ਬਹਿਰਾਮ ਗੱਲਾ
ਇਕ ਪਾਸੇ ਫੌਜਾਂ ਦਾ ਧੜਾ ਸੀ ਜਿਸ ਨੂੰ ਕਸ਼ਮੀਰ ਵਾਲੇ ਗਲੇਫੀ ਫੌਜ ਆਖਦੇ ਸਨ। ਫ਼ਤਹਿ ਮੁਹੰਮਦ ਖਾਂ ਸੂਬੇਦਾਰ ਪਿਸ਼ੌਰ। ਸ਼ਹਿਨ-ਸ਼ਾਹੇ ਕਾਬਲ ਦਾ ਕਰਤਾ ਧਰਤਾ ਮਹਿਮੂਦ ਸ਼ਾਹ ਦਾ ਮਨਜੂਰੇ-ਨਜ਼ਰ ਅਹਿਲਕਾਰ, ਖੁਦ-ਮੁਖਤਿਆਰ ਸਿਪਾ-ਸਾਲਾਰ ਤੇ ਉਹਦੇ ਨਾਲ ਦੀਵਾਨ ਮੋਹਕਮ ਚੰਦ ਤੇ ਮਿਸਰ ਦੀਵਾਨ ਚੰਦ ਸਿੱਖ ਫੌਜਾ ਦੇ ਜਾਣੇ ਪਹਿਚਾਣੇ ਸ਼ਾਹ ਜ਼ੋਰ ਜਰਨੈਲ।
ਹਰੀ ਸਿੰਘ ਨਲੂਆ ਤੇ ਸ਼ਾਮ ਸਿੰਘ ਅਟਾਰੀ ਵਾਲਾ ਖੜਕ ਸਿੰਘ ਵਲੀਅਹਿਦ ਤੇ ਅਕਾਲੀ ਫੂਲਾ ਸਿੰਘ ਤੇ ਸੋਨੇ ਤੇ ਸੁਹਾਗਾ ਇਹ ਵੀ ਸੀ ਕਿ ਅੱਗ ਦੇ ਪੈਗੰਬਰ ਗੈਸ ਖਾਂ ਤੇ ਹੁਕਮਾ ਸਿੰਘ ਚਿਮਨੀ ਜੰਮ ਕੇ ਡਟੇ ਹੋਏ ਸਨ। ਇਕ ਧੜਾ ਇਹ ਵੀ ਸੀ।
ਮੁਕਾਬਲੇ ਵਿਚ ਅਤਾ ਮੁਹੰਮਦ ਖਾਂ ਕਸ਼ਮੀਰ ਦਾ ਵਾਲੀ ਅਤੇ ਅਟਕ ਵਿਚ ਬੈਠਾ ਉਸ ਦਾ ਭਰਾ ਜਹਾਂਦਾਦ ਖਾਂ ਉਨ੍ਹਾਂ ਦੀ ਪਿਠ ਪੂਰ ਰਿਹਾ ਸੀ। ਤੇ ਨਾਲ ਨਵਾਬ ਜਾਬਰ ਖਾਂ ਗਵਰਨਰ ਕਸ਼ਮੀਰ ਤੇ ਜਬਰਦਸਤ ਖਾਂ ਦੀਆਂ ਫੌਜਾਂ ਡੇਰੇ ਲਾਈ ਬੈਠੀਆਂ ਸਨ। ਅਤਾ ਮੁਹੰਮਦ ਖਾਂ ਦੇ ਭਰਾ ਭਤੀਜੇ ਮੋਰਚੇ ਸਾਂਭੀ ਆਪਣੀ ਦੁੱਖ ਵਿਖਾ ਰਹੇ ਸਨ। ਮੈਦਾਨ ਭਖਿਆ ਹੋਇਆ ਸੀ। ਮੈਦਾਨੇ ਜੰਗ ਦਾ ਅਖਾੜਾ ਬਹਿਰਾਮ ਗੱਲਾ ਬਣਨ ਵਾਲਾ ਸੀ। ਬਹਿਰਾਮ ਗੱਲਾ ਜਿਹੜਾ ਤਿੰਨਾਂ ਪਹਾੜੀਆਂ ਦੀ ਵਾਦੀ ਵਿਚ ਘਿਰਿਆ ਹੋਇਆ ਪਿੰਡ ਸੀ, ਕਸ਼ਮੀਰੀ ਇਸ ਨੂੰ ਕਸ਼ਮੀਰ ਦੀ ਖਿੜਕੀ ਆਖਦੇ ਸਨ। ਬਹਿਰਾਮ ਗੱਲਾ ਜਿਤਿਆ ਗਿਆ ਤੇ ਸਮਝੋ ਕਸ਼ਮੀਰ ਦਾ ਰਾਹ ਖੁਲ੍ਹ ਗਿਆ।
'ਅੱਠ ਹਜ਼ਾਰ ਦੋ ਫੁਟ ਦੀ ਬੁਲੰਦੀ ਤੇ ਬਹਿਰਾਮ ਕਿਲ੍ਹੇ ਚ ਫਰਿਸ਼ਤੇ ਵੱਸਦੇ ਹਨ ਤੇ ਅਸੀਂ ਹੁਣ ਉਹਨਾਂ ਫਰਿਸ਼ਤਿਆ ਵਿਚ ਬੈਠੇ ਹਾਂ। ਇਥੋਂ ਈ ਕਸ਼ਮੀਰ ਦੀ ਜੰਨਤ ਦਾ ਮੁਢ ਬੱਝਣੈ।' ਹਰੀ ਸਿੰਘ ਨਲੂਆ ਆਖ ਰਿਹਾ ਸੀ।
ਕਿਲਾ ਸ਼ਿਕਨ ਤੋਪ ਪਹਾੜ ਦੀ ਟੀਸੀ ਤੇ ਚੜ ਚੁਕੀ ਸੀ। ਦਰਸ਼ਨੀ ਪਹਿਲਵਾਨ ਫੌਜਾਂ ਨੂੰ ਵੇਖ ਰਿਹਾ ਸੀ ਤੇ ਫੌਜਾਂ ਉਸਦਾ ਨਜ਼ਾਰਾ ਕਰ ਰਹੀਆਂ ਸਨ। ਸ਼ਾਹੀ ਫੌਜ ਦਾ ਪਹਿਲਾ ਗੋਲਾ ਛੁਟਿਆ ਤੇ ਸਾਰੀ ਫੌਜ ਹਰਕਤ 'ਚ ਆ ਗਈ। ਸਾਮਣੇ ਵਾਲਿਆਂ ਨੂੰ ਪਿਸੂ ਪੈ ਗਏ। ਜਾਨ ਦੇ ਲਾਲੇ ਪਏ. ਪਾਲਾ ਪੈ ਗਿਆ ਜਾਨ ਦਾ ਤਰੇਲੀਆ ਆਉਣ ਲੱਗ ਪਈਆਂ। ਬਿਲਕੁਲ ਉਸੇ ਤਰ੍ਹਾ ਜਿੰਦਾਂ ਭੇਡਾ ਦੇ ਇਜੜ ਵਿਚ ਬਘਿਆੜ ਆਣ ਵੜਨ।