'ਅੱਛਾ ਚੰਦਾ ਆਹ ਫੜ ਸ਼ਾਹ ਦੇ ਕਮਰੇ ਦੀ ਚਾਬੀ ਤੇ ਮੈਂ ਜ਼ਰਾ ਕੁ ਜ਼ੈਨਬ ਦੀ ਖੁਸ਼ਬੂ ਸੁੰਘ ਆਵਾਂ।" ਕਹਿ ਕੇ ਜ਼ੁਲਫਕਾਰ ਅਲੀ ਚਲਾ ਗਿਆ। ਹੁਣ ਚੰਦਾ ਦੀਆਂ ਪੌਂ ਬਾਰਾਂ ਸਨ।
ਉਸਨੇ ਸ਼ਹਿਨ ਸ਼ਾਹ ਨੂੰ ਜਾ ਕੇ ਸਲਾਮ ਅਰਜ਼ ਕੀਤੀ ਅਤੇ ਸ਼ਾਹ ਦੇ ਪੁੱਛਣ ਤੇ ਉਸ ਦਸਿਆ, 'ਮੈਂ ਚੰਦਾ ਹਾਂ, ਪਿਸ਼ੌਰ ਤੋਂ ਆਈ ਹਾਂ, ਲਾਹੌਰ ਜਾ ਰਹੀ ਹਾਂ। ਅਟਕ ਵਿਚ ਸ਼ਾਹ ਬੇਗਮ ਨਾਲ ਜਰਾ ਕੁ ਜ਼ਬਾਨ ਸਾਂਝੀ ਹੋਈ ਸੀ। ਸ਼ਾਹ ਬੇਗਮ ਤੇ ਸ਼ਾਹ ਜ਼ਮਾਨ ਲਾਹੌਰ ਪੁਜ ਗਏ ਹਨ। ਮਹਾਰਾਜ ਨੇ ਉਨ੍ਹਾਂ ਨੂੰ ਮੁਬਾਰਕ ਹਵੇਲੀ ਵਿਚ ਉਤਾਰਾ ਦੇ ਦਿੱਤਾ ਏ। ਮੈਂ ਫਿਰ ਇਕ ਵਾਰ ਲਾਹੌਰ ਗਈ ਸਾਂ, ਤੇ ਸ਼ਾਹ ਬੇਗਮ ਨੂੰ ਮੈਂ ਦੱਸਿਆ ਸੀ ਕਿ ਮੈਂ ਕਸ਼ਮੀਰ ਚੱਲੀ ਹਾਂ। ਉਨ੍ਹਾਂ ਮੈਨੂੰ ਕਿਹਾ ਸੀ ਕਿ ਮੈਂ ਅਤਾ ਮੁਹੰਮਦ ਦੀ ਕੈਦ ਵਿਚ ਕਿਸੇ ਤਰ੍ਹਾਂ ਤੁਹਾਨੂੰ ਮਿਲਕੇ ਖ਼ਬਰ ਲਿਆਵਾਂ।
'ਚੰਗਾ ਭਈ ਅਸਾਂ ਕੀ ਸਿਨੇਹਾ ਦੇਣਾ ਏ, ਕਿਸਮਤ ਹੋਈ ਤੇ ਮੁਲਾਕਾਤ ਹੋਵੇਗੀ, ਜਿਸ ਹਾਲ ਵਿਚ ਹਾਂ, ਤੂੰ ਦੇਖ ਹੀ ਰਹੀ ਏਂ।' ਸ਼ਾਹ ਨੇ ਠੰਡਾ ਹੋਂਕਾ ਭਰਿਆ
'ਸ਼ਹਿਨਸ਼ਾਹ ਪੈਗਾਮ ਤੇ ਮੈਂ ਲੈ ਜਾਵਾਂਗੀ, ਪਰ ਬੇਗਮ ਨੂੰ ਵਿਸ਼ਵਾਸ਼ ਕਿਦਾਂ ਆਊ?' ਬੈਲ ਚੰਦਾ ਦੇ ਸਨ। ਉਹ ਫਿਰ ਬੋਲੀ ਮੈਨੂੰ ਤੇ ਹੀਰਾ ਇਨਾਮ ਵਿਚ ਚਾਹੀਦਾ ਹੈ।
