ਦੋ-ਧਾਰੀ ਤਲਵਾਰ
"ਬੀਬੀ ਤੂੰ ਹੁਣ ਤੱਕ ਆਪਣਾ ਮਨ ਬਣਾ ਲਿਆ ਹੋਣਾ ਏ ਤੇ ਆਪਣੇ ਫੈਸਲੇ ਤੇ ਪੁਜ ਚੁਕੀ ਹੋਵੇਗੀ, ਮੈਂ ਤੇਰਾ ਫੈਸਲਾ ਸੁਣਨ ਲਈ ਅਜ ਤੈਨੂੰ ਸਦਿਆ। ਮੈਂ ਚਾਹੁੰਦਾ ਹਾਂ ਕਿ ਤੂੰ ਹੁਣ ਆਪਣੇ ਅਸਲੀ ਵਾਰਸਾਂ ਕੋਲ ਪੁਜ ਜਾਏ। ਇਹ ਫੌਜ ਏ, ਏਥੇ ਭਾਂਤ ਭਾਂਤ ਦੀ ਲੱਕੜੀ ਏ, ਤੇਰਾ ਇਥੇ ਰਹਿਣਾ ਮੈਨੂੰ ਕੁਝ ਚੰਗਾ ਨਹੀਂ ਲਗਦਾ। ਮੈਨੂੰ ਤਿੰਨ ਦਿਨ ਰਾਤ ਨੀਂਦ ਨਹੀਂ ਆਈ। ਮੈਂ ਇਹ ਅਮਾਨਤ ਆਪਣੇ ਕੋਲ ਨਹੀਂ ਰਖ ਸਕਦਾ।" ਹਰੀ ਸਿੰਘ ਨਲੂਆ ਆਖ ਰਿਹਾ ਸੀ।
''ਤੇ ਫੇਰ ਮੈਂ ਕਿਥੇ ਜਾਵਾਂ?"
"ਆਪਣੇ ਮਾਪਿਆਂ ਦੇ ਘਰ ਜਾਂ ਸਹੁਰੇ। ਧੀਆਂ ਆਪਣੇ ਘਰ ਈ ਚੰਗੀਆਂ ਲਗਦੀਆਂ ਨੇ।"
'ਮੇਰਾ ਕੋਈ ਟਿਕਾਣਾ ਨਹੀਂ, ਮੈਂ ਤੇ ਏਥੇ ਈ ਰਹਿਣ ਦਾ ਪੱਕਾ ਫੈਸਲਾ ਕਰ ਲਿਆ ਏ। ਮੈਂ ਤੁਹਾਡੀ ਸੇਵਾ ਕਰਾਂਗੀ ਤੇ ਰੁਖਾ ਸੁਖਾ ਖਾ ਕੇ ਆਪਣੇ ਦਿਨਾਂ ਨੂੰ ਧੱਕਾ ਦਿਆਂਗੀ, ਹੁਣ ਤਾਂ ਮੈਂ ਇਥੇ ਹੀ ਰਹਿ ਕੇ ਆਪਣੇ ਵੀਰਾਂ ਨਾਲ, ਭਰਾਵਾਂ ਨਾਲ ਸਾਵੀਂ ਮੋਢੇ ਨਾਲ ਮੋਢਾ ਮੇਲ ਕੇ ਲੜਾਂਗੀ ਤੇ ਆਪਣੇ ਪੰਜਾਬ ਦੀਆਂ ਹੱਦਾਂ ਚੌੜੀਆਂ ਕਰਾਂਗੀ। ਕਲ੍ਹ ਤੋਂ ਤੁਸੀਂ ਵੀ ਮੈਨੂੰ ਪਹਿਚਾਨ ਨਾ ਸਕੋਗੇ। ਮੈਂ ਸਿੰਘ ਸੱਜ ਕੇ ਸਿੰਘਾਂ ਵਾਂਗੂੰ ਰਵਾਂਗੀ।"
'ਤੇਰਾ ਨਾਂ ਕੀ ਏ?'
'ਮੇਰਾ ਨਾਂ ਸ਼ਰਨ ਕੌਰ ਏ।
'ਅਛਾ ਜਾਹ ਬੇਟਾ।'
ਸ਼ਰਨ ਕੌਰ ਜਾਣ ਲਗੀ ਤਾਂ ਅਗੋਂ ਚੰਦ ਕੌਰਾ ਨੈਣ ਮਿਲ ਪਈ। ਆਖਣ ਲਗੀ ਮੈਂ ਸਰਦਾਰ ਹੋਰਾਂ ਕੋਲ ਚਲੀ ਹਾਂ।
'ਤੂੰ ਬੜੀ ਚੰਗੀ ਏਂ, ਭੈਣ।'
ਮੈਂ ਨਹੀਂ ਚੰਗੀ ਤੂੰ ਏਂ। ਤੇਰੇ ਕਰਮ ਚੰਗੇ ਹਨ। ਤੂੰ ਭਾਗਵਾਨ ਏ।'
'ਇਹ ਕੌਣ ਏ?' "ਦੂਰੋਂ ਆਵਾਜ਼ ਆਈ ਹਰੀ ਸਿੰਘ ਨਲੂਏ ਦੀ।"
ਇਹ ਉਹ ਨੈਣ ਏ, ਜਿਨ ਮੈਨੂੰ ਉਸ ਜਾਲ ਵਿਚੋਂ ਕਢਿਆ ਸੀ।'
'ਕਿਧਰ ਆਈ ਸੈ? ਕੀ ਏਧਰ ਵੀ ਕੋਈ ਪੋਟਲੀ ਦਬੀ ਹੋਈ ਏ?'