ਇਕ ਚਿੱਠੀ
ਮੇਰੀ ਪਿਆਰੀ ਹਰਸ਼ਰਨ ਕੌਰ, ਸਤਿ ਸ੍ਰੀ ਅਕਾਲ।
ਮੈਂ ਇਹ ਚਿੱਠੀ ਕਸ਼ਮੀਰ ਤੋਂ ਲਿਖ ਰਹੀ ਹਾਂ, ਇਹ ਚਿੱਠੀ ਮੈਨੂੰ ਸਰਦਾਰ ਸਾਹਿਬ ਨੂੰ ਲਿਖਣੀ ਚਾਹੀਦੀ ਸੀ। ਮੈਂ ਏਸ ਵਾਸਤੇ ਨਹੀਂ ਲਿਖੀ ਕੀ ਮੈਂ ਸਰਕਾਰ ਹੋਰਾਂ ਨੂੰ ਖੁਲ੍ਹ ਕੇ ਚਿੱਠੀ ਨਾ ਲਿਖ ਸਕਾਂਗੀ। ਤੁਸੀਂ ਪੜ੍ਹ ਕੇ ਉਨ੍ਹਾਂ ਨੂੰ ਦੱਸ ਦੇਣਾ।
ਉਥੋਂ ਦੇ ਲੋਕ ਆਖਦੇ ਹਨ ਕਿ ਅਸਾਂ ਚੰਗੇਜ ਖਾਂ ਦੇ ਕੱਤਲੇਆਮ ਦੇ ਕਿੱਸੇ ਸੁਣੇ ਹਨ। ਤੈਮੂਰਲੰਗ ਕਿਸ ਤਰ੍ਹਾਂ ਸਿਰਾਂ ਦੇ ਮੀਨਾਰ ਉਸਾਰਿਆ ਕਰਦਾ ਸੀ। ਬਾਬਰ ਦੇ ਘੋੜਿਆਂ ਦੇ ਸੁੰਮਾ ਦਾ ਖੜਾਕ ਦੂਰੋਂ ਸੁਣਿਆ ਏ, ਪਰ ਵੇਖਿਆ ਨਹੀਂ।
ਨਾਦਰ ਸ਼ਾਹ ਦਾ ਕੱਤਲੇਆਮ ਲੋਕਾਂ ਦੇ ਮੂੰਹ ਤੇ ਚੜ੍ਹਿਆ ਹੋਇਆ ਏ। ਐਹਮਦ ਸ਼ਾਹ ਅਬਦਾਲੀ ਦਾ ਜ਼ੁਲਮ, ਜਿਹੜਾ ਸਿੱਖਾਂ ਦੇ ਜਥਿਆਂ ਤੇ ਕੀਤਾ ਗਿਆ। ਇਹ ਸਾਰੀਆਂ ਗੱਲਾਂ ਏਥੋਂ ਦੇ ਲੋਕੀਂ ਜਾਣਦੇ ਹਨ।
ਏਥੇ ਵੀ ਇਕ ਨਾਦਰਸ਼ਾਹ ਏ। ਜਿਹੜਾ ਕੱਤਲੇਆਮ ਨਹੀਂ ਕਰਦਾ, ਸਿਰਫ ਇਕ ਦਿਨ ਵਿਚ ਵੀਹ ਕੁ ਬੰਦੇ, ਜੇਹੜੇ ਉਹਦੀ ਫੌਜ ਦੇ ਅਫਸਰ ਫੜ ਕੇ ਲਿਆਉਂਦੇ ਹਨ, ਉਹ ਉਨ੍ਹਾਂ ਨਾਲ ਸਖਤ ਕਲਾਮੀ ਨਾਲ ਪੇਸ਼ ਨਹੀਂ ਆਉਂਦਾ, ਸਗੋਂ ਸ਼ਰਾਬ ਦੀ ਸਜੀ ਮਹਿਫਲ ਵਿਚ ਦਾਅਵਤ ਦੇਂਦਾ ਏ। ਬੜੇ ਪਿਆਰ ਨਾਲ ਗੱਲਾਂ ਕੀਤੀਆਂ ਜਾਂਦੀਆ ਹਨ। ਪਿਆਲੇ ਵਟਾ ਵਟਾ ਕੇ ਪੀਤੇ ਜਾਂਦੇ ਹਨ। ਜਦ ਬੰਦਾ ਨੱਸ਼ਈ ਹੋ ਜਾਂਦਾ ਏ, ਬੇ-ਫਿਕਰ ਬੰਦਾ ਸਭ ਕੁਝ ਭੁਲ ਜਾਂਦਾ ਏ, ਤਦ ਉਹ ਉਨ੍ਹਾਂ ਨੂੰ ਆਪਣੇ ਦੀਵਾਨਖਾਨੇ ਦੇ ਸਾਹਮਣੇ ਲਿਆ ਕੇ ਖੜਾ ਕਰ ਦਿੰਦਾ ਏ। ਸਿਰਫ ਵੀਹ ਫਾਹੀਆਂ ਦੀਵਾਨਖਾਨੇ ਦੇ ਸਾਹਮਣੇ ਗੱਡੀਆ ਹੋਈਆਂ ਹਨ। ਇਕ ਇਕ ਬੰਦਾ ਇਕ ਇਕ ਫਾਹੀ ਨਾਲ ਬੰਨ੍ਹ ਦਿਤਾ ਜਾਂਦਾ ਏ। ਬਲਿਓ ਪੈਰਾਂ ਵਿਚ ਰੱਸੇ ਪਾ ਕੇ ਜੂੜਿਆ ਜਾਂਦਾ ਏ, ਤੇ ਉਤੋਂ ਹੱਥ ਬੰਨ੍ਹ ਦਿਤੇ ਜਾਂਦੇ ਹਨ। ਏਧਰ ਸ਼ਰਾਬ ਦੇ ਗਲਾਸ ਉਛਲਦੇ ਹਨ। ਮੁਰਗੇ ਦੇ ਕਬਾਬ ਨੂੰ ਨਿਮਕ ਲਾਇਆ ਜਾਂਦਾ ਏ, ਤੇ ਉਨ੍ਹਾਂ ਬੰਦਿਆਂ ਦੇ ਪੈਰਾਂ ਵਿਚ ਚਨਾਰ ਦੇ ਕੋਲੇ ਮਘਾ ਦਿਤੇ ਜਾਂਦੇ ਹਨ। ਬਿਲਕੁਲ ਮੁਰਗੇ ਵਾਂਗੂ ਬੰਦਿਆਂ ਦਾ ਕਬਾਬ ਬਣਾਇਆ ਜਾਂਦਾ ਏ। ਜਦ ਬੰਦੇ ਤੜਫਦੇ ਹਨ ਤਾਂ ਹਾਕਮ ਹਸ ਹਸ ਕੇ ਦੋਹਰਾ ਤੇਹਰਾ ਹੁੰਦਾ ਏ, ਤੇ ਫੇਰ ਉਨ੍ਹਾਂ ਦੇ ਸਿਰ ਵੱਢ ਕੇ ਚੌਕ ਵਿਚ ਲਟਕਾ ਦਿਤੇ ਜਾਂਦੇ ਹਨ। ਇਹ ਤੇ ਇਕ ਗੱਲ ਏ ਇਹੋ ਜਹੀਆਂ ਹੋਰ ਵੀ ਬਹੁਤ ਹਨ, ਮੈਂ ਕਿਹੜੀ ਕਿਹੜੀ ਲਿਖਾਂ।