ਦੀਵਾਨ ਮੋਹਕਮ ਚੰਦ, ਅਕਾਲੀ ਫੂਲਾ ਸਿੰਘ, ਸ਼ਾਮ ਸਿੰਘ ਅਟਾਰੀ ਵਾਲਾ ਹਰਨਾਂ ਦੇ ਸਿੰਙੀ ਚੜ੍ਹ ਕੇ ਭਜ ਗਏ।
ਗੈਸ ਖਾਂ ਤੇ ਹੁਕਮਾ ਸਿੰਘ ਚਿਮਨੀ ਤੋਪਾਂ ਛਡ ਕੇ ਰਫੂ ਚੱਕਰ ਹੋ ਗਏ। ਸ਼ੇਰ ਗੜ੍ਹ ਦੀ ਘਾਟੀ ਵਿਚ ਮੁਰਦੇ ਈ ਮੁਰਦੇ ਸਨ ਤੇ ਹਰੀ ਸਿੰਘ ਨਲੂਆ ਕੱਲਾ ਚਿੱਟਾ ਕਪੜਾ ਹਿਲਾ ਰਿਹਾ ਸੀ।
ਅਤਾ ਮੁਹੰਮਦ ਖਾਂ ਨੇ ਦੂਰੇ ਵੇਖਿਆ ਕਿ ਸਾਰੀ ਫੌਜ ਭੱਜ ਗਈ ਏ ਤੇ ਬਾਕੀ ਤੋਪਾਂ ਨੇ ਭੁੰਨ ਸੁੱਟੀ ਏ. ਉਸ ਖੁਸ਼ੀ ਵਿਚ ਆ ਕੇ ਫ਼ਤਹਿ ਦੀ ਨੌਬਤ ਵਜਾ ਦਿਤੀ ਘਾਟੀ 'ਚ ਅਲ੍ਹਾ ਹੂ ਅਕਬਰ ਗੂੰਜ ਉਠਿਆ।
ਅਤਾ ਮੁਹੰਮਦ ਖਾਂ ਤੇ ਹੋਰ ਸੂਰਮੇ ਭਰਾ ਭਤੀਜੇ ਯਾਰ, ਦੋਸਤ, ਜਿਨ੍ਹਾਂ ਅਜੇ ਤਲਵਾਰਾਂ ਨੂੰ ਹਵਾ ਵੀ ਲਵਾ ਕੇ ਨਹੀਂ ਸੀ ਵੇਖੀ, ਉਹ ਵੀ ਪੱਟਾਂ ਤੇ ਹਥ ਮਾਰਦੇ ਮੈਦਾਨ 'ਚ ਆ ਗਏ। ਹਰੀ ਸਿੰਘ ਨਲੂਆ ਬਹੁਤ ਦੂਰ ਸੀ। ਇਉਂ ਜਾਪਦਾ ਸੀ ਜਿਵੇਂ ਭੱਜ ਕੇ ਖਲੋਤਾ ਹੋਵੇ।
ਛੜ ਲਓ ਇਸ ਛੋਕਰੇ ਨੂੰ। ਅਤਾ ਮੁਹੰਮਦ ਦੀ ਅਵਾਜ਼ ਵਿਚ ਗਰਜ ਸੀ। ਪਰ ਜੇ ਦੋ ਹੱਥ ਅਜਮਾ ਲਏ ਤੇ ਕੀ ਸਲਾਹ ਏ ਖਾ ਸਾਹਿਬ ਹਰੀ ਸਿੰਘ ਨਲੂਆ ਬੋਲਿਆ।
ਦੋਵੇਂ ਤਲਵਾਰਾਂ ਭਿੜੀਆਂ. ਅੱਗ ਨਿਕਲੀ। ਤਲਵਾਰ, ਤਲਵਾਰ ਤੇ ਵੱਜੇ ਤੇ ਇਓਂ ਜਾਪੇ ਜਿਦਾਂ ਐਰਨ ਤੇ ਵਦਾਨ ਵਜਦੈ। ਸਾਰਿਆਂ ਗਾਜ਼ੀਆਂ ਘੇਰਾ ਪਾ ਲਿਆ। ਨਲੂਆ ਘਬਰਾਇਆ ਨਹੀਂ।
ਬੋਲੇ ਸੋ ਨਿਹਾਲ। ਹਰੀ ਸਿੰਘ ਨਲੂਏ ਨੇ ਜੈਕਾਰਾ ਛੱਡਿਆ।
ਸੱਤ ਸ੍ਰੀ ਅਕਾਲ। ਚਾਰ ਚੁਫੇਰਿਉਂ ਫ਼ੌਜਾਂ ਕਿਥੇ ਆ ਗਈਆ ਮੁਰਦੇ ਵੀ ਉਠ ਖਲੋਤੇ। ਮੁਰਦੇ ਘਟ ਸਨ ਬਹੁਤੇ ਤੇ ਮੁਰਦਿਆਂ ਨਾਲ ਈ ਮੁਰਦੇ ਬਣਕੇ ਲੇਟ ਗਏ ਸਨ।
ਅਤਾ ਮੁਹੰਮਦ ਖਾਂ ਦੀਆਂ ਅੱਖਾ ਤਾੜੇ ਲੱਗ ਗਈਆ।
'ਐਡਾ ਫਰੇਬ, ਸੁੱਧਾ ਧੋਖਾ, ਵੇਖਿਆ ਕੁਝ ਤੇ ਨਿਕਲਿਆ ਕੁਝ। ਅਤਾ ਮੁਹੰਮਦ ਖਾਂ ਬੋਲਿਆ।
ਇਹ ਸਭ ਕੁਝ ਕਸ਼ਮੀਰ ਦੀ ਧਰਤੀ ਵਿਚੋਂ ਸਿਖਿਆ ਏ।'