'ਅੱਛਾ ਮੇਰਾ ਮੋਹਰ ਵਾਲਾ ਕਾਗਜ਼ ਲੈ ਜਾ, ਤੇ ਅਟਕ ਜਾ ਕੇ ਮੰਡੀ ਚਲੀ ਜਾਵੀਂ ਅਨਾਜ ਦੀ, ਅਫ਼ਜ਼ਲ ਬੇਗ ਦਾ ਨਾਂ ਪੁੱਛ ਲਵੀਂ, ਮੋਹਰ ਵਾਲਾ ਕਾਗਜ਼ ਵਿਖਾ ਦੇਵੀਂ ਤੇ ਫਿਰ ਮਗਰੋਂ ਹੱਥ ਜੋੜ ਦੇਵੀਂ, ਬੱਸ ਏਨੇਂ ਵਿਚ ਈ ਉਹ ਸਭ ਕੁਝ ਸਮਝ ਜਾਵੇਗਾ।' ਸ਼ਾਹ ਸੂਜਾ ਦੇ ਬੋਲ ਸਨ।
ਚੰਦਾ ਬਾਹਰ ਆਈ ਦਰਵਾਜ਼ਾ ਬੰਦ ਕੀਤਾ। ਚੰਦਾ ਆਪਣੀ ਜਗ੍ਹਾ ਤੇ ਆਣ ਬੈਠੀ ਮੁਸਕਰਾ ਰਹੀ ਸੀ। ਜ਼ੁਲਫਕਾਰ ਪਹਿਲਾਂ ਨਿਕਲ ਆਇਆ। ਜ਼ੁਲਫਕਾਰ ਖੁਸ਼ ਸੀ ਖਿੜਿਆ ਖਿੜਿਆ। ਜ਼ੈਨਬ ਨੂੰ ਸ਼ਾਹੀ ਪਾਲਕੀ 'ਚ ਬਿਠਾ ਕੇ ਲੈ ਗਈ ਚੰਦਾ। ਜ਼ੈਨਬ ਤੇ ਚੰਦਾ ਬਾਰੇ ਨਵਾਬ ਨੂੰ ਕਿਤੇ ਸ਼ੱਕ ਵੀ ਨਹੀਂ ਪੈ ਸਕਦਾ।
ਅੱਧੀ ਰਾਤੀਂ ਕੋਸ਼ਬ ਕਿਤੇ ਘਰ ਪਰਤੀ ਜੈਨਬ ਖੁਸ਼ ਸੀ ਚੰਦਾ ਦਾ ਚਿਹਰਾ ਦਗ ਦਗ ਕਰ ਰਿਹਾ ਸੀ। ਤਾਰਿਆਂ ਦੀ ਛਾਵੇਂ ਛਾਵੇਂ ਜ਼ੈਨਬ ਨੂੰ ਘਰ ਛੱਡ ਆਈਆਂ ਦੋਵੇਂ ਜਣੀਆਂ।
'ਇਕ ਤੀਰ ਨਾਲ ਦੋ ਨਿਸ਼ਾਨੇ ਫੁੰਡੇ ਗਏ ਨੇ।' ਕੇਸ਼ਬ ਆਖਣ ਲੱਗੀ।
'ਕੋਸ਼ਬ ਮੈਂ ਚਾਹੁੰਦੀ ਹਾਂ ਕਿ ਇਕ ਵਾਰ ਲਾਹੌਰ ਤੋਂ ਹੋ ਆਵਾਂ, ਮੈਂ ਗੰਢ ਤੁਪ ਕਰਨਾ ਚਾਹੁੰਦੀ ਹਾਂ। ਜੇ ਗਲ ਬਣ ਗਈ ਕੋਸ਼ਬ ਤਾਂ ਤੇਰੇ ਦਿਲ ਦੀਆਂ ਮੁਰਾਦਾਂ ਪੂਰੀਆਂ ਹੋਣਗੀਆਂ ਮੈਂ ਤੈਨੂੰ ਮਲਕਾ ਦੇ ਰੂਪ ਵਿਚ ਵੇਖਣਾ ਚਾਹੁੰਦੀ ਹਾਂ। ਗੱਲਾਂ ਕਰਦੀਆਂ ਕਰਦੀਆਂ ਦੋਵੇਂ ਸੌਂ ਗਈਆਂ।