂ। ਮੇਰੇ ਤੇ ਪੈਰਾਂ ਵਿਚ ਛਾਲੇ ਵੀ ਪੈ ਗਏ ਨੇ।" ਮੈਂ ਚੰਦਾ ਨੈਣ ਹਾਂ, ਅਲੀ ਖਾਂ ਤੇ ਅਮੀਰ ਖਾਂ ਦਾ ਰੁਕਾ ਲੈ ਕੇ ਆਈ ਹਾਂ।
ਅੱਛਾ ਜਾਹ, ਫਿਰ ਜਲਦੀ ਕਰ ਸ਼ਾਹ ਇੰਤਜ਼ਾਰ ਕਰ ਰਹੇ ਹਨ।'
ਚੰਦਾ ਨੂੰ ਜਾਣ ਲਗਿਆਂ ਵੀ ਫਿਰ ਨਾ ਲਗਾ ਤੇ ਆਉਣ ਲਗਿਆ ਵੀ ਨਾ ਗਈ ਹੱਥ ਲਾ ਕੇ ਮੁੜ ਆਈ। ਜਦ ਚੰਦਾ ਖੇਮੇ ਵਿਚੋਂ ਬਾਹਰ ਨਿਕਲੀ ਤੇ ਪੰਜ ਮੁਹਰਾ ਹੱਥ ਵਿਚ ਫੜੀਆਂ ਹੋਈਆਂ ਸਨ।
ਨੈਣ ਦਾ ਘਗਰਾ ਪੈਲਾਂ ਪਾਉਂਦਾ ਜਾ ਰਿਹਾ ਸੀ ਤੇ ਸਿਪਾਹੀਆਂ ਦੀ ਹਿਕ ਤੇ ਸੱਪ ਲੇਟ ਰਹੇ ਸਨ। ਚੰਦਾ ਨੇ ਆਰਸੀ ਵਿਚੋਂ ਆਪਣਾ ਮੂੰਹ ਵੇਖਿਆ ਤੇ ਮੁਸਕਰਾ ਪਈ। ਪੰਜਾਬੀ ਬਾਰਕਾਂ ਵਿਚ ਬਕਰੇ ਬੁਲਾਏ ਜਾ ਰਹੇ ਸਨ ਤੇ ਚੰਦਾ ਫੁੰਮਣੀਆਂ ਪਾ ਰਹੀ ਸੀ। ਚੰਦਾ ਇਕ ਆਰਸੀ ਸੀ, ਜ਼ਹਿਰ ਦੀ ਪੁੜੀ ਸੀ ਖੂਬਸੂਰਤ ਬਲਾ ਸੀ. ਚੰਦਾ ਕੀ ਸੀ? ਮੈਂ ਕੀ ਦਸਾ ਕੀ ਸੀ?