'ਨਹੀਂ ਹਜ਼ੂਰ! ਮੈਂ ਇਕ ਜਰੂਰੀ ਅਰਜ਼ ਕਰਨ ਆਈ ਸਾਂ। ਮੈਂ ਅਜ ਪਿਸ਼ੌਰ ਜਾ ਰਹੀ ਹਾਂ, ਹਜ਼ੂਰ ਮੈਂ ਕੁਝ ਅਰਜ਼ਾਂ ਕਰਨੀਆਂ ਨੇ' –ਚੰਦਾ ਦੀ ਆਵਾਜ਼ ਵਿਚ ਨਿਮ੍ਰਤਾ ਸੀ।
'ਏਨੀ ਭਾਜੜ ਕਾਹਦੀ ਏ? ਏਨੀ ਜਲਦੀ ਕੀ ਸੀ? ਪਿਸ਼ੌਰ ਚੱਲੀ ਏਂ ਜਾਂ ਮੌਕੇ ਮਦੀਨੇ?' ਨਲੂਏ ਦੇ ਬੋਲ ਉਭਰੇ।
'ਭਾਜੜ ਬਹੁਤ ਵੱਡੀ ਏ। ਮੈਨੂੰ ਖਾਸ ਬੰਦੇ ਤੋਂ ਪਤਾ ਲਗਾ ਏ. ਤੇ ਮੈਂ ਆਪ ਆਪਣੀ ਅੱਖੀਂ ਵੀ ਡਿਠਾ ਏ ਕੇ ਸ਼ਾਹੇ ਕਾਬਲ ਦੀਆਂ ਫੌਜਾਂ ਅਟਕ ਦੇ ਆਸੇ ਪਾਸੇ ਪੁੱਜ ਚੁਕੀਆਂ ਹਨ ਤੇ ਸ਼ਾਹ ਅੱਜ ਪਿਸ਼ੌਰੋਂ ਚੱਲ ਚੁਕਾ ਏ। ਹਮਲਾ ਇਕ ਦੋ ਦਿਨ ਵਿਚ ਹੋਣ ਵਾਲਾ ਏ। ਮੈਂ ਸਿਰਫ ਹਜੂਰ ਦੇ ਕੰਨੀ ਗਲ ਕੱਢਣ ਆਈ ਸਾਂ' -ਚੰਦਾ ਨੇ ਹੱਥ ਜੋੜੇ।
'ਸਰਦਾਰ ਜੀ! ਸ਼ਾਹ ਕਾਬਲ ਦੀਆਂ ਫੌਜਾਂ ਨਾਲ ਝੜਪ ਹੋ ਗਈ ਏ।'
'ਤੇ ਫੇਰ ਕੀ ਹੋ ਗਿਆ?'
'ਹੋਣਾ ਕੀ ਸੀ ਸਿੰਘਾ ਚੰਗੀ ਖੁੰਬ ਠੱਪੀ ਏ। ਝਾੜ ਝੰਬ ਕਰਾਉਣ ਤੋਂ ਪਿਛੋਂ ਜਦ ਚੰਗਾ ਮਕੂ ਠਪਿਆ ਗਿਆ, ਤੱਦ ਸ਼ਾਹ ਦਾ ਘੋੜਾ ਦੋਨਾਂ ਫੌਜਾਂ ਦੇ ਵਿਚ ਆਣ ਖਲੋਤਾ ਤੇ ਸ਼ਾਹ ਨੇ ਫੁਰਮਾਇਆ ਇਹ ਬੜੀ ਨਾਲਾਇਕੀ ਏ। ਅਸੀਂ ਲੜਨ ਨਹੀਂ ਆਏ। ਅਸੀਂ ਤਾਂ ਦੋਸਤੀ ਦਾ ਹੱਥ ਵਧਾਉਣ ਆਏ ਹਾਂ। ਫੌਜਾਂ ਥੰਮ੍ਹ ਗਈਆਂ ਤਲਵਾਰਾ ਰੁਕ ਗਈਆਂ ਫੌਜੀ ਜੁਆਨਾਂ ਦੀ ਆਵਾਜ਼ ਉਥੇ ਈ ਥੰਮ ਗਈ।
ਚੰਦਾ ਦੀ ਖਬਰ ਬਿਲਕੁਲ ਠੀਕ ਨਿਕਲੀ। ਜਸੂਸੀ ਦੇ ਕੰਮ ਵਿਚ ਚੰਦਾ ਖੂਬ ਮਾਹਰ ਏ। ਇਹਦੇ ਤੋਂ ਕੰਮ ਲੈਣਾ ਚਾਹੀਦਾ ਏ। ਕੁਝ ਆਦਤਾਂ ਤੋਂ ਮਜਬੂਰ ਏ। ਉਦਾ ਔਰਤ ਅਕਲਮੰਦ ਏ। ਅੱਛਾ ਦੀਵਾਨ ਮੋਹਕਮ ਚੰਦ ਨਾਲ ਵਿਚਾਰ ਕਰਾਂਗੇ। ਹਰੀ ਸਿੰਘ ਨਲੂਆ ਆਪਣੇ ਦਿਲ ਨਾਲ ਦਲੀਲਾਂ ਦੀ ਮਿਟੀ ਗੋ ਰਿਹਾ ਸੀ।
ਸਰਦਾਰ ਜੀ। ਦੀਵਾਨ ਸਾਹਿਬ ਆ ਰਹੇ ਹਨ ਤੇ ਉਨ੍ਹਾਂ ਨਾਲ ਸ਼ਹਿਨਸ਼ਾਹੇ ਕਾਬਲ ਮਹਿਮੂਦ ਸ਼ਾਹ ਏ।' ਸੇਵਾਦਾਰ ਨੇ ਅਰਜ਼ ਕੀਤੀ।
'ਅਛਾ ਤੁਸੀਂ ਚੱਲੇ ਤੇ ਮੈਂ ਆਪ ਸ਼ਾਹ ਦੀ ਅਗਵਾਈ ਲਈ ਜਾਂਦਾ ਹਾਂ। ਮੇਰੇ ਹਥਿਆਰ. ਮੇਰਾ ਘੋੜਾ, ਮੇਰੇ ਸ਼ਸਤਰ।'
ਤੋਪਾਂ ਦੀ ਗਰਜ਼ ਵਿਚ ਸ਼ਾਹ ਤੇ ਨਲੂਆ, ਸ਼ਾਮ ਸਿੰਘ ਆਟਾਰੀ ਵਾਲਾ, ਚਿਮਨੀ ਸਰਦਾਰ ਤੇ ਦੀਵਾਨ ਮੁਹਕਮ ਚੰਦ ਆਪਸ ਵਿਚ ਏਸ ਤਰ੍ਹਾਂ ਘੁਲ ਮਿਲ ਗਏ, ਜਿਸ ਤਰ੍ਹਾਂ ਖਿਚੜੀ ਵਿਚ ਘਿਉ।